ਮੁੱਖ ਮੰਤਰੀ ਚੰਨੀ ਨਾਲ 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਦੀ ਤਾਰੀਖ ਹੋਈ ਤਹਿ
ਦਲਜੀਤ ਕੌਰ ਭਵਾਨੀਗੜ੍ਹ
ਚੰਡੀਗੜ੍ਹ,15 ਨਵੰਬਰ, 2021: ਪੰਜਾਬ ਦੀਆਂ 32 ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਦਾ ਇੱਕ ਵਫ਼ਦ 17 ਨਵੰਬਰ ਨੂੰ ਚੰਡੀਗੜ੍ਹ ਵਿਖੇ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਰੀਬ 11 ਵਜੇ ਮਿਲੇਗਾ। ਮੀਟਿੰਗ ਉਪਰੰਤ ਕਿਸਾਨ ਜਥੇਬੰਦੀਆਂ ਵੱਲੋਂ 'ਕਿਸਾਨ ਭਵਨ' 'ਚ ਪ੍ਰੈੱਸ-ਕਾਨਫਰੰਸ ਕੀਤੀ ਜਾਵੇਗੀ।
ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਦੱਸਿਆ ਕਿ ਮੁੱਖ-ਮੰਗਾਂ ਵਿੱਚ ਡੀਏਪੀ ਦੀ ਢੁਕਵੀਂ ਅਤੇ ਸਮੇਂ ਸਿਰ ਸਪਲਾਈ, ਝੋਨੇ ਦੀ ਖਰੀਦ ਜਾਰੀ ਰੱਖਣ, ਗੁਲਾਬੀ ਸੁੰਡੀ ਕਾਰਨ ਤਬਾਹ ਹੋਈ ਨਰਮੇ ਅਤੇ ਮੱਕੀ ਦੀ ਫਸਲ ਦੇ ਮੁਆਵਜ਼ੇ, ਕਿਸਾਨਾਂ ਦੀ ਕਰਜ਼ਾ ਮੁਆਫ਼ੀ, ਹਾਲੀਆ ਫਿਰੋਜ਼ਪੁਰ ਘਟਨਾ ਵਿੱਚ ਸ਼ਾਮਿਲ ਅਕਾਲੀ ਆਗੂਆਂ ਦੀ ਗ੍ਰਿਫਤਾਰੀ, ਕਿਸਾਨ ਅੰਦੋਲਨ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਮੁਆਵਜ਼ੇ ਦੀ ਜਲਦੀ ਅਤੇ ਤੁਰੰਤ ਅਦਾਇਗੀ ਅਤੇ ਰੁਜ਼ਗਾਰ ਦਾ ਪ੍ਰਬੰਧ, ਸ਼ਬਜ਼ੀ ਉਤਪਾਦਕ ਕਿਸਾਨਾਂ ਲਈ ਬਿਜਲੀ ਸਪਲਾਈ ਯਕੀਨੀ ਬਣਾਉਣਾ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਹੋਰ ਵੀ ਕਿਸਾਨੀ ਮਸਲੇ ਉਭਾਰੇ ਜਾਣਗੇ।