ਪਟਿਆਲਾ ਮੋਰਚਾ:ਕਿਸਾਨਾਂ ਮਜ਼ਦੂਰਾਂ ਨੇ ਕਿਰਤ ਕਮਾਈ ਚੋਂ ਦਸਵੰਧ ਕੱਢਿਆ
ਅਸ਼ੋਕ ਵਰਮਾ
ਬਠਿੰਡਾ,7 ਅਗਸਤ2021:ਵੋਟਾਂ ਵੇਲੇ ਕੈਪਟਨ ਸਰਕਾਰ ਵਲੋਂ ਕੀਤੇ ਵਾਅਦੇ ਪੂਰੇ ਕਰਵਾਉਣ ਅਤੇ ਹੋਰ ਮੰਗਾਂ ਲਈ ਪੰਜਾਬ ਦੀਆਂ ਸੱਤ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ 9 ਅਗਸਤ ਤੋਂ ਪਟਿਆਲਾ ਵਿਖੇ ਲਾਏ ਜਾ ਰਹੇ ਤਿੰਨ ਰੋਜਾ ਧਰਨੇ ਲਈ ਕਿਸਾਨਾਂ ਮਜਦੂਰਾਂ ਨੇ ਕਿਰਤ ਕਮਾਈ ਚੋਂ ਦਸਵੰਧ ਕੱਢਿਆ ਹੈ। ਕਿਸਾਨ ਮਜਦੂਰ ਜਦੋਂ ਮੋਰਚੇ ਦੌਰਾਨ ਹੋਣ ਵਾਲੇ ਖਰਚ ਲਈ ਪਿੰਡਾਂ ’ਚ ਕਿਸਾਨਾਂ ਮਜਦੂਰਾਂ ਦੇ ਬੂਹਿਆਂ ਤੇ ਗਏ ਤਾਂ ਸੰਗਰਾਮੀ ਨਾਅਰਿਆਂ ਨਾਲ ਉਨ੍ਹਾਂ ਨੂੰ ਜੀ ਆਇਆਂ ਆਖਿਆ ਅਤੇ ਵਿੱਤ ਮੁਤਾਬਕ ਭੇਂਟਾ ਦਿੱਤੀ। ਇਸ ਦੇ ਨਾਲ ਹੀ ਧਰਨੇ ਵਿੱਚ ਮਜ਼ਦੂਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਨੇ ਜ਼ਿਲ੍ਹੇ ਦੇ 79 ਪਿੰਡਾਂ ਵਿਚ ਰੈਲੀਆਂ ਕਰਵਾਈਆਂ ਹਨ ।
ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਔਰਤ ਜਥੇਬੰਦੀ ਦੀ ਆਗੂ ਹਰਿੰਦਰ ਬਿੰਦੂ ਅਤੇ ਪਰਮਜੀਤ ਕੌਰ ਪਿੱਥੋ ਅਤੇ ਬਠਿੰਡਾ ਜਿਲ੍ਹੇ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਦੱਸਿਆ ਕਿ ਕਿਸਾਨਾਂ ਅਤੇ ਮਜਦੂਰਾਂ ਦੀ ਸਾਂਝ ਹੋਰ ਵਧਾਉਣ ਲਈ ਇਸ ਧਰਨੇ ਵਿਚ ਲੰਗਰ ਦਾ ਸਾਰਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਜਿਹੜੀਆਂ ਨੀਤੀਆਂ ਕਿਸਾਨਾਂ ਨੂੰ ਕੰਗਾਲ ਕਰ ਰਹੀਆਂ ਹਨ ਉਹੀ ਨੀਤੀਆਂ ਮਜਦੂਰਾਂ ਦੇ ਚੁੱਲੇ ਠੰਢੇ ਕਰ ਰਹੀਆਂ ਹਨ ਇਸ ਲਈ ਇਨ੍ਹਾਂ ਨੀਤੀਆਂ ਨੂੰ ਲਾਗੂ ਕਰਨ ਵਾਲੇ ਦੇਸ਼ ਦੇ ਹਾਕਮਾਂ ਖ਼ਿਲਾਫ਼ ਸਾਂਝੀ ਤਬਕਾਤੀ ਏਕਤਾ ਬਣਾਉਣ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਠਿੰਡਾ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਹਿਯੋਗ ਨਾਲ ਸੈਂਕੜੇ ਮਜ਼ਦੂਰ ਇਸ ਧਰਨੇ ਵਿਚ ਸ਼ਾਮਲ ਹੋਣਗੇ ।