ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜੇਸੀ ਸਿੰਘ
ਵਾਸ਼ਿੰਗਟਨ, 30 ਸਤੰਬਰ 2019 - ਸਿੱਖ ਭਾਈਚਾਰੇ ਦੀ ਸਿਰਮੌਰ ਸੰਸਥਾ ਸਿੱਖਸ ਆਫ ਅਮਰੀਕਾ ਵੱਲੋਂ ਭਾਰਤ ਸਰਕਾਰ ਦੇ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ ਹੈ।
ਇਸ ਫੈਸਲੇ ਦਾ ਸਵਾਗਤ ਕਰਦਿਆਂ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜੇਸੀ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ, “ਜਦੋਂ ਅਸੀਂ ਹਿਊਸਟਨ ਵਿੱਚ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਤਾਂ ਉਨ੍ਹਾਂ ਨੇ ਸਾਨੂੰ ਕਿਹਾ ਸੀ ਕਿ ਸਿੱਖਾਂ ਦੁਆਰਾ 2014 ਦੇ ਮੈਮੋਰੰਡਮ 'ਚੋਂ ਇੱਕ ਮੰਗ ਦਾ ਜਲਦੀ ਹੀ ਜਵਾਬ ਦਿੱਤਾ ਜਾਵੇਗਾ। ਜੋ ਕਿ ਉਨ੍ਹਾਂ ਦਿਨਾਂ ਦੀ ਇਕੋ ਇਕ ਬਾਕੀ ਮੰਗ ਜੇਲ੍ਹਾਂ ਵਿਚੋਂ ਸਿੱਖ ਕੈਦੀਆਂ ਦੀ ਰਿਹਾਈ ਸੀ।"
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕੱਲ੍ਹ, ਭਾਰਤ ਸਰਕਾਰ ਨੇ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਅੱਠ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਮੌਕੇ ਅਜਿਹਾ ਫੈਸਲਾ ਬਹੁਤ ਹੀ ਸ਼ਲਾਘਾਯੋਗ ਹੈ।
ਸਿੱਖਸ ਆਫ ਅਮਰੀਕਾ ਦੇ ਪ੍ਰਧਾਨ ਕੰਵਲਜੀਤ ਸਿੰਘ ਸੋਨੀ ਅਤੇ ਬਲਜਿੰਦਰ ਸਿੰਘ ਨੇ ਭਾਰਤੀ ਗ੍ਰਹਿ ਮੰਤਰਾਲੇ ਦਾ ਧੰਨਵਾਦ ਕੀਤਾ ਕਿ ਮੰਤਰਾਲੇ ਨੇ ਇਕ ਹੋਰ ਸਿੱਖ ਕੈਦੀ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਦਿੱਤਾ ਹੈ।
ਜੇਸੀ ਸਿੰਘ ਦੀ ਅਗਵਾਈ ਵਾਲੇ ਸਿੱਖਸ ਆਫ ਅਮੈਰੀਕਨ ਵਫਦ ਨੇ ਭਾਰਤੀ ਪ੍ਰਧਾਨ ਮੰਤਰੀ ਮੋਦੀ ਨਾਲ ਹਿਊਸਟਨ 'ਚ ਮੁਲਾਕਾਤ ਕੀਤੀ ਸੀ। ਜਿਥੇ ਵਫਦ ਦੁਆਰਾ ਇੱਕ ਹੋਰ ਮੰਗ ਪੱਤਰ ਸੌਂਪਿਆ ਗਿਆ ਸੀ। ਜਿਸ 'ਚ ਮੋਦੀ ਸਰਕਾਰ ਦੇ 1984 ਸਿੱਖ ਦੰਗਿਆਂ ਅਤੇ ਸਿੱਖ ਭਾਈਚਾਰੇ ਦੇ ਹੱਕ 'ਚ ਹੁੰਘਾਰੇ ਲਈ ਧੰਨਵਾਦ ਕੀਤਾ ਗਿਆ ਸੀ।