ਲੰਬੀ ਹਲਕੇ ’ਚ ਬਾਦਲਾਂ ਨੂੰ ਕੌਣ ਟੱਕਰੇਗਾ ਪੰਜਾਬ ਵਿਧਾਨ ਸਭਾ ਚੋਣਾਂ 'ਚ ? ਪੜ੍ਹੋ ਜਵਾਬ
ਅਸ਼ੋਕ ਵਰਮਾ
ਬਠਿੰਡਾ, 28 ਜੁਲਾਈ 2021 - ਪੰਜਾਬ ਦੇ ਸਭ ਤੋਂ ਹਾਈਪ੍ਰੋਫਾਈਲ ਹਲਕੇ ਲੰਬੀ ’ਚ ਐਤਕੀਂ ਆਮ ਆਦਮੀ ਪਾਰਟੀ ਨੇ ਅਗੇਤੀ ਤਿਆਰੀ ਵਿੱਢ ਦਿੱਤੀ ਹੈ। ਜੇਕਰ ਸਭ ਕੁੱਝ ਠੀਕ ਠਾਕ ਰਿਹਾ ਤਾਂ ਇਸ ਵਾਰ ਸੋਮਵਾਰ ਨੂੰ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਲੰਬੀ ਹਲਕੇ ਦੇ ਧੜੱਲੇਦਾਰ ਕਾਂਗਰਸੀ ਆਗੂ ਗੁਰਮੀਤ ਸਿੰਘ ਖੁੱਡੀਆਂ ਪਾਰਟੀ ਵੱਲੋਂ ਬਾਦਲਾਂ ਨਾਲ ਸਿਆਸੀ ਟੱਕਰ ਲੈਣਗੇ। ਅੱਜ ਪਾਰਟੀ ਵੱਲੋਂ ਖੁੱਡੀਆਂ ਨੂੰ ਹਲਕਾ ਇੰਚਾਰਜ ਨਿਯੁਕਤ ਕਾਰਨ ਕਾਫੀ ਹੱਦ ਤੱਕ ਇੰਨ੍ਹਾਂ ਤੱਥਾਂ ਦੀ ਪੁਸ਼ਟੀ ਵੀ ਹੁੰਦੀ ਹੈ। ਉਂਜ ਵੀ ਆਮ ਆਦਮੀ ਪਾਰਟੀ ਕੋਲ ਦੂਸਰਾ ਕੋਈ ਚਿਹਰਾ ਵੀ ਨਹੀਂ ਹੈ ਜਿਸ ਕਰਕੇ ਐਤਕੀਂ ਆਪ ਲੀਡਰਸ਼ਿਪ ਪਿਛਲੀ ਵਾਰ ਵਰਗੀ ਗਲ੍ਹਤੀ ਨਹੀਂ ਦੁਰਹਾਏਗੀ । ਇਸੇ ਕਾਰਨ ਹੀ ਖੁੱਡੀਆਂ ਦੀ ਸ਼ਮੂਲੀਅਤ ਵਾਲੇ ਦਿਨ ਤੋਂ ਹੀ ਲੰਬੀ ਹਲਕਾ ਵੱਡੀ ਸਿਆਸੀ ਜੰਗ ਲਈ ਤਿਆਰ ਹੋਣ ਲੱਗਿਆ ਹੈ। ਅਹਿਮ ਸੂਤਰ ਦੱਸਦੇ ਹਨ ਕਿ ਖੁੱਡੀਆਂ ਦਾ ਅਚਾਨਕ ਆਪ ’ਚ ਸ਼ਾਮਲ ਹੋਣਾ ਕੋਈ ਸਹਿਜ ਨਹੀਂ ਹੈ।
ਆਮ ਆਦਮੀ ਪਾਰਟੀ ਵੀ ਇਸ ਵਾਰ ਹਲਕੇ ’ਚ ਸਥਾਨਕ ਲੋਕਾਂ ਦੀ ਨਬਜ਼ ਪਛਾਨਣ ਵਾਲਾ ਉਮੀਦਵਾਰ ਉਤਾਰਨ ਦੀ ਤਿਆਰੀ ’ਚ ਦਿਖਾਈ ਦੇ ਰਹੀ ਹੈ। ਗੁਰਮੀਤ ਸਿੰਘ ਖੁੱਡੀਆਂ ਅਕਾਲੀ ਦਲ ਅਤੇ ਕਾਂਗਰਸ ਦੋਵਾਂ ਦੀ ਰਾਜਨੀਤੀ ਨੇੜਿਓਂ ਦੇਖ ਚੁੱਕੇ ਹਨ ਜਿਸ ਕਰਕੇ ਉਨ੍ਹਾਂ ਨੇ ਆਪ ਨੂੰ ਸਿਆਸੀ ਪਲੇਟਫਾਰਮ ਵਜੋਂ ਚੁਣਿਆ ਹੈ। ਖੁੱਡੀਆਂ ਕਾਂਗਰਸ ਨਾਲ ਇਸ ਗੱਲ ਤੋਂ ਖਫਾ ਹੋਇਆ ਹੈ ਕਿ ਪਿਛਲੀ ਵਾਰ ਅਕਾਲੀ ਦਲ ਖਿਲਾਫ ਲੋਕ ਰੋਹ ਦੀ ਹਨੇਰੀ ਦੇ ਬਾਵਜੂਦ ਕਾਂਗਰਸੀ ਲੀਡਰਾਂ ਨੇ ‘ਫਰੈਂਡਲੀ ਮੈਚ ’ਚ ਖੇਡ੍ਹਕੇ ਗੁੜ ਗੋਬਰ ਕਰ ਦਿੱਤਾ। ਲੰਬੀ ਹਲਕੇ ਦੇ ਇੱਕ ਆਪ ਆਗੂ ਨੇ ਦੱਸਿਆ ਕਿ ਕਾਂਗਰਸ ਸਰਕਾਰ ਕੋਲ ਲੋਕਾਂ ’ਚ ਫੈਲੀ ਨਿਰਾਸ਼ਾ ਅਤੇ ਮੁਸ਼ਕਲਾਂ ਦਾ ਹੱਲ ਕਰਨ ਲਈ ਕੋਈ ਠੋਸ ਪ੍ਰੋਗਰਾਮ ਨਹੀਂ ਹੈ ਜਦੋਂ ਕਿ ਪਿਛਲੇ ਦਸ ਵਰਿ੍ਹਆਂ ਦੀ ਕਾਰਗੁਜਾਰੀ ਨੂੰ ਦੇਖਦਿਆਂ ਲੋਕ ਅਕਾਲੀ ਦਲ ਤੇ ਭਰੋਸਾ ਕਰਨੋ ਹਟ ਗਏ ਹਨ।
ਪਤਾ ਲੱਗਿਆ ਹੈ ਕਿ ਹੁਣ ਆਮ ਆਦਮੀ ਪਾਰਟੀ ਦੇ ਕਾਰਕੁੰਨ ਲੰਬੀ ਹਲਕੇ ਨਾਲ ਸਬੰਧਤ ੇ ਪਿੰਡਾਂ ਵਿੱਚ ਲੋਕਾਂ ਦੇ ਬੂਹੇ ਖੜਕਾਉਣਗੇ ਅਤੇ ਭਵਿੱਖ ਦੀਆਂ ਨੀਤੀ ਤੋਂ ਜਾਣੂੰ ਕਰਵਾਕੇ ਪਾਰਟੀ ਨਾਲ ਜੋੜਨ ਦਾ ਕੰਮ ਕੀਤਾ ਜਾਏਗਾ । ਖੁੱਡੀਆਂ ਦੇ ਕਰੀਜ਼ ਤੇ ਆਉਣ ਤੋਂ ਬਾਅਦ ਪਿਛਲੀਆਂ ਚੋਣਾਂ ਮਗਰੋਂ ਕਾਫੀ ਹੱਦ ਤੱਕ ਨਿਰਾਸ਼ ਬੈਠੇ ਪਾਰਟੀ ਵਲੰਟੀਅਰਾਂ ਅਤੇ ਸਮਰਥਕਾਂ ਨੂੰ ਹੁਲਾਰਾ ਦਿੱਤਾ ਹੈ ਅਤੇ ਵਿਰੋਧੀਆਂ ਖਾਸ ਕਰਕੇ ਅਕਾਲੀ ਦਲ ਲਈ ਖ਼ਤਰੇ ਦੀ ਘੰਟੀ ਵੱਜ ਗਈ ਹੈ। ਦੱਸਿਆ ਜਾਂਦਾ ਹੈ ਕਿ ਲੰਬੀ ਹਲਕੇ ਨਾਲ ਸਬੰਧਤ ਪਾਰਟੀ ਵਲੰਟੀਅਰਾਂ ਦੀ ਵੀ ਹਾਈਕਮਾਨ ਤੋਂ ਇਹੋ ਮੰਗ ਹੈ ਕਿ ਅਜਿਹਾ ਉਮੀਦਵਾਰ ਦਿੱਤਾ ਜਾਏ ਜੋ ਅਕਾਲੀ ਦਲ ਦੀ ਵਕਾਰੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾ ਸਕੇ। ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਫੈਸਲਾ ਤਾਂ ਹਾਈਕਮਾਨ ਨੇ ਕਰਨਾ ਹੈ ਪਰ ਲੰਬੀ ਹਲਕੇ ਤੋਂ ਅਜਿਹਾ ਚਿਹਰਾ ਉਤਾਰਿਆ ਜਾਏ ਜੋ ਬਾਦਲਾਂ ਨੂੰ ਚਿੱਤ ਕਰ ਦੇਵੇ।
ਗਲ੍ਹਤ ਚਾਲ ਨਾਲ ਜਿੱਤੀ ਬਾਜੀ ਹਾਰੀ ਆਪ
ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦਾ ਵਿਸ਼ਲੇਸ਼ਣ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ ਇੱਕ ਗਲ੍ਹਤ ਚਾਲ ਕਾਰਨ ਲੰਬੀ ਹਲਕੇ ’ਚ ਹਾਰ ਦਾ ਮੂੰਹ ਦੇਖਣਾ ਪਿਆ ਸੀ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਝਾੜੂ ਦੇ ਹੱਕ ’ਚ ਹਵਾ ਹੋਣ ਦੇ ਬਾਵਜੂਦ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਨੂੰ ਬਾਦਲਾਂ ਖਿਲਾਫ ਉਤਾਰਨ ਦਾ ਫੈਸਲਾ ਸਹੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਜੇਕਰ ਉਸ ਵਕਤ ਵੀ ਹਲਕੇ ਦੇ ਕਿਸੇ ਲੀਡਰ ਨੂੰ ਆਮ ਆਦਮੀ ਵਜੋਂ ਮੈਦਾਨ ’ਚ ਲਿਆਂਦਾ ਜਾਂਦਾ ਤਾਂ ਬਾਜੀ ਮਾਰੀ ਜਾ ਸਕਦੀ ਸੀ। ਉਨ੍ਹਾਂ ਦੱਸਿਆ ਕਿ ਅਜਿਹੇ ਹਾਲਾਤਾਂ ’ਚ ਨਾਂ ਕੈਪਟਨ ਅਮਰਿੰਦਰ ਸਿੰਘ ਲੰਬੀ ਹਲਕੇ ਦਾ ਰੁੱਖ ਕਰਦੇ ਅਤੇ ਨਾਂ ਹੀ ਵੋਟ ਵੰਡੀ ਜਾਂਦੀ ਜੋਕਿ ਆਮ ਆਦਮੀ ਪਾਰਟੀ ਦੀਆਂ ਬੇੜੀਆਂ ’ਚ ਵੱਟੇ ਪਾਉਣ ਵਾਲੀ ਸਾਬਤ ਹੋਈ ਹੈ।
ਬਦਲਣਗੇ ਸਿਆਸੀ ਸਮੀਕਰਨ
ਕਰੀਬ ਦੋ ਦਹਾਕੇ ਕਾਂਗਰਸੀ ਵਜੋਂ ਵਿਚਰਨ ਵਾਲੇ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਆਪ ’ਚ ਸ਼ਾਮਲ ਹੋਣ ਪਿੱਛੋਂ ਕਈ ਜਿਲਿ੍ਹਆਂ ਦੀ ਸਿਆਸਤ ’ਚ ਤਬਦੀਲੀਆਂ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹਾਲਾਂਕਿ ਲੰਬੀ ਹਲਕੇ ਨੂੰ ਲੈਕੇ ਗੁਰਮੀਤ ਖੁੱਡੀਆਂ ਅਤੇ ਉਨ੍ਹਾਂ ਦੇ ਕੁੱਝ ਸਾਥੀਆਂ ਸਬੰਧੀ ਕਈ ਤਰਾਂ ਦੀ ਚੁੰਝ ਚਰਚਾ ਹੈ ਫਿਰ ਵੀ ਉਨ੍ਹਾਂ ਨੂੰ ਸਮੂਹ ਚਰਚਾਵਾਂ ਨੂੰ ਪਛਾੜਨ ਲਈ ਯਤਨ ਕਰਨੇ ਪੈਣਗੇ। ਦਿਆਨਤਦਾਰ ਸਿਆਸਤਦਾਨ ਜਗਦੇਵ ਸਿੰਘ ਖੁੱਡੀਆਂ ਦਾ ਲੜਕਾ ਹੋਣ ਦਾ ਲਾਭ ਵੀ ਗੁਰਮੀਤ ਸਿੰਘ ਖੁੱਡੀਆਂ ਨੂੰ ਮਿਲੇਗਾ। ਉਂਜ ਵੀ ਲੰਬੀ ਹਲਕਾ ਆਪ ਤਰਫੋਂ ਸਿਆਸੀ ਤੌਰ ਤੇ ਵਿਹਲਾ ਪਿਆ ਹੈ ਜਿਸ ਲਈ ਸਖਤ ਮਿਹਨਤ ਕਰਨੀ ਪਵੇਗੀ ਕਿਉਂਕਿ ਬਾਦਲ ਪ੍ਰੀਵਾਰ ਅੱਜ ਤੱਕ ਕਦੇ ਵੀ ਚੋਣ ਹਾਰਨ ਲਈ ਨਹੀਂ ਖੜ੍ਹਾ ਹੋਇਆ ਜਿਸ ਦੀ ਮਿਸਾਲ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਹਲਕੇ ’ਚ ਲੋਕ ਦੇਖ ਚੁੱਕੇ ਹਨ।