ਕ੍ਰਾਈਸਟਚਰਚ, 15 ਮਾਰਚ 2019 - ਨਿਊਜ਼ੀਲੈਂਡ 'ਚ ਦੋ ਮਸਜਿਦਾਂ ਵਿੱਚ ਹਈ ਫਾਇਰਿੰਗ ਦੀਆਂ ਘਟਨਾਵਾਂ ਦੌਰਾਨ 49 ਵਿਅਕਤੀਆਂ ਦੇ ਮਾਰੇ ਜਾਣ ਅਤੇ 20 ਹੋਰਨਾਂ ਦੇ ਬੁਰੀ ਤਰ੍ਹਾਂ ਜ਼ਖ਼ਮੀ ਹੋਣ ਦੀ ਖ਼ਬਰ ਸੀ। ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ਤੋਂ ਬਾਅਦ ਭਾਰਤੀ ਮੂਲ ਦੇ 9 ਵਿਅਕਤੀਆਂ ਦਾ ਕੋਈ ਅਤਾ ਪਤਾ ਨਹੀਂ ਹੈ। ਇਹ ਜਾਣਕਾਰੀ ਨਿਊਜ਼ੀਲੈਂਡ ਵਿੱਚ ਭਾਰਤੀ ਦੂਤ ਸੰਜੀਵ ਕੋਹਲੀ ਨੇ ਇੱਕ ਟਵੀਟ ਰਾਹੀਂ ਦਿੱਤੀ।
ਜਾਣਾਕਰੀ ਮੁਤਾਬਕ ਲਾਪਤਾ ਭਾਰਤੀਆਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਨਿਊਜ਼ੀਲੈਂਡ 'ਚ ਭਾਰਤੀ ਹਾਈ ਕਮਿਸ਼ਨ ਨਾਲ ਸੰਪਰਕ ਕੀਤਾ ਹੈ। 9 ਲਾਪਤਾ ਲੋਕਾਂ ਦੀ ਸੂਚੀ ਹਸਪਤਾਲ ਅਤੇ ਆਮ ਸੰਪਰਕ ਨਾਲ ਪਤਾ ਲੱਗ ਸਕੀ ਹੈ। ਇਸ ਬਾਬਤ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਵੱਲੋਂ ਵੀ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਜੋ ਹੋਰ ਜ਼ਿਆਦਾ ਜਾਣਕਾਰੀ ਪ੍ਰਾਪਤ ਹੋ ਸਕੇ। ਜ਼ਿਕਰਯੋਗ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਵੀ ਅੱਜ ਨਿਊਜ਼ੀਲੈਂਡ ਹਮਲੇ ਦਾ ਦੁੱਖ ਪ੍ਰਗਟਾਇਆ ਗਿਆ ਸੀ।
ਇਸ ਤੋਂ ਪਹਿਲਾਂ ਹੀ ਇੱਕ ਹੋਰ ਭਾਰਤੀ, ਜੋ ਕਿ ਹੈਦਰਾਬਾਦ ਦਾ ਰਹਿਣ ਵਾਲਾ ਹੈ, ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਸੀ ਤੇ ਉਹ ਹਸਪਤਾਲ 'ਚ ਮੌਤ ਨਾਲ ਜੰਗ ਲੜ ਰਿਹਾ ਹੈ। ਉਸਦੇ ਪਰਿਵਾਰ ਵਾਲਿਆਂ ਵੱਲੋਂ ਭਾਰਤ ਸਰਕਾਰ ਨੂੰ ਗੁਹਾਰ ਲਾਈ ਗਈ ਹੈ ਕਿ ਉਸਦੇ ਭਾਰਤ ਰਹਿੰਦੇ ਭਰਾ ਨੂੰ ਨਿਊਜ਼ੀਲੈਂਡ ਦਾ ਵੀਜ਼ਾ ਮੁਹੱਈਆ ਕਰਾਇਆ ਜਾ ਸਕੇ ਤਾਂ ਜੋ ਉਹ ਉਥੇ ਜਾ ਕੇ ਅਸਲੀਅਤ ਤੋਂ ਵਾਕਫ ਹੋ ਸਕੇ।