ਨੌਜਵਾਨ ਵਿਦਿਆਰਥੀ ਜੱਥੇਬੰਦੀਆਂ ਵੱਲੋਂ ਅਗਨੀਪੱਥ" ਦੇ ਵਿਰੋਧ 'ਚ ਜੰਤਰ ਮੰਤਰ ਵਿਖੇ ਰੋਸ ਪ੍ਰਦਰਸ਼ਨ
ਦਲਜੀਤ ਕੌਰ ਭਵਾਨੀਗੜ੍ਹ
ਦਿੱਲੀ, 29 ਜੂਨ, 2022: ਫ਼ੌਜ ਵਿੱਚ ਚਾਰ ਸਾਲ ਲਈ ਆਰਜੀ ਤੌਰ ਉੱਤੇ ਠੇਕਾ ਭਰਤੀ ਦੀ ਸਕੀਮ "ਅਗਨੀਪੱਥ" ਦੇ ਵਿਰੋਧ ਵਿੱਚ ਅੱਜ ਇੱਥੇ ਜੰਤਰ ਮੰਤਰ ਵਿਖੇ ਵੱਖ ਵੱਖ ਨੌਜਵਾਨ ਵਿਦਿਆਰਥੀ ਜੱਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਕੀਤਾ।
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੌਜਵਾਨਾਂ ਨਾਲ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਕਿ ਹਰ ਸਾਲ ਦੋ ਕਰੋੜ ਰੁਜ਼ਗਾਰ ਦਿੱਤਾ ਜਾਵੇਗਾ। ਭਾਜਪਾ ਦੇ ਹੁਣ ਤੱਕ ਦੇ ਸ਼ਾਸ਼ਨ ਵਿੱਚ ਵਾਅਦੇ ਮੁਤਾਬਕ ਸੋਲਾਂ ਕਰੋੜ ਨੌਕਰੀਆਂ ਮਿਲਣੀਆਂ ਚਾਹੀਦੀਆਂ ਸਨ। ਪਰ ਉਲਟਾ ਇਹ ਹੋਇਆ ਹੈ ਕਿ ਦੇਸ਼ ਵਿੱਚ ਬੇਰੁਜਗਾਰਾਂ ਦੀ ਗਿਣਤੀ 44 ਕਰੋੜ ਹੋ ਗਈ ਹੈ। ਇਹਨਾਂ ਕਰੋੜਾਂ ਬੇਰੁਜ਼ਗਾਰਾਂ ਵਿੱਚ ਸਭ ਤੋਂ ਵੱਡੀ ਗਿਣਤੀ ਜੇ ਧਾਰਮਿਕ ਤੌਰ ਉੱਤੇ ਨੋਟ ਕਰਨੀ ਹੋਵੇ ਤਾਂ ਹਿੰਦੂਆਂ ਦੀ ਹੈ। ਦੂਜੇ ਪਾਸੇ ਭਾਜਪਾ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨੇ ਦੇਸ਼ ਦੇ ਕੇਵਲ ਨੌਂ ਖ਼ਰਬਪਤੀਆਂ ਕੋਲ਼ ਮੁਲਕ ਦੀ ਦੌਲਤ ਦਾ ਅੱਧੇ ਤੋਂ ਵੱਧ ਹਿੱਸਾ ਇਕੱਠਾ ਕਰ ਦਿੱਤਾ ਹੈ। ਸਾਧਨ ਵਿਹੂਣੇ ਬੇਰੁਜਗਾਰਾਂ ਅਤੇ ਕਾਰਪੋਰੇਟ ਜਗਤ ਦੇ ਦੌਲਤ ਦੇ ਭੰਡਾਰਾਂ ਨੂੰ ਸਰਕਾਰ ਦੇਸ਼ ਵਿੱਚ ਫਿਰਕੂ ਫਸਾਦਾਂ ਦੀ ਚਾਦਰ ਨਾਲ ਢੱਕ ਰਹੀ ਹੈ।
ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਕਿਹਾ ਕਿ ਫ਼ੌਜ ਦਾ ਨਿੱਜੀਕਰਨ ਜਿੱਥੇ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਹੈ, ਓਥੇ ਨੌਜਵਾਨਾਂ ਦੇ ਭਵਿੱਖ ਨੂੰ ਹਨੇਰੇ ਵਿੱਚ ਧੱਕਣਾ ਹੈ। ਉਹਨਾਂ ਕਿਹਾ ਕਿ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਕੇ ਇਸ ਦੇਸ਼ ਮਾਰੂ ਨੀਤੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਜਦਕਿ ਦੇਸ਼ ਲਈ ਜੰਗਾਂ ਲੜਨ ਵਾਲੇ ਅਨੇਕਾਂ ਕਰਨਲਾਂ - ਜਰਨਲਾਂ ਅਤੇ ਹੋਰ ਮਾਹਰਾਂ ਨੇ ਇਸਦਾ ਦਲੀਲਾਂ ਨਾਲ ਵਿਰੋਧ ਕੀਤਾ ਹੈ। ਵਿਦਿਆਰਥੀਆਂ ਨੌਜਵਾਨਾਂ ਇਹ ਵੀ ਕਿਹਾ ਫੌਜੀ ਜਵਾਨਾਂ ਨੂੰ ਪੱਕੀ ਪੈਨਸ਼ਨ ਤੋਂ ਇਲਾਵਾ ਹੋਰ ਸਹੂਲਤਾਂ ਵੀ ਦੇਸ਼ ਦੇ ਪਾਰਲੀਮੈਂਟ ਮੈਬਰਾਂ ਤੋਂ ਘੱਟ ਨਹੀਂ ਮਿਲਣੀਆਂ ਚਾਹੀਦੀਆਂ।
ਇੱਥੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਸੁਖਜਿੰਦਰ ਮਹੇਸਰੀ (ਪੰਜਾਬ) ਨੇ ਕਿਹਾ ਕਿ ਭਾਜਪਾ ਸਰਕਾਰ ਦੇਸ਼ ਦੇ ਘੱਟਗਿਣਤੀ ਮੁੱਠੀਭਰ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਨੀਤੀਆਂ ਬਣਾ ਕੇ, ਦੇਸ਼ ਦੀ ਬਹੁਗਿਣਤੀ ਵਸੋਂ ਨੂੰ ਪੱਕੇ ਰੁਜ਼ਗਾਰ ਤੋਂ ਵਾਂਝਾ ਰੱਖ ਰਹੀ ਹੈ। ਅੱਜ ਲੋੜਾਂ ਦੀ ਲੋੜ ਹੈ ਕਿ ਦੇਸ਼ ਦੀ ਆਬਾਦੀ ਨੂੰ ਇੱਕਜੁੱਟ ਕਰਦਿਆਂ ਪੱਕੇ ਰੁਜ਼ਗਾਰ ਲਈ ਦੇਸ਼ ਦੀ ਪਾਰਲੀਮੈਂਟ ਵਿੱਚ ਇੱਕ ਕਾਨੂੰਨ ਸਥਾਪਤ ਕਰਨ ਲਈ ਲਾਮਬੰਦ ਕੀਤਾ ਜਾਵੇ। ਇਹ ਕਾਨੂੰਨ, ਭਗਤ ਸਿੰਘ ਦੇ ਨਾਂਅ ਉੱਤੇ "ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ" (BNEGA) ਵਜੋਂ ਦੇਸ਼ ਦੇ ਹਰੇਕ 18 ਤੋਂ 58 ਸਾਲ ਦੇ ਰੁਜ਼ਗਾਰ ਚਾਹੁੰਦੇ ਬਾਲਗ ਨੂੰ ਪੱਕੇ ਰੁਜ਼ਗਾਰ ਦੀ ਗਰੰਟੀ ਕਰੇ। ਇਹ "ਬਨੇਗਾ" ਨਾਂਅ ਦਾ ਕਾਨੂੰਨ ਗਰੰਟੀ ਕਰੇ ਕਿ ਦੇਸ਼ ਦੇ ਕੋਈ ਵੀ ਅਣ-ਸਿੱਖਿਅਤ ਨੂੰ 25000, ਅਰਧ-ਸਿੱਖਿਅਤ ਨੂੰ 30000, ਸਿੱਖਿਅਤ ਨੂੰ 35000 ਅਤੇ ਉੱਚ-ਸਿੱਖਿਅਤ ਨੂੰ 40000 ਰੁਪਏ ਪ੍ਰਤੀ ਮਹੀਨਾ ਘੱਟੋ ਘੱਟ ਤਨਖ਼ਾਹ ਦੀ ਗਰੰਟੀ ਹੋਵੇ। ਕੰਮ ਦੇ ਸਭ ਲਈ ਸਾਂਝੇ ਇਸ ਕਾਨੂੰਨ ਲਈ ਲਾਮਬੰਦੀ ਲਾਜ਼ਮੀ ਤੌਰ ਉੱਤੇ ਭਾਜਪਾ ਦੇ ਫਿਰਕੂ ਏਜੰਡੇ ਨੂੰ ਪਿਛਾਂਹ ਧੱਕ ਕੇ ਦੇਸ਼ ਨੂੰ ਸਦਭਾਵਨਾ ਅਤੇ ਤਰੱਕੀ ਦੇ ਰਾਹ ਤੋਰੇਗੀ।
ਉਹਨਾਂ ਦੇਸ਼ ਦੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਅਨੁਸ਼ਾਸਿਤ ਢੰਗ ਨਾਲ ਅਗਨੀਪੱਥ ਸਕੀਮ ਦੇ ਵਿਰੋਧ ਵਿੱਚ ਪ੍ਰਦਰਸ਼ਨ ਜਾਰੀ ਰੱਖੇ ਜਾਣ। ਸਭ ਰਾਜਨੀਤਕ ਦਲਾਂ ਇਸ ਨੀਤੀ ਦੇ ਵਿਰੋਧ ਵਿੱਚ ਸਰਗਰਮ ਹੋਣ ਲਈ ਕਿਹਾ ਜਾਵੇ ਅਤੇ ਕੇਵਲ ਰਸਮੀ ਬਿਆਨਬਾਜ਼ੀ ਦੀ ਬਜਾਏ ਜ਼ਮੀਨੀ ਪੱਧਰ ਉੱਤੇ ਜਨਤਾ ਦੀ ਲਹਿਰ ਖੜੀ ਕੀਤੀ ਜਾਵੇ। ਜਵਾਨੀ ਲਈ ਪੱਕੇ ਰੁਜ਼ਗਾਰ ਦੇ ਕਾਨੂੰਨ ਨੂੰ ਮੁੱਖ ਏਜੰਡੇ ਵਜੋਂ ਲਿਆ ਜਾਵੇ।
ਅੱਜ ਦੇ ਪ੍ਰਦਰਸ਼ਨ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਭਾਰਤੀ ਜਨਵਾਦੀ ਨੌਜਵਾਨ ਸਭਾ ਦੇ ਪ੍ਰਧਾਨ ਹੇਮਾਘਨਰਾਜ (ਬੰਗਾਲ), ਆਲ ਇੰਡੀਆ ਯੂਥ ਫੈਡਰੇਸ਼ਨ ਦੇ ਜਨਰਲ ਸਕੱਤਰ ਆਰ. ਥਿਰੁਮਲਾਈ (ਤਾਮਿਲਨਾਡੂ), ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਵਿੱਕੀ ਮਹੇਸਰੀ, ਏ. ਆਈ. ਡੀ. ਐੱਸ. ਓ. ਦੇ ਸੌਰਵ ਘੋਸ਼, ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਦੇ ਮਯੂਕ ਬਿਸਵਾਸ (ਬੰਗਾਲ), ਇਨਕਲਾਬੀ ਨੌਜਵਾਨ ਸਭਾ ਦੇ ਨੀਰਜ, ਐਇਸਾ ਦੇ ਐੱਸ ਬਾਲਾਜੀ (ਬਿਹਾਰ), ਪੀ. ਐੱਸ. ਯੂ. ਦੇ ਐਲਬਰਟ, ਏ. ਆਈ. ਡੀ. ਵਾਈ. ਓ. ਦੇ ਅਮਰਜੀਤ, ਏ. ਆਈ. ਵਾਈ. ਐੱਲ. ਦੇ ਅਮਰੇਸ਼ ਨੇ ਪ੍ਰਮੁੱਖ ਤੌਰ ਉੱਤੇ
ਇਹਨਾਂ ਬੁਲਾਰਿਆਂ ਤੋਂ ਇਲਾਵਾ ਵੱਖ - ਵੱਖ ਰਾਜਾਂ ਤੋਂ ਧਿਰੇਂਦਰ ਯੂਪੀ, ਸ਼ਸ਼ੀ ਅਤੇ ਮੁਨੀਸ਼ ਦਿੱਲੀ, ਲਵਪ੍ਰੀਤ ਮਾੜੀਮੇਘਾ ਆਦਿ ਹਾਜਰ ਸਨ।