ਬਾਗ਼ੀ ਕਾਂਗਰਸੀਆਂ ਦਾ ਨਵਾਂ ਪੈਂਤੜਾ: ਹੁਣ ਐਸ ਸੀ ਤੇ ਬੀ ਸੀ ਮੰਤਰੀ ਤੇ ਵਿਧਾਇਕ ਹੋਏ ਕੱਠੇ ਚੰਨੀ ਵੱਲੋਂ ਸੱਦੀ ਐਸ ਸੀ ਤੇ ਬੀ ਸੀ ਵਿਧਾਇਕਾਂ ਦੀ ਮੀਟਿੰਗ ’ਚ ਪੁੱਜੇ ਦੋ ਮੰਤਰੀ ਤੇ 10 ਵਿਧਾਇਕ, ਦਿੱਤਾ ਇਹ ਬਿਆਨ ਚੰਡੀਗੜ੍ਹ, 11 ਮਈ, 2021 : ਪਿਛਲੇ ਕੁਝ ਦਿਨਾਂ ਤੋਂ ਕੈਪਟਨ ਅਮਰਿੰਦਰ ਸਿੰਘ ਨਾਲ ਨਾਰਾਜ਼ ਕਾਂਗਰਸੀ ਨੇਤਾ , ਮੰਤਰੀ ਅਤੇ ਵਿਧਾਇਕ ਨੇ ਆਪਣੀ ਸਰਗਰਮੀ ਜਾਰੀ ਰੱਖਣ ਅਤੇ ਦਬਾਅ ਦੀ ਰਾਜਨੀਤੀ ਲਈ ਇੱਕ ਨਵਾਂ ਪੈਂਤੜਾ ਵਰਤਿਆ . ਅੱਜ ਐਸ ਸੀ ਤੇ ਬੀ ਸੀ ਮੰਤਰੀ ਤੇ ਵਿਧਾਇਕਾਂ ਦੀ ਇੱਕ ਮੀਟਿੰਗ ਚੰਡੀਗੜ੍ਹ 'ਚ ਕੀਤੀ ਗਈ . ਬੇਸ਼ੱਕ ਇਸ ਮੀਟਿੰਗ ਦੇ ਏਜੰਡੇ ਨੂੰ ਗੋਲ ਮੋਲ ਢੰਗ ਨਾਲ ਅਤੇ ਪਰਿਵਾਰ ਦੀ ਮੀਟਿੰਗ ਕਿਹਾ ਗਿਆ ਪਰ ਸਭ ਨੂੰ ਪਤਾ ਹੈ ਕਿ ਇਸ ਮੀਟਿੰਗ ਦਾ ਮਕਸਦ ਕੀ ਸੀ . ਇਹ ਮੀਟਿੰਗ ਕੈਬਿਨਟ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬੁਲਾਈ ਗਈ ਸੀ . ਇਸ ਵਿਚ ਦੋ ਕੈਬਨਿਟ ਮੰਤਰੀ ਤੇ 10 ਵਿਧਾਇਕ ਸ਼ਾਮਲ ਹੋਏ ਹਨ। ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜ ਕੁਮਾਰ ਵੇਰਵਾ ਨੇ ਦੱਸਿਆ ਕਿ ਮੀਟਿੰਗ ਵਿਚ ਮੰਤਰੀ ਚੰਨੀ ਅਤੇ ਅਰੁਣਾ ਚੌਧਰੀ ਤੇ ਹੋਰ ਵਿਧਾਇਕ ਸ਼ਾਮਲ ਸਨ। ਮੀਟਿੰਗ ਵਿਚ ਦਲਿਤਾਂ ਤੇ ਬੀ ਸੀ ਵਰਗ ਦੀਆਂ ਮੁਸ਼ਕਲਾਂ ਬਾਰੇ ਚਰਚਾ ਕੀਤੀ ਗਈ ਤੇ ਕੁਝ ਮਸਲਿਆਂ ਦੇ ਹੱਲ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਗਿਆ ਹੈ। ਯਾਦ ਰਹੇ ਕਿ ਕੱਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੇ ਘਰ ਮੀਟਿੰਗ ਹੋਈ ਸੀ ਜਿਸ ਵਿਚ ਮੰਤਰੀ ਰੰਧਾਵਾ, ਚੰਨੀ ਤੇ ਗੁਰਪ੍ਰੀਤ ਕਾਂਗੜ ਤੋਂ ਇਲਾਵਾ ਐਮ ਪੀ ਪ੍ਰਤਾਪ ਸਿੰਘ ਬਾਜਵਾ ਅਤੇ ਰਵਨੀਤ ਬਿੱਟੂ ਵੀ ਸ਼ਾਮਲ ਹੋਏ ਸਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਰੱਦ ਕਰਨ ਮਗਰੋਂ ਸਾਬਕਾ ਮੰਤਰੀ ਨਵਜੋਤ ਸਿੱਧੂ ਵੱਲੋਂ ਮੁੱਖ ਮੰਤਰੀ ’ਤੇ ਸਿੱਧੇ ਹਮਲੇ ਬੋਲੇ ਜਾ ਰਹੇ ਹਨ ਤੇ ਹੁਣ ਨਾਰਾਜ਼ ਧੜੇ ਦੀਆਂ ਮੀਟਿੰਗਾਂ ਦਾ ਦੌਰ ਤੇਜ਼ ਹੋ ਗਿਆ ਹੈ.