'ਮੀਟ ਦਾ ਚੈਂਪੀਅਨਜ਼ ਆਫ਼ ਦਾ ਗੋਲਡ ਕੋਸਟ'
( ਆਸਟ੍ਰੇਲੀਆ ਦੇ ਗੋਲਡ ਕੋਸਟ ਵਿਖੇ ਚੱਲ ਰਹੀਆਂ 21ਵੀਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਭਾਰਤੀ ਖਿਡਾਰੀਆਂ ਨੇ ਪਹਿਲੇ ਦਾਨ ਹੀ ਆਪਣੀ ਜੇਤੂ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਖੇਡ ਮਾਹਰ ਅਤੇ ਲੇਖਕ ਨਵਦੀਪ ਸਿੰਘ ਗਿੱਲ ਇਸ ਕਾਲਮ 'ਮੀਟ ਦਾ ਚੈਂਪੀਅਨਜ਼ ਆਫ਼ ਗੋਲਡ ਕੋਸਟ' ਰਾਹੀਂ ਬਾਬੂਸ਼ਾਹੀ ਡਾਟ ਕਾਮ ਨੂੰ ਫਾਲੋ ਕਰਨ ਵਾਲੇ ਪਾਠਕਾਂ ਲਈ ਤਮਗ਼ਾ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਦੇ ਖੇਡ ਜੀਵਨ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰ ਰਹੇ ਹਨ --ਸੰਪਾਦਕ )
- ਟੇਬਲ ਟੈਨਿਸ ਮਹਿਲਾ ਟੀਮ ਨੇ ਉਲਟ ਫੇਰ ਕਰਦਿਆਂ ਸੋਨ ਤਮਗਾ ਜਿੱਤਿਆ
- ਹਾਕੀ ਵਿੱਚ ਪੁਰਸ਼ਾਂ ਤੇ ਮਹਿਲਾ ਦੋਵੇਂ ਟੀਮਾਂ ਨੇ ਵੀ ਜਿੱਤ ਦਾ ਸਵਾਦ ਚਖਿਆ
- ਹਿਨਾ ਸਿੱਧੂ ਤੇ ਵਿਕਾਸ ਠਾਕੁਰ ਨੇ ਤਮਗੇ ਜਿੱਤ ਕੇ ਪੰਜਾਬ ਦਾ ਮਾਣ ਵਧਾਇਆ
- ਮੇਰੀਕੌਮ ਨੇ ਸੈਮੀ ਫਾਈਨਲ ਵਿੱਚ ਦਾਖਲਾ ਪਾ ਕੇ ਤਮਗਾ ਪੱਕਾ ਕੀਤਾ
ਗੋਲਡ ਕੋਸਟ ਵਿਖੇ ਚੱਲ ਰਹੀਆਂ 21ਵੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਤਮਗਾ ਜੇਤੂ ਮੁਹਿੰਮ ਨੂੰ ਅੱਜ ਵੱਡਾ ਹੁਲਾਰਾ ਮਿਲਿਆ। ਵੇਟਲਿਫਟਰਾਂ ਦੇ ਨਿਰੰਤਰ ਸ਼ਾਨਦਾਰ ਪ੍ਰਦਰਸ਼ਨ ਦੌਰਾਨ ਅੱਜ ਨਿਸ਼ਾਨੇਬਾਜ਼ਾਂ ਨੇ ਵੀ ਤਮਗੇ ਫੰੁਡੇ।ਸਭ ਤੋਂ ਵੱਡਾ ਖ਼ੁਸ਼ੀ ਭਰਿਆ ਅਚੰਭਾ ਮਹਿਲਾ ਟੇਬਲ ਟੈਨਿਸ ਟੀਮ ਨੇ ਦਿੰਦਿਆਂ ਸੋਨ ਤਮਗਾ ਜਿੱਤਿਆ।ਅੱਜ ਦੇ ਦਿਨ ਨੂੰ ਸੁਪਰ ਸੰਡੇ ਬਣਾਉਂਦਿਆਂ ਭਾਰਤੀ ਖੇਡ ਦਲ ਨੇ ਤਮਗਾ ਸੂਚੀ ਵਿੱਚ ਚੋਖਾ ਵਾਧਾ ਕੀਤਾ।ਭਾਰਤ ਨੇ ਹੁਣ ਤੱਕ 7 ਸੋਨ ਤਮਗੇ, ਦੋ ਚਾਂਦੀ ਤੇ ਤਿੰਨ ਕਾਂਸੀ ਦੇ ਤਮਗਿਆਂ ਨਾਲ ਕੁੱਲ 12 ਤਮਗੇ ਜਿੱਤੇ ਹਨ। ਅੱਜ ਦੇ ਦਿਨ ਹੀ ਭਾਰਤ ਨੇ ਤਿੰਨ ਸੋਨ ਤਮਗੇ ਿਜੱਤੇ ਜਿਹੜੇ ਤਿੰਨ ਵੱਖ-ਵੱਖ ਖੇਡਾਂ ਵੇਟਲਿਫਟਿੰਗ, ਨਿਸ਼ਾਨੇਬਾਜ਼ੀ ਤੇ ਟੇਬਲ ਟੈਨਿਸ ਵਿੱਚ ਆਏ।ਹਾਕੀ ਦੇ ਪੁਰਸ਼ ਤੇ ਮਹਿਲਾ ਦੋਵਾਂ ਵਰਗਾਂ ਵਿੱਚ ਵੀ ਭਾਰਤੀ ਟੀਮਾਂ ਨੇ ਜਿੱਤ ਹਾਸਲ ਕੀਤੀ।
ਗੋਲਡ ਕੋਸਟ ਵਿਖੇ ਵੇਟਲਿਫਟਿੰਗ ਵਿੱਚ ਅੱਜ ਲਗਾਤਾਰ ਚੌਥੇ ਦਿਨ ਭਾਰਤ ਨੇ ਗੋਲਡ ਮੈਡਲ ਦਾ ਭਾਰ ਚੁੱਕਿਆ। ਉਤਰ ਪ੍ਰਦੇਸ਼ ਦੇ ਵਾਰਾਨਸੀ ਦੀ ਪੂਨਮ ਯਾਦਵ ਨੇ ਮਹਿਲਾਵਾਂ ਦੇ 69 ਕਿਲੋ ਵਰਗ ਵਿੱਚ ਕੁੱਲ 222 ਭਾਰ ਚੱੁਕਦਿਆਂ ਸੋਨ ਤਮਗਾ ਜਿੱਤਿਆ।ਸਨੈਚ ਵਿੱਚ 100 ਕਿਲੋ ਤੇ ਕਲੀਨ ਅਤੇ ਜਰਕ ਵਿੱਚ 122 ਕਿਲੋ ਭਾਰ ਚੱੁਕਿਆ। ਪੂਨਮ ਨੇ 2014 ਦੀਆਂ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ 63 ਕਿਲੋ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ ਅਤੇ ਚਾਰ ਸਾਲ ਬਾਅਦ ਉਸ ਨੇ ਹੋਰ ਛੇ ਕਿਲੋ ਵੱਡੇ ਵਰਗ ਵਿੱਚ ਹਿੱਸਾ ਲੈਂਦਿਆ ਆਪਣੇ ਤਮਗੇ ਦਾ ਰੰਗ ਬਦਲ ਲਿਆ। ਪੁਰਸ਼ਾਂ ਦੇ 94 ਕਿਲੋ ਵਰਗ ਵਿੱਚ ਪੰਜਾਬ ਦੇ ਲੁਧਿਆਣਾ ਦੇ ਵੇਟਲਿਫਟਰ ਵਿਕਾਸ ਠਾਕੁਰ ਨੇ ਕੁੱਲ 351 ਕਿਲੋ (159 ਸਨੈਚ+192 ਕਲੀਨ ਤੇ ਜਰਕ) ਭਾਰ ਚੱੁਕਦਿਆਂ ਕਾਂਸੀ ਦਾ ਤਮਗਾ ਜਿੱਤਿਆ।ਵਿਕਾਸ ਨੇ 2014 ਦੀਆਂ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ 85 ਕਿਲੋ ਵਰਗ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ।
ਨਿਸ਼ਾਨੇਬਾਜ਼ੀ ਦੇ ਅੱਜ ਸ਼ੁਰੂ ਹੋਏ ਮੁਕਾਬਲਿਆਂ ਵਿੱਚ ਭਾਰਤੀ ਨਿਸ਼ਾਨੇਬਾਜ਼ਾਂ ਨੇ ਪਹਿਲੇ ਹੀ ਦਿਨ 1-1-1 ਸੋਨੇ, ਚਾਂਦੀ ਤੇ ਕਾਂਸੀ ਦੇ ਤਮਗੇ ਉਪਰ ਨਿਸ਼ਾਨਾ ਲਾਇਆ। ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਈਵੈਂਟ ਵਿੱਚ ਭਾਰਤ ਦੀ ਮਨੂ ਬਾਕੇਰ ਨੇ 240.9 ਸਕੋਰ ਦੇ ਨਵੇਂ ਰਿਕਾਰਡ ਨਾਲ ਸੋਨ ਤਮਗਾ ਅਤੇ ਭਾਰਤ ਦੀ ਹੀ ਇਕ ਹੋਰ ਨਿਸ਼ਾਨੇਬਾਜ਼ ਹਿਨਾ ਸਿੱਧੂ ਨੇ 234 ਸਕੋਰ ਨਾਲ ਚਾਂਦੀ ਦਾ ਤਮਗਾ ਜਿੱਤਿਆ। ਹਰਿਆਣਾ ਦੀ 16 ਵਰ੍ਹਿਆਂ ਦੀ ਮਨੂ ਨੇ ਇਸ ਸਾਲ ਆਈ.ਸੀ.ਸੀ.ਐਫ. ਵਿਸ਼ਵ ਕੱਪ ਵਿੱਚ ਦੋ ਸੋਨ ਤਮਗੇ ਜਿੱਤ ਕੇ ਸਭ ਤੋਂ ਛੋਟੀ ਉਮਰ ਦੀ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਸੀ।ਮਨੂ ਨਿਸ਼ਾਨੇਬਾਜ਼ੀ ਤੋਂ ਇਲਾਵਾ 14 ਸਾਲ ਦੀ ਉਮਰ ਤੱਕ ਮਨੀਪੁਰੀ ਮਾਰਸ਼ਲ ਆਰਟ ਹਿਊਯੇਨ ਲੈਂਗਲੋਨ, ਮੁੱਕੇਬਾਜ਼ੀ, ਟੈਨਿਸ ਤੇ ਸਕੇਟਿੰਗ ਵੀ ਖੇਡਦੀ ਰਹੀ ਹੈ ਜਿੱਥੇ ਉਸ ਨੇ ਕੌਮੀ ਪੱਧਰ ਉਤੇ ਵੀ ਤਮਗੇ ਜਿੱਤੇ। ਕੇਰਲਾ ਵਿਖੇ ਕੌਮੀ ਖੇਡਾਂ ਵਿੱਚ ਉਸ ਨੇ 9 ਸੋਨ ਤਮਗੇ ਜਿੱਤੇ ਸਨ।ਪੰਜਾਬ ਦੀ ਹਿਨਾ ਸਿੱਧੂ ਅੱਜ ਦੀ ਚਾਂਦੀ ਖੱਟਣ ਤੋਂ ਪਹਿਲਾਂ ਪਿਛਲੇ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਭਾਰਤ ਲਈ ਤਮਗੇ ਜਿੱਤਦੀ ਆ ਰਹੀ ਹੈ। ਅਰਜੁਨਾ ਐਵਾਰਡ ਜੇਤੂ ਹਿਨਾ ਨੇ ਹੁਣ ਤੱਕ ਭਾਰਤ ਲਈ ਦੋ ਵਿਸ਼ਵ ਕੱਪਾਂ ਵਿੱਚ ਦੋ ਸੋਨ ਤਮਗੇ, 2010 ਦੀਆਂ ਨਵੀਂ ਦਿੱਲੀ ਰਾਸ਼ਟਰਮੰਡਲ ਖੇਡਾਂ ਵਿੱਚ ਇਕ-ਇਕ ਸੋਨੇ ਤੇ ਚਾਂਦੀ ਦਾ ਤਮਗਾ, 2010 ਦੀਆਂ ਗੁਆਂਗਜ਼ੂ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਮਗਾ ਅਤੇ 2014 ਦੀਆਂ ਇੰਚੇਓਨ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ।ਅੱਜ ਨਿਸ਼ਾਨੇਬਾਜ਼ੀ ਦੇ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਈਵੈਂਟ ‘ਚ ਰਵੀ ਕੁਮਾਰ ਨੇ ਕਾਂਸੀ ਦਾ ਤਮਗਾ ਜਿੱਤਿਆ। ਰਵੀ ਨੇ 2014 ਦੀਆਂ ਇੰਚੇਓਨ ਏਸ਼ਿਆਈ ਖੇਡਾਂ ਵਿੱਚ ਵੀ ਕਾਂਸੀ ਦਾ ਤਮਗਾ ਜਿੱਤਿਆ ਸੀ।
ਭਾਰਤੀ ਖੇਡ ਦਲ ਲਈ ਸਭ ਤੋਂ ਹੈਰਾਨੀਜਨਕ ਖ਼ੁਸ਼ੀ ਮਹਿਲਾ ਟੇਬਲ ਟੈਨਿਸ ਟੀਮ ਮੁਕਾਬਲਿਆਂ ਵਿੱਚ ਆਈ ਜਿੱਥੇ ਭਾਰਤੀ ਟੀਮ ਨੇ ਫਾਈਨਲ ਵਿੱਚ ਇਸ ਖੇਡ ਦੀ ਚੈਂਪੀਅਨ ਟੀਮ ਸਿੰਗਾਪੁਰ ਨੂੰ ਹਰਾ ਕੇ ਵੱਡਾ ਉਲਟ ਫੇਰ ਕਰਦਿਆਂ ਸੋਨ ਤਮਗਾ ਜਿੱਤਿਆ।ਮਨਿਕਾ ਬੱਤਰਾ ਦੀ ਬਿਹਤਰੀਨ ਖੇਡ ਸਦਕਾ ਭਾਰਤ ਨੇ ਫਾਈਨਲ ਮੈਚ 3-1 ਨਾਲ ਜਿੱਤਿਆ।ਮਹਿਲਾ ਮੁੱਕੇਬਾਜ਼ੀ ਦੇ 48 ਕਿਲੋ ਵਰਗ ਵਿੱਚ ਭਾਰਤ ਦੀ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਤਮਗਾ ਜੇਤੂ ਐਮ ਸੀ ਮੇਰੀਕੌਮ ਨੇ ਸੈਮੀਫਾਈਨਲ ਵਿੱਚ ਦਾਖਲਾ ਪਾ ਕੇ ਤਮਗਾ ਪੱਕਾ ਕਰ ਲਿਆ। ਮੇਰੀਕੌਮ ਨੇ ਕੁਆਰਟਰ ਫਾਈਨਲ ਵਿੱਚ ਸਕਾਟਲੈਂਡ ਦੀ ਐਮ ਗੌਰਡਨ ਨੂੰ ਹਰਾਇਆ।
ਹਾਕੀ ਦੇ ਮਹਿਲਾ ਵਰਗ ਵਿੱਚ ਵੀ ਭਾਰਤੀ ਟੀਮ ਨੇ ਵਿਸ਼ਵ ਚੈਂਪੀਅਨ ਇੰਗਲੈਂਡ ਨੂੰ 2-1 ਨਾਲ ਹਰਾ ਕੇ ਵੱਡਾ ਝਟਕਾ ਦਿੰਦਿਆਂ ਲੀਗ ਦੌਰ ਵਿੱਚ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ। ਭਾਰਤੀ ਟੀਮ ਨੇ ਸੈਮੀ ਫਾਈਨਲ ਵਿੱਚ ਦਾਖਲੇ ਲਈ ਦਾਅਵਾ ਮਜ਼ਬੂਤ ਕੀਤਾ।ਭਾਰਤ ਵੱਲੋਂ ਨਵਨੀਤ ਕੌਰ ਅਤੇ ਗੁਰਜੀਤ ਕੌਰ ਨੇ ਗੋਲ ਕੀਤੇ। ਪੁਰਸ਼ ਵਰਗ ਵਿੱਚ ਭਾਰਤ ਨੇ ਕਮਜ਼ੋਰ ਸਮਝੀ ਜਾਂਦੀ ਵੇਲਜ਼ ਦੀ ਟੀਮ ਨੂੰ ਕਰੜੇ ਮੁਕਾਬਲੇ ਵਿੱਚ 4-3 ਨਾਲ ਹਰਾ ਕੇ ਪਹਿਲੀ ਜਿੱਤ ਹਾਸਲ ਕੀਤੀ। ਭਾਰਤ ਵੱਲੋਂ ਹਰਮਨਪ੍ਰੀਤ ਸਿੰਘ, ਦਿਲਪ੍ਰੀਤ ਸਿੰਘ, ਮਨਦੀਪ ਸਿੰਘ ਤੇ ਐਸ ਵੀ ਸੁਨੀਲ ਨੇ ਇਕ-ਇਕ ਗੋਲ ਕੀਤਾ।
ਨਵਦੀਪ ਸਿੰਘ ਗਿੱਲ (97800-36216)
navdeepsinghgill82@gmail.com