ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ ਕਿਸਾਨ- ਮਜ਼ਦੂਰ ਆਜ਼ਾਦੀ ਸੰਗਰਾਮ ਦਿਵਸ, ਕੀਤੀ ਤਿਰੰਗਾ ਯਾਤਰਾ
ਕਮਲਜੀਤ ਸਿੰਘ ਸੰਧੂ
- 'ਖੇਤੀ ਕਾਨੂੰਨ ਰੱਦ ਕਰੋ' ਦੇ ਨਾਹਰਿਆਂ ਨਾਲ ਗੂੰਜੇ ਬਰਨਾਲਾ ਦੇ ਬਾਜ਼ਾਰ; ਧਰਨੇ ਵਾਲੀ ਥਾਂ ਖੱਚੋ-ਖੱਚ ਭਰੀ
- ਇਹ ਆਜ਼ਾਦੀ ਅਧੂਰੀ, ਪੂਰੀ ਆਜ਼ਾਦੀ ਹਾਸਲ ਕਰਨ ਲਈ ਜਥੇਬੰਦਕ ਤਾਕਤ ਵਧਾਉ ਅਤੇ ਸੰਘਰਸ਼ਾਂ ਦੇ ਰਾਹ ਪਉ: ਕਿਸਾਨ ਆਗੂ
ਬਰਨਾਲਾ: 15 ਅਗਸਤ, 2021 - ਬੱਤੀ ਜਥੇਬੰਦੀਆਂ 'ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 319 ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਅੱਜ 15 ਅਗਸਤ ਦਾ ਦਿਹਾੜਾ 'ਕਿਸਾਨ ਮਜ਼ਦੂਰ ਆਜ਼ਾਦੀ ਸੰਗਰਾਮ' ਦਿਵਸ ਵਜੋਂ ਮਨਾਇਆ ਗਿਆ। ਬਰਨਾਲਾ ਦੀ ਦਾਣਾ ਮੰਡੀ ਵਿੱਚ ਇਕੱਠੇ ਹੋਣ ਬਾਅਦ ਵੱਖ ਵੱਖ ਤਰ੍ਹਾਂ ਦੇ ਹਜ਼ਾਰਾਂ ਵਾਹਨਾਂ ਰਾਹੀਂ ਬਰਨਾਲਾ ਦੇ ਬਾਜ਼ਾਰਾਂ ਵਿਚੋਂ ਦੀ ਤਿਰੰਗਾ ਯਾਤਰਾ ਕੱਢੀ ਗਈ। ਹਜ਼ਾਰਾਂ ਮਰਦ ਔਰਤਾਂ ਨੇ 'ਖੇਤੀ ਕਾਨੂੰਨ ਰੱਦ ਕਰੋ' ਅਤੇ 'ਕਾਰਪੋਰੇਟੋ ਖੇਤੀ ਛੱਡੋ' ਦੇ ਨਾਹਰਿਆਂ ਨਾਲ ਬਰਨਾਲਾ ਦੇ ਬਾਜ਼ਾਰ ਗੂੰਜਣ ਲਾ ਦਿੱਤੇ। ਹੱਥਾਂ ਵਿੱਚ ਕਿਸਾਨ ਜਥੇਬੰਦੀਆਂ ਦੇ ਝੰਡੇ ਫੜੀਂ, ਅੰਦੋਲਨਕਾਰੀਆਂ ਨੇ, ਆਕਾਸ਼ ਗੁੰਜਾਊ ਨਾਹਰਿਆਂ ਰਾਹੀਂ ਆਪਣੇ ਇਰਾਦੇ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੱਤੇ ਕਿ ਖੇਤੀ ਕਾਨੂੰਨ ਰੱਦ ਕਰਵਾਏ ਬਗੈਰ ਉਹ ਵਾਪਸ ਨਹੀਂ ਮੁੜਨਗੇ। ਅੱਜ ਧਰਨੇ ਵਾਲੀ ਥਾਂ ਧਰਨਾਕਾਰੀਆਂ ਦੇ ਬੈਠਣ ਲਈ ਬਹੁਤ ਛੋਟੀ ਪੈ ਗਈ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ,ਨਰੈਣ ਦੱਤ, ਜਸਪਾਲ ਕੌਰ ਕਰਮਗੜ੍ਹ,ਪਵਿੱਤਰ ਸਿੰਘ ਲਾਲੀ, ਮੇਲਾ ਸਿੰਘ ਕੱਟੂ, ਜਗਸੀਰ ਸਿੰਘ ਸੀਰਾ, ਹਰਦੇਵ ਸਿੰਘ, ਚਰਨਜੀਤ ਕੌਰ, ਅਮਰਜੀਤ ਕੌਰ, ਬਲਵੀਰ ਸਿੰਘ ਸੇਖਾ, ਮੋਹਨ ਸਿੰਘ ਰੂੜੇਕੇ, ਨੇਕਦਰਸ਼ਨ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ 15 ਅਗਸਤ 1947 ਨੂੰ ਸਾਨੂੰ ਯੂਨੀਅਨ ਜੈਕ ਦੀ ਥਾਂ ਆਪਣਾ ਝੰਡਾ, ਤਿਰੰਗਾ, ਜਰੂਰ ਮਿਲਿਆ,ਸੰਵਿਧਾਨ ਵੀ ਮਿਲਿਆ ਪਰ ਲੋਕਾਂ ਨੂੰ ਉਹ ਆਜ਼ਾਦੀ ਨਹੀਂ ਮਿਲੀ ਜਿਸ ਦਾ ਸੁਫਨਾ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਲਿਆ ਸੀ। ਸਾਨੂੰ ਪੂਰੀ ਨਹੀਂ, ਅਧੂਰੀ ਆਜ਼ਾਦੀ ਮਿਲੀ। ਦੇਸ਼ ਦੇ ਹਾਕਮਾਂ ਨੇ ਜੋ ਨੀਤੀਆਂ ਅਪਣਾਈਆਂ ਉਸ ਚੰਦ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰਦੀਆਂ ਹਨ, ਆਮ ਲੋਕਾਂ ਦੀ ਜ਼ਿੰਦਗੀ ਬਦ ਤੋਂ ਬਦਤਰ ਹੋ ਰਹੀ ਹੈ। ਤਿੰਨ ਕਾਲੇ ਖੇਤੀ ਕਾਨੂੰਨ ਵੀ ਕਾਰਪੋਰੇਟਾਂ ਦੇ ਮੁਨਾਫੇ ਵਧਾਉਣ ਲਈ ਬਣਾਏ ਗਏ ਹਨ। ਜੇਕਰ ਅਸੀਂ ਸੱਚੀ-ਮੁੱਚੀਂ ਆਜ਼ਾਦ ਹੁੰਦੇ ਤਾਂ ਪਿਛਲੇ ਸਾਢੇ ਦਸ ਮਹੀਨਿਆਂ ਤੋਂ ਸੜਕਾਂ 'ਤੇ ਨਾ ਬੈਠੇ ਹੁੰਦੇ। ਅਸਲੀ ਆਜ਼ਾਦੀ ਹਾਸਲ ਕਰਨ ਲਈ ਸਾਨੂੰ ਆਪਣੀ ਜਥੇਬੰਦਕ ਤਾਕਤ ਨੂੰ ਹੋਰ ਮਜ਼ਬੂਤ ਕਰਨਾ ਪੈਣਾ ਹੈ ਅਤੇ ਲੰਬੇ ਸੰਘਰਸ਼ਾਂ ਲਈ ਤਿਆਰ ਹੋਣਾ ਪੈਣਾ ਹੈ।