ਵੈਨਕੂਵਰ, 24 ਜੂਨ 2020 - ਭਾਰਤ ਤੇ ਚੀਨ ਵਿਚਾਲੇ ਛਿੜੇ ਵਿਵਾਦ ਤੋਂ ਬਾਅਦ ਦੁਨੀਆਂ 'ਚ ਵੱਸਦੇ ਹਰ ਭਾਰਤੀ ਦੁਆਰਾ ਚੀਨ ਖਿਲਾਫ ਰੋਸ ਪ੍ਰੋਟੈਸਟ ਕਰਕੇ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਕੈਨੇਡਾ ਦੇ ਵੈਨਕੂਵਰ 'ਚ ਵੀ ਭਾਰਤੀ ਮੂਲ ਦੇ ਕੈਨੇਡੀਅਨਾਂ ਦੁਆਰਾ ਚੀਨ ਦੇ ਇਸ ਰਵੱਈਏ ਦੀ ਨਿੰਦਿਆ ਕਰਦਿਆਂ ਚੀਨੀ ਕੌਂਸਲੇਟ ਅੱਗੇ 23 ਜੂਨ ਨੂੰ ਹੱਥਾਂ 'ਚ ਬੈਨਰ ਫੜ ਕੇ ਰੋਸ ਵਿਖਾਵਾ ਕੀਤਾ ਗਿਆ।
ਪ੍ਰਦਰਸ਼ਨਕਾਰੀਆਂ ਨੇ "ਭਾਰਤ ਵਿਚ ਲੋਕਾਂ ਦੀ ਹੱਤਿਆ ਰੋਕੋ" ਅਤੇ "ਜੰਗ ਫੈਲਾਉਣ ਨੂੰ ਰੋਕੋ" ਅਤੇ "ਮੁਫਤ ਤਿੱਬਤ" ਵਰਗੇ ਬੈਨਰ ਫੜੇ ਹੋਏ ਸਨ।
ਪ੍ਰਦਰਸ਼ਨਕਾਰੀਆਂ ਵਿਚੋਂ ਇਕ ਨੇ ਕਿਹਾ ਕਿ ਚੀਨ ਵਿਸ਼ਵ ਸ਼ਾਂਤੀ ਅਤੇ ਲੋਕਤੰਤਰ ਲਈ ਖਤਰਾ ਹੈ ਅਤੇ ਇਹ ਨਾ ਸਿਰਫ ਭਾਰਤ ਨੂੰ ਪ੍ਰੇਸ਼ਾਨ ਕਰ ਰਿਹਾ ਹੈ ਬਲਕਿ ਇਸ ਦੇ ਸਾਰੇ ਗੁਆਂਢੀ ਮੁਲਕਾਂ ਨੂੰ ਤੰਗ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਉਹ ਖੁੱਲ੍ਹ ਕੇ ਚੀਨੀ ਲੋਕਾਂ ਦਾ ਟਾਕਰਾ ਕਰਨ ਅਤੇ ਉਨ੍ਹਾਂ ਦੀ ਵਿਸਤਾਰਵਾਦੀ ਵਿਚਾਰਧਾਰਾ ਨੂੰ ਰੋਕਣ। ਉਨ੍ਹਾਂ ਨੇ ਅੱਗੇ ਕਿਹਾ ਕਿ ਹਰੇਕ ਨੂੰ ਚੀਨੀ ਸਮਾਨ ਦਾ ਵੀ ਬਾਈਕਾਟ ਕਰਨਾ ਚਾਹੀਦਾ ਹੈ। ਇਹ ਰੋਸ ਵਿਖਾਵਾ ਨਾਮੀ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕ ਅਤੇ ਰੇਡੀਓ ਇੰਡੀਆ ਦੇ ਮਾਲਕ-ਸੰਚਾਲਕ ਮਨਿੰਦਰ ਗਿੱਲ ਦੀ ਅਗਵਾਈ ਵਾਲੇ ਗਰੁੱਪ "ਫ੍ਰੈਂਡਜ਼ ਆਫ਼ ਇੰਡੀਆ " ਡੀ ਪਹਿਲਕਦਮੀ ਤੇ ਕੀਤਾ ਗਿਆ ਸੀ .
ਜ਼ਿਕਰੇਖਾਸ ਹੈ ਕਿ ਬੀਤੇ ਦਿਨੀਂ ਚੀਨ ਨਾਲ ਹੋਏ ਟਕਰਾਅ 'ਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ ਜਿਸ ਦੇ ਰੋਸ ਵਜੋਂ ਪੂਰੇ ਵਿਸ਼ਵ 'ਚ ਵੱਸਦੇ ਭਾਰਤੀ ਇਸਦਾ ਵਿਰੋਧ ਕਰ ਰਹੇ ਹਨ ਅਤੇ ਭਾਰਤ ਦੇ ਕਈ ਸੂਬਿਆਂ 'ਚ ਚੀਨੀ ਸਮਾਨ ਦਾ ਬਾਈਕਾਟ ਕਰਨ ਖਾਤਿਰ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਚੀਨ ਦੇ ਬਣੇ ਸਮਾਨ ਦੀ ਭੰਨਤੋੜ ਆਦਿ ਦੀਆਂ ਵਿਡੀਉਜ਼ ਵੀ ਲਗਾਤਾਰ ਵਾਇਰਲ ਹੋ ਰਹੀਆਂ ਹਨ।