ਮਾਨਸਾ, 17 ਜੂਨ 2020 - ਬੀਤੇ ਦਿਨੀਂ ਭਾਰਤ-ਚੀਨ ਬਾਰਡਰ 'ਤੇ ਹਿੰਸਕ ਝੜਪ ਦੌਰਾਨ ਸ਼ਹੀਦ ਹੋਏ ਭਾਰਤੀ ਫੌਜੀ ਜਵਾਨਾਂ 'ਚੋਂ ਇੱਕ ਜਵਾਨ ਪੰਜਾਬ ਦੇ ਜ਼ਿਲ੍ਹਾ ਮਾਨਸਾ ਦਾ ਗੁਰਤੇਜ ਸਿੰਘ ਸੀ।
ਸੋਮਵਾਰ ਦੀ ਰਾਤ ਲਦਾਖ਼ ਦੀ ਗਲਵਾਨ ਘਾਟੀ 'ਚ ਚੀਨੀ ਅਤੇ ਭਾਰਤੀ ਫੌਜੀਆਂ ਵਿਚਕਾਰ ਹਿੰਸਕ ਝੜਪ ਹੋਈ ਸੀ ਜਿਸ 'ਚ ਭਾਰਤੀ ਫ਼ੌਜ ਦੇ ਕਰਨਲ ਸਮੇਤ 20 ਜਵਾਨ ਸ਼ਹੀਦ ਹੋਏ ਸਨ। ਜਿੰਨ੍ਹਾਂ 'ਚ ਸ਼ਾਮਲ 23 ਸਾਲਾ ਸ਼ਹੀਦ ਗੁਰਤੇਜ ਸਿੰਘ ਪੁੱਤਰ ਸ. ਵਿਰਸਾ ਸਿੰਘ, ਪੰਜਾਬ ਦੇ ਜ਼ਿਲ੍ਹਾ ਮਾਨਸਾ ਦੀ ਤਹਿਸੀਲ ਬੁਢਲਾਡਾ ਦੇ ਪਿੰਡ ਬੀਰੇਵਾਲਾ ਡੋਗਰਾ ਦਾ ਰਹਿਣ ਵਾਲਾ ਸੀ।
ਸ਼ਹੀਦ ਗੁਰਤੇਜ ਸਿੰਘ ਤਿੰਨ ਭਰਾਵਾਂ 'ਚੋਂ ਸਭ ਤੋਂ ਛੋਟਾ ਸੀ ਅਤੇ ਮਹਿਜ਼ ਦੋ ਕੁ ਸਾਲ ਪਹਿਲਾਂ ਹੀ ਫ਼ੌਜ 'ਚ ਭਰਤੀ ਹੋਇਆ ਸੀ। ਗੁਰਤੇਜ ਨੇ ਸਿੱਖ ਰੈਜਮੈਂਟ ਅਧੀਨ ਪਹਿਲੀ ਵਾਰ ਲੇਹ-ਲੱਦਾਖ 'ਚ ਕਮਾਨ ਸੰਭਾਲੀ ਸੀ। ਪੰਜਾਬ ਦੇ ਇਸ ਬਹਾਦੁਰ ਪੁੱਤ ਦੇ ਸ਼ਹੀਦ ਹੋਣ 'ਤੇ ਪੂਰੇ ਸੂਬੇ ਦੇ ਲੋਕਾਂ 'ਚ ਸੋਗ ਦੀ ਲਹਿਰ ਹੈ।