ਜੀ ਐਸ ਪੰਨੂ
- ਸਾਡੇ ਬਹਾਦਰ ਸ਼ਹੀਦਾਂ ਦੀ ਕੁਰਬਾਨੀ ਅਜਾਂਈ ਨਹੀਂ ਜਾਵੇਗੀ-ਪਰਨੀਤ ਕੌਰ
ਸੀਲ (ਪਟਿਆਲਾ), 17 ਜੂਨ 2020 - ਪਟਿਆਲਾ ਜ਼ਿਲ੍ਹੇ ਦੇ ਹਲਕਾ ਘਨੌਰ ਦੇ ਪਿੰਡ ਸੀਲ ਦਾ ਵਸਨੀਕ ਅਤੇ ਭਾਰਤੀ ਫ਼ੌਜ ਦਾ ਜਵਾਨ ਨਾਇਬ ਸੂਬੇਦਾਰ ਮਨਦੀਪ ਸਿੰਘ ਵੀ ਉਨ੍ਹਾਂ ਬਹਾਦਰ ਸ਼ਹੀਦਾਂ 'ਚ ਸ਼ਾਮਲ ਹੈ, ਜਿਹੜੇ ਭਾਰਤ-ਚੀਨ ਸਰਹੱਦ 'ਤੇ ਗਲਵਾਨ ਘਾਟੀ ਵਿਖੇ ਗੁਆਂਢੀ ਮੁਲਕ ਚੀਨ ਦੀ ਫ਼ੌਜ ਨਾਲ ਹੋਈ ਮੁੱਠਭੇੜ 'ਚ ਸ਼ਹੀਦ ਹੋਏ ਹਨ। ਜਿਊਂ ਹੀ ਨਾਇਬ ਸੂਬੇਦਾਰ ਮਨਦੀਪ ਸਿੰਘ ਦੀ ਸ਼ਹਾਦਤ ਵਾਲੀ ਖ਼ਬਰ ਪਿੰਡ ਸੀਲ ਪੁੱਜੀ, ਉਸੇ ਵੇਲੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ।
ਸ਼ਹੀਦ ਦੀ 65 ਸਾਲਾ ਮਾਤਾ ਸ੍ਰੀਮਤੀ ਸ਼ਕੁੰਤਲਾ ਨੇ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਕਿਹਾ ਕਿ ਉਸ ਦਾ ਪੁੱਤਰ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ ਅਤੇ ਉਸਦੇ ਬੁਢਾਪੇ ਦਾ ਸਹਾਰਾ ਆਪਣੀ ਜਾਨ ਦੇਸ਼ ਦੇ ਲੇਖੇ ਲਾ ਗਿਆ ਹੈ। ਸ਼ਹੀਦ ਦੀ ਸੁਪਤਨੀ ਸ੍ਰੀਮਤੀ ਗੁਰਦੀਪ ਕੌਰ ਨੇ ਰੋਂਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਉਸਦੀ ਮਨਦੀਪ ਸਿੰਘ ਨਾਲ ਗੱਲ ਹੋਈ ਸੀ ਪਰੰਤੂ ਹੁਣ ਉਥੇ ਸੰਪਰਕ ਸਾਧਨ ਨਾ ਹੋਣ ਕਰਕੇ ਗੱਲ ਨਹੀਂ ਸੀ ਹੋ ਸਕੀ ਅਤੇ ਅੱਜ ਉਨ੍ਹਾਂ ਦੀ ਸ਼ਹਾਦਤ ਦੀ ਖ਼ਬਰ 'ਤੇ ਉਸਨੂੰ ਰੱਤੀ ਭਰ ਵੀ ਯਕੀਨ ਨਹੀਂ ਹੋ ਰਿਹਾ। ਜਦੋਂਕਿ ਸ਼ਹੀਦ ਦੇ ਦੋਵੇਂ ਬੱਚਿਆਂ 12 ਸਾਲਾ ਲੜਕਾ ਜੋਬਨਪ੍ਰੀਤ ਸਿੰਘ ਅਤੇ 15 ਸਾਲਾ ਲੜਕੀ ਮਹਿਕਪ੍ਰੀਤ ਕੌਰ ਤੋਂ ਰੋਂਦੇ ਹੋਏ ਆਵਾਜ਼ ਵੀ ਨਹੀਂ ਸੀ ਨਿੱਕਲ ਰਹੀ।
ਇਸੇ ਦੌਰਾਨ ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਕਿਹਾ ਹੈ ਕਿ ਸਾਡੇ ਬਹਾਦਰ ਸ਼ਹੀਦਾਂ ਦੀ ਸ਼ਹਾਦਤ ਅਜਾਂਈਂ ਨਹੀਂ ਜਾਵੇਗੀ ਅਤੇ ਇਸ ਦੁੱਖ ਦੀ ਘੜੀ 'ਚ ਉਹ ਖ਼ੁਦ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਸਮੇਤ ਸਾਰਾ ਪੰਜਾਬ ਤੇ ਦੇਸ਼ ਸ਼ਹੀਦਾਂ ਦੇ ਪਰਿਵਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।
20 ਮਾਰਚ 1980 'ਚ ਮਾਤਾ ਸ਼ਕੁੰਤਲਾ ਅਤੇ ਪਿਤਾ ਸਵਰਗੀ ਲਛਮਣ ਸਿੰਘ ਦੇ ਘਰ ਜਨਮਿਆਂ ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ 24 ਦਸੰਬਰ 1997 ਨੂੰ ਭਾਰਤੀ ਫ਼ੌਜ 'ਚ ਭਰਤੀ ਹੋਇਆ ਸੀ ਅਤੇ ਉਹ ਬਹੁਤ ਹੀ ਮਿਲਣਸਾਰ ਅਤੇ ਨੇਕ ਸੁਭਾਅ ਦਾ ਮਾਲਕ ਸੀ। ਉਹ ਕੋਵਿਡ-19 ਦੇ ਲਾਕਡਾਊਨ ਕਰਕੇ ਕੁਝ ਦਿਨ ਪਹਿਲਾਂ ਹੀ ਛੁੱਟੀ ਕੱਟਕੇ ਵਾਪਸ ਲੇਹ ਲਦਾਖ ਨਿਮੋ ਵਿਖੇ ਆਪਣੀ ਤਾਇਨਾਤ ਯੂਨਿਟ 3 ਆਰਟਲਰੀ ਮੀਡੀਅਮ 'ਚ ਗਿਆ ਸੀ। ਮਿਹਨਤੀ ਸੁਭਾਅ ਦਾ ਮਾਲਕ ਮਨਦੀਪ ਸਿੰਘ ਆਪਣੀ ਯੂਨਿਟ 'ਚ ਗੰਨਰ ਇੰਸਟ੍ਰਕਟਰ (ਏ.ਆਈ.ਜੀ.) ਸੀ।
ਇਸੇ ਦੌਰਾਨ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਸਾਧੂ ਸਿੰਘ ਧਰਮਸੋਤ ਨੇ ਵੀ ਸ਼ਹੀਦ ਮਨਦੀਪ ਸਿੰਘ ਦੀ ਸ਼ਹਾਦਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਦੋਂਕਿ ਹਲਕਾ ਰਾਜਪੁਰਾ ਦੇ ਵਿਧਾਇਕ. ਹਰਦਿਆਲ ਸਿੰਘ ਕੰਬੋਜ ਅਤੇ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ ਅਤੇ ਸ਼ਹੀਦ ਦੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਇਸ ਦੁੱਖ ਦੀ ਘੜੀ 'ਚ ਉਹ ਪਰਿਵਾਰ ਨਾਲ ਖੜ੍ਹੇ ਹਨ। ਮੈਂਬਰ ਜ਼ਿਲ੍ਹਾ ਪ੍ਰੀਸ਼ਦ ਗਗਨਦੀਪ ਸਿੰਘ ਜੌਲੀ ਜਲਾਲਪੁਰ ਨੇ ਪਰਿਵਾਰ ਨਾਲ ਮੁਲਾਕਾਤ ਕਰਦੇ ਦੁੱਖ ਵੰਡਾਇਆ।
ਸ਼ਹੀਦ ਦੇ ਪਰਿਵਾਰ ਨੂੰ ਧਰਵਾਸ ਦੇਣ ਪੁੱਜੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਦੇ ਪਰਿਵਾਰ ਦੇ ਦੁੱਖ 'ਚ ਸ਼ਰੀਕ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਡੀ.ਐਮ. ਰਾਜਪੁਰਾ ਖੁਸ਼ਦਿਲ ਸਿੰਘ, ਡੀ.ਐਸ.ਪੀ. ਘਨੌਰ ਮਨਪ੍ਰੀਤ ਸਿੰਘ ਤੇ ਤਹਿਸੀਲਦਾਰ ਹਰਸਿਮਰਨ ਸਿੰਘ ਸਮੇਤ ਹੋਰ ਉਚ ਅਧਿਕਾਰੀਆਂ ਨੇ ਵੀ ਦੁਖੀ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਵੰਡਾਇਆ।
ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਉਹ ਭਾਰਤੀ ਫ਼ੌਜ ਨਾਲ ਰਾਬਤਾ ਕਰ ਰਹੇ ਹਨ ਅਤੇ ਉਸਦੀ ਮ੍ਰਿਤਕ ਦੇਹ ਦੇ ਪਿੰਡ ਸੀਲ ਪਹੁੰਚਣ 'ਤੇ ਸ਼ਹੀਦ ਦੀ ਮ੍ਰਿਤਕ ਦੇਹ ਦਾ ਸਰਕਾਰੀ ਮਾਣ-ਸਨਮਾਨ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ। ਇਸ ਮੌਕੇ ਸ਼ਹੀਦ ਦੇ ਚਚੇਰੇ ਭਰਾ, ਕੈਪਟਨ (ਰਿਟਾ.) ਨਿਰਮਲ ਸਿੰਘ, ਜੋ ਕਿ 30 ਅਪ੍ਰੈਲ ਨੂੰ ਹੀ ਸੇਵਾ ਮੁਕਤ ਹੋ ਕੇ ਚੀਨ ਦੀ ਸਰਹੱਦ ਤੋਂ ਸ਼ਹੀਦ ਮਨਦੀਪ ਸਿੰਘ ਕੋਲੋਂ ਵਾਪਸ ਪਰਤੇ ਹਨ, ਨੇ ਕਿਹਾ ਕਿ ਚੀਨ ਦੀ ਸਰਹੱਦ 'ਤੇ ਨਾਜੁਕ ਹਾਲਾਤ 'ਚ ਵੀ ਸਾਡੇ ਜਵਾਨ ਪੂਰੀ ਦਲੇਰੀ ਨਾਲ ਸੇਵਾ ਨਿਭਾ ਰਹੇ ਹਨ। ਪਤਾ ਲਗਾ ਹੈ ਕਿ ਪੰਜਾਬ ਸਰਕਾਰ ਨੇ ਅਗਲੇ ਵਾਰਿਸ ਨੂੰ ਨੌਕਰੀ ਦੀ ਤਜਵੀਜ਼ ਰੱਖੀ ਹੈ।