- 94 ਸਾਲਾਂ ਦੌਰਾਨ 12 ਵਾਰ ਹੋਈ ਹੈ ਸ਼੍ਰੋਮਣੀ ਕਮੇਟੀ ਜਨਰਲ ਹਾਊਸ ਦੀ ਆਮ ਚੋਣ
- ਅੰਗਰੇਜ਼ੀ ਰਾਜ ਦੇ 21 ਸਾਲਾਂ ‘ਚ 7 ਵਾਰ ਤੇ ਅਜ਼ਾਦੀ ਤੋਂ ਬਾਅਦ 73 ਸਾਲਾਂ ‘ਚ ਸਿਰਫ਼ 5 ਦਫ਼ਾ ਹੋਈਆਂ ਐਸ ਜੀ ਪੀ ਸੀ ਚੋਣਾਂ
ਗੁਰਪ੍ਰੀਤ ਸਿੰਘ ਮੰਡੀਆਣੀ
ਮੋਗਾ/ ਲੁਧਿਆਣਾ , 17 ਅਕਤੂਬਰ 2020 :
ਨਵਾਂ ਗੁਰਦੁਆਰਾ ਚੋਣ ਕਮਿਸ਼ਨਰ ਮੁਕੱਰਰ ਹੋਣ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ) ਦੀਆਂ ਆਮ ਚੋਣਾਂ ਦੇ ਅਮਲ ਦੀ ਸ਼ੁਰੂਆਤ ਹੋ ਗਈ ਹੈ।ਸਿੱਖਾਂ ਦੀ ਦਿਲਚਸਪੀ ਖ਼ਾਤਰ ਇਨ੍ਹਾਂ ਚੋਣਾਂ ਦਾ ਸੰਖੇਪ ਇਤਿਹਾਸ ਇੰਜ ਹੈ। ਸਿੱਖ ਗੁਰਦੁਆਰਾ ਐਕਟ ਅੰਗਰੇਜ਼ੀ ਰਾਜ ਦੌਰਾਨ 1925 ਵਿਚ ਬਣਿਆ। ਇਸ ਦਾ ਦਾਇਰਾ ਉਸ ਮੌਕੇ ਦਾ ਸਾਰਾ ਪੰਜਾਬ ਸੀ। ਜੀਹਦੀਆਂ ਹੱਦਾਂ ਵਿਚ ਪਾਕਿਸਤਾਨ ਵਿਚਲਾ ਸਾਰਾ ਪੰਜਾਬ, ਭਾਰਤ ਵਾਲਾ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਆਉਂਦੇ ਹਨ।1947 ਤੋਂ ਪਹਿਲਾਂ, ਅੱਜਕੱਲ੍ਹ ਦੇ ਪੰਜਾਬ, ਹਰਿਆਣਾ ਤੇ ਹਿਮਾਚਲ ਅਧੀਨ ਆਉਂਦੇ ਬਹੁਤ ਸਾਰੇ ਇਲਾਕੇ 1947 ਤੋਂ ਪਹਿਲਾਂ ਐਸ.ਜੀ.ਪੀ.ਸੀ ਦੇ ਦਾਇਰੇ ਤੋਂ ਇਸ ਵਜ੍ਹਾ ਨਾਲ ਬਾਹਰ ਸਨ ਕਿਉਂਕਿ ਇਹ ਇਲਾਕੇ ਉਸ ਵੇਲੇ ਪੰਜਾਬ ਦਾ ਹਿੱਸਾ ਨਾਂ ਹੋ ਕੇ ਵੱਖਰੀਆਂ ਰਿਆਸਤਾਂ ਸਨ।ਇੰਨ੍ਹਾ ਰਿਆਸਤਾਂ ਵਿਚ ਰਿਆਸਤ ਪਟਿਆਲਾ, ਨਾਭਾ, ਜੀਂਦ, ਫ਼ਰੀਦਕੋਟ, ਕਪੂਰਥਲਾ, ਬਹਾਵਲਪੁਰ, ਮਲੇਰਕੋਟਲਾ,ਪਟੌਦੀ, ਲੁਹਾਰੂ, ਮੰਡੀ, ਬਿਲਾਸਪੁਰ, ਨਾਹਨ, ਰਾਮਪੁਰ ਬੁਸ਼ੈਹਰ ਤੇ ਹੋਰ ਨਿੱਕੀਆਂ ਮੋਟੀਆਂ ਪਹਾੜੀ ਰਿਆਸਤਾਂ ਸ਼ਾਮਿਲ ਸਨ।
1925 ਵਾਲੇ ਐਕਟ ਤਹਿਤ ਐਸ.ਜੀ.ਪੀ.ਸੀ ਦੀ ਪਹਿਲੀ ਜਨਰਲ ਇਲੈੱਕਸ਼ਨ ਅਕਤੂਬਰ 1926 ਵਿਚ ਹੋਈ। ਇਸ ਐਕਟ ਅਧੀਨ ਕਮੇਟੀ ਦੇ ਜਨਰਲ ਹਾਊਸ ਮਿਆਦ ਤਿੰਨ ਸਾਲ ਹੁੰਦੀ ਸੀ। ਅੰਗਰੇਜ਼ੀ ਰਾਜ ਦੌਰਾਨ ਇਹ ਚੋਣਾਂ ਬਿਨਾਂ ਅੜਚਣ ਬਾ-ਦਸਤੂਰ ਤਿੰਨ ਸਾਲਾਂ ਬਾਅਦ ਹੁੰਦੀਆਂ ਰਹੀਆਂ ਜਦਕਿ ਅੰਗਰੇਜ਼ੀ ਰਾਜ ਮੁੱਕਣ ਤੋਂ ਬਾਅਦ ਹੀ ਕਮੇਟੀ ਦੀਆਂ ਚੋਣਾਂ ‘ਚ ਰੁਕਾਵਟਾਂ ਪੈਦਾ ਹੋਣ ਲੱਗੀਆਂ।ਅੰਗਰੇਜ਼ੀ ਰਾਜ ਦੇ 21 ਸਾਲ ਦੇ ਅਰਸੇ ਵਿਚ ਇਹ ਚੋਣਾਂ ਸੱਤ ਵਾਰ ਹੋਈਆਂ ਜਦਕਿ ਅਜ਼ਾਦ ਭਾਰਤ ਦੇ 73 ਸਾਲਾਂ ਵਿਚ ਇਹ ਚੋਣਾਂ ਸਿਰਫ਼ ਪੰਜ ਦਫ਼ਾ ਹੋਈਆਂ। ਅੰਗਰੇਜ਼ੀ ਰਾਜ ਵਿਚ ਪਹਿਲੀ ਚੋਣ 1926 ਨੂੰ ਹੋਈ ਉਸ ਤੋਂ ਬਾਅਦ ਇਹ ਚੋਣਾਂ 1929, 1932, 1935, 1938, 1941, 1944 ਵਿਚ ਹੋਈਆਂ।1944 ਵਿਚ ਅਕਾਲੀ ਦਲ ਦੇ ਕਹਿਣ ਤੇ ਐਕਟ ਵਿਚ ਸੋਧ ਕਰਕੇ ਜਨਰਲ ਹਾਊਸ ਦੀ ਮਿਆਦ ਪੰਜ ਸਾਲ ਕਰ ਦਿੱਤੀ ਗਈ। ਇਹਦੇ ਹਿਸਾਬ ਨਾਲ ਇਹ ਚੋਣਾਂ 1949 ਵਿਚ ਹੋਣੀਆਂ ਚਾਹੀਦੀਆਂ ਸਨ ਪਰ ਇਹ 1965 ਵਿਚ ਜਾ ਕੇ ਕਰਾਈਆਂ ਗਈਆਂ ਜੋ ਕਿ ਅਜ਼ਾਦ ਭਾਰਤ ਵਿਚ ਐੱਸ.ਜੀ.ਪੀ.ਸੀ ਦੀ ਪਹਿਲੀ ਚੋਣ ਸੀ।
1966 ਵਿਚ ਪੰਜਾਬ ਦੀ ਵੰਡ ਹੋਣ ਕਰਕੇ ਐਸ.ਜੀ.ਪੀ.ਸੀ ਦਾ ਦਾਇਰਾ ਤਿੰਨ ਸੂਬਿਆਂ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਵਿਚ ਖਿੰਡ ਗਿਆ ਜਿਸ ਕਰਕੇ ਇਸ ਐਕਟ ਦਾ ਦਾਇਰਾ- ਕਾਰ ਬਹੁ ਸੂਬਾਈ ਹੋ ਗਿਆ।ਇਸ ਕਰਕੇ 1925 ਵਾਲੇ ਪੰਜਾਬ ਐਕਟ ਤੇ ਕੇਂਦਰ ਸਰਕਾਰ ਦਾ ਹੱਕ ਹੋ ਗਿਆ। ਇਸ ਤਰ੍ਹਾਂ ਕਮੇਟੀ ਦੀਆਂ ਚੋਣਾਂ ਕਰਾਉਣੀਆਂ ਕੇਂਦਰ ਸਰਕਾਰ ਦੇ ਹੱਥ ਵੱਸ ਹੋ ਗਈਆਂ। 1965 ਤੋਂ ਬਾਅਦ ਇਹ ਚੋਣਾਂ 1970 ਵਿਚ ਹੋਣੀਆਂ ਬਣਦੀਆਂ ਸੀ। ਐਸ.ਜੀ.ਪੀ.ਸੀ ਦਾ ਜਨਰਲ ਹਾਊਸ ਹਰ ਸਾਲ ਚੋਣਾਂ ਕਰਾਉਣ ਦੀ ਮੰਗ ਕਰਦਾ ਰਿਹਾ ਤੇ ਅਕਾਲੀ ਦਲ ਵੀ ਇਹੀ ਮੰਗ ਦੁਹਰਾਉਂਦਾ ਰਿਹਾ।ਪਰ ਕੇਂਦਰ ਸਰਕਾਰ ਇਹਨੂੰ ਕਰਾਉਣ ਤੋਂ ਟਾਲਾ ਵਟਦੀ ਰਹੀ।ਕੇਂਦਰ ਵਿਚ 1977 ਨੂੰ ਪਹਿਲੀ ਵਾਰ ਬਣੀ ਗੈਰ ਕਾਂਗਰਸੀ, ਜਨਤਾ ਪਾਰਟੀ ਦੀ ਸਰਕਾਰ ‘ਚ ਅਕਾਲੀ ਦਲ ਹਿੱਸੇਦਾਰ ਬਣਿਆ। ਅਕਾਲੀ ਦਲ ਦੇ ਕਹਿਣ ਤੇ ਮੁਰਾਰਜੀ ਦੇਸਾਈ ਵਾਲੀ ਕੇਂਦਰੀ ਸਰਕਾਰ ਨੇ ਮਾਰਚ 1979 ਵਿਚ ਇਹ ਚੋਣਾਂ ਕਰਾਈਆਂ ਜੋ ਕਿ ਅਜ਼ਾਦ ਭਾਰਤ ਵਿਚ ਇਹ ਦੂਜੀਆਂ ਚੋਣਾਂ ਸਨ।
1979 ਤੋਂ ਬਾਅਦ ਇਹ ਚੋਣਾਂ 1984 ‘ਚ ਹੋਣੀਆਂ ਚਾਹੀਦੀਆਂ ਸੀ ਪਰ ਸ਼੍ਰੋਮਣੀ ਕਮੇਟੀ ਦੀ ਅਤੇ ਅਕਾਲੀ ਦਲ ਵੱਲੋਂ ਵਾਰ ਵਾਰ ਮੰਗ ਕਰਨ ਤੇ ਵੀ ਕਿਸੇ ਕਾਂਗਰਸੀ ਤੇ ਗੈਰ ਕਾਂਗਰਸੀ ਸਰਕਾਰ ਇਹ ਚੋਣਾਂ ਕਰਾਉਣ ਦਾ ਉੱ ਔਤਾ ਨਾ ਵਾਚਿਆ।ਚੋਣਾਂ ਉਦੋਂ ਤਕ ਨਾ ਹੋਈਆਂ ਜਦੋਂ ਤੱਕ ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਇਕ ਰਿੱਟ ਪਟੀਸ਼ਨ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ ਨੂੰ ਚੋਣਾਂ ਕਰਾਉਣ ਦਾ ਹੁਕਮ ਨਾਂ ਦਿੱਤਾ।ਸੋ ਹਾਈ ਕੋਰਟ ਦੇ ਹੁਕਮ ਤੇ ਇਹ ਚੋਣ 13 ਅਕਤੂਬਰ 1996 ਨੂੰ ਹੋਈ। ਉਹ ਤੋਂ ਬਾਅਦ ਮਈ 2004 ਨੂੰ ਆਮ ਚੋਣ ਹੋਈ ਤੇ ਆਖ਼ਰੀ ਵਾਰ ਇਹ ਚੋਣ ਅਗਸਤ 2011 ਵਿਚ ਹੋਈ।
SGPC Elections 2011
By : Baljit Balli
First Published : Sunday, Sep 18, 2011 12:00 AM
Updated : Sunday, Sep 18, 2011 12:00 AM