- ਧਰਮ ਦੇ ਨਾਂ ਤੇ ਦੇਸ਼ ਨੂੰ ਵੰਡਣ ਦੀਆਂ ਕੋਝੀਆਂ ਚਾਲਾਂ ਨੂੰ ਕਿਸੇ ਵੀ ਕੀਮਤ ਤੇ ਕਾਮਯਾਬ ਨਹੀਂ ਹੋਣ ਦਿਆਂਗੇ - ਜਨਾਬ ਦਿਲਬਰ ਮਹੁੰਮਦ ਖਾਨ
ਖੰਨਾ, 20 ਦਸੰਬਰ 2019 - ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਘੱਟ ਗਿਣਤੀ ਵਿਭਾਗ ਦੇ ਚੇਅਰਮੈਨ ਜਨਾਬ ਦਿਲਬਰ ਮੁਹੰਮਦ ਖਾਨ ਦੇ ਅਗਵਾਈ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਘੱਟ ਗਿਣਤੀ ਵਿਭਾਗ ਵੱਲੋਂ ਪਹਿਲਾਂ ਹੀ ਐਲਾਨੇ ਪ੍ਰੋਗਰਾਮ ਦੇ ਅਨੁਸਾਰ ਸਥਾਨਕ ਲਲਹੇੜੀ ਚੌਕ ਵਿਚ ਵੱਡੀ ਗਿਣਤੀ ਵਿਚ ਮੁਸਲਮਾਨ ਭਾਈਚਾਰੇ ਦੇ ਲੋਕਾਂ ਦੇ ਨਾਲ - ਨਾਲ ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਮੈਂਬਰਾਂ ਨੇ ਇਕੱਠਾ ਹੁੰਦੇ ਹੋਏ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਸਿਟੀਜ਼ਨ ਅਮੈਂਡਮੈਂਟ ਬਿਲ ਅਤੇ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨ ਦੇ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਸਰਕਾਰ ਦੀ ਅਰਥੀ ਫੂਕੀ।
ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਘੱਟ ਗਿਣਤੀ ਵਿਭਾਗ ਦੇ ਚੇਅਰਮੈਨ ਜਨਾਬ ਦਿਲਬਰ ਮੁਹੰਮਦ ਖਾਨ ਨੇ ਕਿਹਾ ਕਿ ਸਾਡਾ ਦੇਸ਼ ਇੱਕ ਧਰਮ ਨਿਰਪੱਖ ਦੇਸ਼ ਹੈ , ਜਿਸ ਨੂੰ ਲੰਮੀ ਗੁਲਾਮੀ ਦੇ ਮਗਰੋਂ ਕੁਰਬਾਨੀਆਂ ਦੇ ਕੇ ਸਾਡੇ ਦੇਸ਼ ਦੇ ਸਾਰੇ ਵਰਗਾਂ ਅਤੇ ਧਰਮਾਂ ਦੇ ਲੋਕਾਂ ਵੱਲੋਂ ਆਜ਼ਾਦ ਕਰਵਾਇਆ ਗਿਆ ਸੀ ਅਤੇ ਸਾਡੇ ਦੇਸ਼ ਦੀ ਜਾਨ ਇਸੇ ਧਰਮ ਨਿਰਪੱਖਤਾ ਨੂੰ ਸਾਡੇ ਆਜ਼ਾਦੀ ਘੁਲਾਟੀਆਂ, ਨੇਤਾਵਾਂ ਅਤੇ ਸੰਵਿਧਾਨ ਨਿਰਮਾਤਾਵਾਂ ਨੇ ਸੰਵਿਧਾਨ ਵਿਚ ਬਰਕਰਾਰ ਰੱਖਦੇ ਹੋਏ ਸੰਵਿਧਾਨ ਵਿਚ ਸਾਰੇ ਧਰਮਾਂ / ਵਰਗਾਂ ਦੇ ਲੋਕਾਂ ਨੂੰ ਬਰਾਬਰ ਅਧਿਕਾਰ ਦਿੱਤੇ ਗਏ ਹਨ। ਪਰ ਸਾਡੇ ਦੇਸ਼ ਦੀ ਕੇਂਦਰ ਸਰਕਾਰ ਵੱਲੋਂ ਸਾਡੇ ਧਰਮ ਨਿਰਪੱਖਤਾ ਵਾਲੇ ਸੰਵਿਧਾਨ ਤੇ ਸਿਟੀਜ਼ਨ ਅਮੈਂਡਮੈਂਟ ਬਿਲ ਜੋਕਿ ਹੁਣ ਐਕਟ ਬਣ ਚੁੱਕਿਆ ਹੈ, ਵਿਚ ਮੁਸਲਮਾਨ ਸਮਾਜ ਨੂੰ ਬਾਹਰ ਰੱਖ ਕੇ ਸੰਵਿਧਾਨ ਦੀ ਧਰਮ ਨਿਰਪੱਖਤਾ ਵਾਲੀ ਸੋਚ ਉੱਤੇ ਸੱਟ ਮਾਰਨ ਅਤੇ ਸਾਰੇ ਦੇਸ਼ ਦੇ ਲੋਕਾਂ ਨੂੰ ਧਰਮ ਦੇ ਆਧਾਰ ਉੱਤੇ ਵੰਡਣ ਦੀ ਕੋਸ਼ਿਸ਼ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਕੇਂਦਰ ਸਰਕਾਰ ਵੱਲੋਂ ਹੋਰ ਕਿਸੇ ਧਰਮ ਦੇ ਲੋਕਾਂ ਨੂੰ ਵੀ ਇਸ ਤੋਂ ਬਾਹਰ ਕੀਤਾ ਜਾ ਸਕਦਾ ਹੈ, ਜੋ ਕਿ ਨਿੰਦਣਯੋਗ ਹੈ ਇਸ ਲਈ ਅਸੀ ਇਸ ਬਿਲ ਦਾ ਪੁਰਜ਼ੋਰ ਵਿਰੋਧ ਕਰਦੇ ਹਨ। ਜਨਾਬ ਦਿਲਬਰ ਮੁਹੰਮਦ ਖਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦੇਸ਼ ਨੂੰ ਧਰਮ ਦੇ ਨਾਮ ਉੱਤੇ ਵੰਡਣ ਦੀਆਂ ਕੋਝੀਆਂ ਚਾਲਾਂ ਨੂੰ ਕਿਸੇ ਵੀ ਕੀਮਤ ਉੱਤੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਹੀ ਨਿਰਧਾਰਿਤ ਪ੍ਰੋਗਰਾਮ ਦੇ ਅਨੁਸਾਰ ਅੱਜ ਦਾ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਘੱਟ ਗਿਣਤੀ ਵਿਭਾਗ ਵੱਲੋਂ ਕਾਨੂੰਨ ਦੇ ਦਾਇਰੇ ਵਿਚ ਰਹਿੰਦੇ ਹੋਏ ਪੰਜਾਬ ਦੇ ਸਾਰੇ ਜ਼ਿਲਿਆਂ ਅਤੇ ਸ਼ਹਿਰਾਂ ਵਿਚ ਅਜਿਹੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਇਸ ਮੌਕੇ ਹੋਰਨਾ ਤੋਂ ਇਲਾਵਾ ਰਾਸ਼ਿਦ ਖਾਨ ਮੈਂਬਰ ਹੱਜ ਕਮੇਟੀ ਪੰਜਾਬ ਅਤੇ ਕਨਵੀਨਰ ਪੀਪੀਸੀਸੀ, ਸਿਤਾਰ ਮੁਹੰਮਦ ਲਿਬੜਾ ਮੈਂਬਰ ਵਕਫ਼ ਬੋਰਡ ਪੰਜਾਬ ਅਤੇ ਸਕੱਤਰ ਪੀਪੀਸੀਸੀ, ਰਫ਼ੀਕ ਮੁਹੰਮਦ ਸਾਬਕਾ ਚੇਅਰਮੈਨ ਪੀਪੀਸੀਸੀ ਘੱਟ ਗਿਣਤੀ ਵਿਭਾਗ, ਕਾਰੀ ਸ਼ਕੀਲ ਅਹਿਮਦ ਪ੍ਰਧਾਨ ਮਸਜਿਦ ਇੰਤਜ਼ਾਮੀਆਂ ਕਮੇਟੀਆਂ, ਅਬਦੁਲ ਰਹੀਮ ਪ੍ਰਧਾਨ ਜਾਮਾ ਮਸਜਿਦ ਖੰਨਾ, ਅਬਦੁਲ ਲਤੀਫ਼ ਪ੍ਰਧਾਨ ਮਦੀਨਾ ਮਸਜਿਦ ਖੰਨਾ, ਮੁਹੰਮਦ ਇਸਮਾਈਲ ਪ੍ਰਧਾਨ ਰਹਿਮਾਨੀ ਮਸਜਿਦ ਸਬਜ਼ੀ ਮੰਡੀ ਖੰਨਾ, ਨਾਜ਼ਰ ਖਾਨ ਪ੍ਰਧਾਨ ਮਦੀਨਾ ਮਸਜਿਦ ਲਿਬੜਾ, ਸੁਲਤਾਨ ਮੁਹੰਮਦ ਪ੍ਰਧਾਨ ਜਾਮਾ ਮਸਜਿਦ ਇਕੋਲਾਹਾ, ਸਦੀਕ ਮੁਹੰਮਦ ਹੈਪੀ, ਜਨਾਬ ਹਾਕਮ ਦੀਨ, ਇਕਬਾਲ ਮੁਹੰਮਦ ਮਤਾਨੀਆ, ਗ਼ੁਲਾਮ ਮੁਹੰਮਦ, ਸ਼ਕੀਲ ਮੁਹੰਮਦ, ਸਾਹਿਬ ਦੀਨ ਇਕੋਲਾਹਾ ਅਮਿਤ ਖਾਨ, ਰਾਜ ਦੀਨ, ਲਾਭ ਦੀਨ, ਆਸੀਸ, ਇਕਬਾਲ, ਸ਼ੌਕਤ ਅਲੀ, ਹਨੀਫ਼ ਖਾਨ ਰਿੰਕੂ, ਆਤਿਸ਼ ਖਾਨ ਰਾਜੂ, ਮਸਜਿਦ ਕਮੇਟੀ ਮਾਜਰੀ, ਈਸੜੂ, ਰਤਨਪਾਲੋਂ, ਚਕੋਹੀ, ਇਕੋਲਾਹੀ, ਜਰਗ, ਰੌਣੀ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਦੇ ਨਾਲ - ਨਾਲ ਵੱਡੀ ਗਿਣਤੀ ਵਿਚ ਮੁਸਲਮਾਨ ਭਾਈਚਾਰੇ ਦੇ ਲੋਕਾਂ ਦੇ ਨਾਲ - ਨਾਲ ਵੱਖ ਵੱਖ ਸਮਾਜਸੇਵੀ ਸੰਗਠਨਾਂ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ। ਇਸ ਮੌਕੇ ਸਟੀਜ਼ਨ ਅਮੈਂਡਮੈਂਟ ਬਿਲ ਅਤੇ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨ ਦੇ ਵਿਰੋਧ ਵਿੱਚ ਇੱਕ ਮੰਗ ਪੱਤਰ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਦੇ ਨਾਲ ਏਡੀਸੀ ਖੰਨਾ ਨੂੰ ਸੌਪਿਆ ਗਿਆ।