- 2022 ਵਿੱਚ ਬਰਮਿੰਘਮ ਚ ਮਿਲਣ ਦੇ ਵਾਅਦੇ ਨਾਲ ਰਾਸ਼ਟਰਮੰਡਲ ਖੇਡਾਂ ਹੋਈਆਂ ਸਮਾਪਤ
-
- ਸਾਇਨਾ ਦੇ ਗੋਲਡਨ ਡਬਲ ਨਾਲ ਗੋਲਡ ਕੋਸਟ ਵਿਖੇ ਭਾਰਤੀ ਮੁਹਿੰਮ ਸੁਨਹਿਰੀ ਸੰਪੰਨ ਹੋਈ
-
- 26 ਸੋਨੇ, 20-20 ਚਾਂਦੀ ਤੇ ਕਾਂਸੀ ਦੇ ਤਮਗੇ ਨਾਲ ਕੁੱਲ 66 ਤਗਮਿਆਂ ਨਾਲ ਭਾਰਤ ਰਿਹਾ ਤੀਜੇ ਨੰਬਰ ‘ਤੇ
-
- ਆਖਰੀ ਦਿਨ ਭਾਰਤ ਨੇ ਜਿੱਤਿਆ ਇਕ ਸੋਨ ਤਮਗਾ, ਚਾਰ ਚਾਂਦੀ ਤੇ ਦੋ ਕਾਂਸੀ ਦੇ ਤਮਗੇ
ਚੰਡੀਗੜ੍ਹ , 15 ਅਪ੍ਰੈਲ , 2018 :
ਰਾਸ਼ਟਰਮੰਡਲ ਖੇਡਾਂ 2022 ਵਿੱਚ ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿੱਚ ਮਿਲਣ ਦੇ ਵਾਅਦੇ ਨਾਲ ਅੱਜ ਆਸਟਰੇਲੀਆ ਦੇ ਸ਼ਹਿਰ ਗੋਲਡ ਕੋਸਟ ਵਿਖੇ ਸ਼ਾਨਦਾਰ ਸਮਾਪਤੀ ਸਮਾਰੋਹ ਨਾਲ ਵਿਛੜ ਗਈਆਂ।ਭਾਰਤ ਲਈ ਇਹ ਖੇਡਾਂ ਬਿਹਤਰੀਨ ਪ੍ਰਦਰਸ਼ਨ ਲਈ ਜਾਣੀਆਂ ਜਾਇਆ ਕਰਨਗੀਆਂ।ਗੋਲਡ ਕੋਸਟ ਵਿਖੇ 21ਵੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਪਹਿਲੇ ਹੀ ਦਿਨ ਸ਼ੁਰੂ ਹੋਈ ਭਾਰਤ ਦੀ ਗੋਲਡਨ ਮੁਹਿੰਮ ਅੰਤਿਮ ਦਿਨ ਤੱਕ ਜਾਰੀ ਰਹਿੰਦੀ ਹੋਈ ਸ਼ਾਨਦਾਰ ਢੰਗ ਨਾਲ ਸੰਪੰਨ ਹੋਈ। ਆਖਰੀ ਦਿਨ ਬੈਡਮਿੰਟਨ ਸਟਾਰ ਨੇ ਭਾਰਤ ਲਈ ਸੋਨ ਤਮਗਾ ਜਿੱਤਿਆ। ਆਖਰੀ ਦਿਨ ਭਾਰਤ ਨੇ ਚਾਰ ਚਾਂਦੀ ਤੇ ਦੋ ਕਾਂਸੀ ਦੇ ਤਮਗੇ ਵੀ ਜਿੱਤੇ। ਭਾਰਤ ਲਈ ਕੋਈ ਵੀ ਦਿਨ ਖਾਲੀ ਨਹੀਂ ਗਿਆ ਜਿਸ ਦਿਨ ਭਾਰਤ ਨੇ ਸੋਨੇ ਦਾ ਤਮਗਾ ਨਾ ਜਿੱਤਿਆ ਹੋਵੇ।ਭਾਰਤ ਨੇ ਕੁੱਲ ਮਿਲਾ ਕੇ ਇਨ੍ਹਾਂ ਖੇਡਾਂ ਵਿੱਚ 26 ਸੋਨੇ, 20-20 ਚਾਂਦੀ ਤੇ ਕਾਂਸੀ ਦੇ ਤਮਗਿਆਂ ਸਣੇ ਕੁੱਲ 66 ਤਮਗੇ ਜਿੱਤ ਕੇ ਤਮਗਾ ਸੂਚੀ ਵਿੱਚ ਤੀਜਾ ਸਥਾਨ ਹਾਸਲ ਕੀਤਾ।ਪਹਿਲੇ ਨੰਬਰ ਉਤੇ ਆਸਟਰੇਲੀਆ ਆਇਆ ਅਤੇ ਇੰਗਲੈਂਡ ਦੂਜੇ ਨੰਬਰ ਉਤੇ ਰਿਹਾ। ਭਾਰਤ ਤੋਂ ਬਾਅਦ ਕੈਨੇਡਾ ਚੌਥੇ ਨੰਬਰ ਉਤੇ ਰਿਹਾ।
ਸਾਇਨਾ ਨੇਹਵਾਲ ਰਾਸ਼ਟਰਮੰਡਲ ਖੇਡਾਂ ਵਿੱਚ ਦੋ ਵਾਰ ਮਹਿਲਾ ਸਿੰਗਲਜ਼ ਵਿੱਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ। ਸਾਇਨਾ ਨੇ ਆਪਣੀ ਹਮਵਤਨ ਪੀ.ਵੀ. ਸਿੰਧੂ ਨੂੰ ਕਰੜੀ ਟੱਕਰ ਵਾਲੇ ਫਾਈਨਲ ਮੁਕਾਬਲੇ ਵਿੱਚ 21-18 ਤੇ 23-21 ਨਾਲ ਹਰਾਇਆ। ਸਾਇਨਾ ਨੇ ਰੀਓ ਓਲੰਪਿਕ ਖੇਡਾਂ ਦੌਰਾਨ ਗੋਡੇ ਦੀ ਸੱਟ ਤੋਂ ਬਾਅਦ ਜ਼ੋਰਦਾਰ ਵਾਪਸੀ ਕੀਤੀ ਅਤੇ ਇਨ੍ਹਾਂ ਖੇਡਾਂ ਵਿੱਚ ਦੋ ਸੋਨੇ ਦੇ ਤਮਗੇ ਜਿੱਤੇ। ਇਸ ਤੋਂ ਪਹਿਲਾ ਮਿਕਸਡ ਟੀਮ ਵਿੱਚ ਸੋਨੇ ਦਾ ਤਮਗਾ ਜਿੱਤਿਆ ਸੀ ਜਿਸ ਵਿੱਚ ਸਾਇਨਾ ਦਾ ਵੱਡਾ ਯੋਗਦਾਨ ਸੀ।ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਮਗਾ ਜੇਤੂ ਸਾਇਨਾ ਦੀ ਓਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਮਗਾ ਜੇਤੂ ਸਿੰਧੂ ਉਪਰ ਪਿਛਲੇ ਸਮੇਂ ਵਿੱਚ ਇਹ ਤੀਜੀ ਜਿੱਤ ਹੈ। ਸਾਇਨਾ ਦੀ ਜਿੱਤ ਨਾਲ ਭਾਰਤ ਨੇ ਗੋਲਡ ਕੋਸਟ ਵਿਖੇ 26ਵਾਂ ਗੋਲਡ ਮੈਡਲ ਜਿੱਤਿਆ ਜੋ ਕਿ ਇਨ੍ਹਾਂ ਖੇਡਾਂ ਵਿੱਚ ਆਖਰੀ ਸੀ। 2010 ਵਿੱਚ ਨਵੀਂ ਦਿੱਲੀ ਵਿਖੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੇ 38 ਸੋਨ ਤਮਗੇ ਜਿੱਤੇ ਸਨ ਅਤੇ ਉਦੋਂ ਵੀ ਆਖਰੀ ਸੋਨ ਤਮਗਾ ਸਾਇਨਾ ਨੇ ਜਿੱਤਿਆ ਸੀ।ਸਿੰਧੂ ਨੇ ਚਾਂਦੀ ਦਾ ਤਮਗਾ ਜਿੱਤਿਆ।
ਬੈਡਮਿੰਟਨ ਵਿੱਚ ਪੁਰਸ਼ਾਂ ਦੇ ਸਿੰਗਲਜ਼ ਦੇ ਫਾਈਨਲ ਵਿੱਚ ਹਾਰਨ ਕਰਕੇ ਭਾਰਤ ਦੇ ਸਟਾਰ ਖਿਡਾਰੀ ਸ਼੍ਰੀਕਾਂਤ ਕਦਾਂਬੀ ਨੂੰ ਚਾਂਦੀ ਦੇ ਤਮਗੇ ਉਤੇ ਸਬਰ ਕਰਨਾ ਪਿਆ। ਸ਼੍ਰੀਕਾਂਤ ਨੂੰ ਫਾਈਨਲ ਵਿੱਚ ਮਲੇਸ਼ੀਆ ਦੇ ਲੀ ਚੌਂਗ ਵੇਈ ਹੱਥੋਂ ਤਿੰਨ ਗੇਮਾਂ ਤੱਕ ਚੱਲੇ ਸੰਘਰਸ਼ਪੂਰਨ ਫਾਈਨਲ ਵਿੱਚ 21-19, 14-21 ਤੇ 14-21 ਨਾਲ ਹਾਰ ਮਿਲੀ। ਪੁਰਸ਼ਾਂ ਦੇ ਡਬਲਜ਼ ਫਾਈਨਲ ਵਿੱਚ ਵੀ ਭਾਰਤੀ ਜੋੜੀ ਐਸ. ਰਾਣਕੀਰੇਨਰੈਡੀ ਤੇ ਚਿਰਾਗ ਸ਼ੈਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਚਾਂਦੀ ਦਾ ਤਮਗਾ ਜਿੱਤਿਆ।
ਸਕੂਐਸ਼ ਦੇ ਮਹਿਲਾ ਡਬਲਜ਼ ਵਿੱਚ ਦੀਪਿਕਾ ਪਾਲੀਕੱਲ ਕਾਰਤਿਕ ਤੇ ਜੋਸ਼ਨ ਚਿਨੱਪਾ ਦੀ ਜੋੜੀ ਨੇ ਚਾਂਦੀ ਦਾ ਤਮਗਾ ਜਿੱਤਿਆ। ਇਸ ਜੋੜੀ ਨੂੰ ਫਾਈਨਲ ਵਿੱਚ ਨਿਊਜ਼ੀਲੈਂਡ ਜੋੜੀ ਹੱਥੋਂ ਸ਼ਿਕਸਤ ਮਿਲੀ। ਟੇਬਲ ਟੈਨਿਸ ਵਿੱਚ ਪੁਰਸ਼ ਸਿੰਗਲਜ਼ ਚ ਸ਼ਰਤ ਕਮਲ ਨੇ ਤੀਜੇ ਸਥਾਨ ਲਈ ਖੇਡਿਆ ਮੈਚ ਜਿੱਤ ਕੇ ਕਾਂਸੀ ਦਾ ਤਮਗਾ ਝੋਲੀ ਪਾਇਆ। ਮਿਕਸਡ ਡਬਲਜ਼ ਵਿੱਚ ਮਨਿਕਾ ਬੱਤਰਾ ਤੇ ਸਾਥਿਆ ਦੀ ਜੋੜੀ ਨੇ ਕਾਂਸੀ ਦਾ ਤਮਗਾ ਜਿੱਤਿਆ। ਤੀਜੇ ਸਥਾਨ ਲਈ ਖੇਡੇ ਮੈਚ ਵਿੱਚ ਦੋਵੇਂ ਪਾਸੇ ਭਾਰਤੀ ਜੋੜੀਆਂ ਸਨ। ਦੂਜੇ ਪਾਸੇ ਸ਼ਰਤ ਤੇ ਐਮ ਦਾਸ ਖੇਡ ਰਹੇ ਸਨ।
ਨਵਦੀਪ ਸਿੰਘ ਗਿੱਲ (97800-36216)
navdeepsinghgill82@gmail.com