ਸੰਜੀਵ ਸੂਦ
- ਕਿਹਾ ਬਿੱਲ ਨੂੰ ਲੈ ਕੇ ਅਕਾਲੀ ਦਲ ਨਾਲ ਸੀ ਸੰਪਰਕ 'ਚ, ਸਾਰੇ ਸ਼ੱਕ ਅਕਾਲੀ ਦਲ ਨੇ ਕੀਤੇ ਸਨ ਦੂਰ
ਲੁਧਿਆਣਾ, 29 ਸਤੰਬਰ 2020 - ਇੱਕ ਪਾਸੇ ਜਿੱਥੇ ਲਗਾਤਾਰ ਭਾਜਪਾ ਦੇ ਕੁਝ ਆਗੂ ਅਕਾਲੀ ਦਲ 'ਚ ਸ਼ਾਮਿਲ ਹੋ ਰਹੇ ਨੇ ਉੱਥੇ ਹੀ ਅਕਾਲੀ ਦਲ ਦੇ ਆਗੂ ਵੀ ਭਾਜਪਾ ਚ ਸ਼ਾਮਿਲ ਹੋ ਰਹੇ ਹਨ। ਇਨ੍ਹਾਂ ਆਗੂਆਂ ਨੂੰ ਸ਼ਾਮਲ ਕਰਵਾਉਣ ਲਈ ਅੱਜ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਅੱਜ ਲੁਧਿਆਣਾ ਪਹੁੰਚੇ। ਜਿੱਥੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਦਾਅਵਾ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਜਦੋਂ ਕਿ ਭਾਜਪਾ ਕਿਸਾਨਾਂ ਦਾ ਫਾਇਦਾ ਚਾਹੁੰਦੀ ਹੈ ਅਤੇ ਹਰ ਫਰੰਟ ਤੇ ਉਨ੍ਹਾਂ ਦੇ ਨਾਲ ਹੈ।
ਪਾਰਟੀ ਵਿੱਚ ਸ਼ਾਮਿਲ ਹੋਏ ਅਕਾਲੀ ਦਲ ਦੇ ਆਗੂਆਂ ਦਾ ਜਿੱਥੇ ਅਸ਼ਵਨੀ ਸ਼ਰਮਾ ਨੇ ਭਾਜਪਾ 'ਚ ਸਵਾਗਤ ਕੀਤਾ ਉੱਥੇ ਹੀ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਉਨ੍ਹਾਂ ਕਿਹਾ ਕਿ ਇਹ ਬਿੱਲ ਕਿਸਾਨਾਂ ਦੇ ਫਾਇਦੇ ਲਈ ਹੈ ਇਸ ਨਾਲ ਕਿਸਾਨਾਂ ਨੂੰ ਫਾਇਦਾ ਮਿਲੇਗਾ ਉਨ੍ਹਾਂ ਕਿਹਾ ਕਿ ਇਸ ਬਿੱਲ ਦੇ ਵਿੱਚ ਕਿਤੇ ਵੀ ਐੱਮ ਐੱਸ ਪੀ ਨੂੰ ਖਤਮ ਨਹੀਂ ਕੀਤਾ ਗਿਆ। ਸਗੋਂ ਇਸ ਨਾਲ ਹੁਣ ਕਿਸਾਨਾਂ ਨੂੰ ਆਪਣੀ ਫ਼ਸਲ ਹੋਰ ਮਹਿੰਗੀ ਵੇਚਣ ਦੇ ਮੌਕੇ ਮਿਲਣਗੇ ਨਾਲ ਹੀ ਉਨ੍ਹਾਂ ਕਿਹਾ ਕਿ ਕੈਪਟਨ ਦੇ ਕੋਲ ਕੋਈ ਹੋਰ ਮੁੱਦਾ ਨਹੀਂ ਹੈ। ਵਿਰੋਧੀ ਪਾਰਟੀਆਂ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ।
ਉਧਰ ਜਦੋਂ ਉਨ੍ਹਾਂ ਨੂੰ ਕਿਸਾਨਾਂ ਤੱਕ ਭਾਜਪਾ ਦੀ ਗੱਲ ਨਾ ਪਹੁੰਚਣ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਲਗਾਤਾਰ ਕਿਸਾਨਾਂ ਨਾਲ ਰਾਬਤਾ ਕਾਇਮ ਕਰ ਰਹੇ ਹਾਂ। ਇਸ ਸਬੰਧੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ ਜੋ ਕਿਸਾਨ ਜਥੇਬੰਦੀਆਂ ਨਾਲ ਬੈਠਕਾਂ ਕਰਕੇ ਉਨ੍ਹਾਂ ਨੂੰ ਬਿੱਲ ਦੇ ਫਾਇਦੇ ਦੱਸ ਰਹੀ ਹੈ, ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸੁਖਬੀਰ ਬਾਦਲ ਨਾਲ ਭਾਜਪਾ ਦਾ ਲਗਾਤਾਰ ਰਾਬਤਾ ਸੀ ਉਨ੍ਹਾਂ ਨੂੰ ਬਿੱਲ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਸੀ ਅਤੇ ਉਨ੍ਹਾਂ ਦੀ ਰਾਏ ਵੀ ਲਈ ਗਈ ਸੀ, ਜਦੋਂ ਕਿ ਆਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਜਦੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਇਕੱਲਿਆਂ ਹੀ ਲੜੇਗੀ। ਨਵਜੋਤ ਸਿੱਧੂ ਦੇ ਮਾਮਲੇ ਤੇ ਉਨ੍ਹਾਂ ਨੇ ਕੋਈ ਸਪੱਸ਼ਟ ਜਵਾਬ ਨਾ ਦਿੰਦਿਆਂ ਕਿਹਾ ਕਿ ਭਾਜਪਾ ਇਕੱਲੀ ਲੜੇਗੀ ਨਾਲ ਹੀ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉਹ ਫਿਲਹਾਲ ਕਿਸੇ ਦੇ ਨਾਲ ਕੋਈ ਗਠਬੰਧਨ ਨਹੀਂ ਕਰਨਗੇ ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਵਿਧਾਨ ਸਭਾ ਚੋਣਾਂ ਨੂੰ ਹਾਲੇ ਟਾਈਮ ਹੈ ਇਨ੍ਹੀ ਜਲਦੀ ਚੋਣਾਂ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗਾ।