ਪੰਜਾਬ ਕਾਂਗਰਸ ਦੇ ਭਵਿੱਖ ਬਾਰੇ ਭੰਬਲਭੂਸਾ ਕਾਇਮ : ਸਿੱਧੂ ਦੇ ਦਿੱਲੀ ''ਚ ਸੋਨੀਆ ਨੂੰ ਮਿਲਣ ਦੇ ਚਰਚੇ -
ਚੰਡੀਗੜ੍ਹ, 16 ਜੁਲਾਈ, 2021: ਪੰਜਾਬ ਕਾਂਗਰਸ ਦੇ ਚੱਲ ਰਹੇ ਸੰਕਟ ਦੇ ਹੱਲ ਲਈ ਅਜੇ ਭੰਬਲਭੂਸਾ ਕਾਇਮ ਹੈ . ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਦੀਆਂ ਖ਼ਬਰਾਂ ਤੇ ਵੀ ਸਵਾਲੀਆਂ ਚਿੰਨ੍ਹ ਲੱਗ ਗਏ ਹਨ . ਇਹੋ ਜਿਹਾ ਪ੍ਰਭਾਵ ਜਾਂ ਰਿਹਾ ਹੈ ਜਿਵੇਂ ਪੰਜਾਬ ਕਾਂਗਰਸ ਦੋ ਧੜਿਆਂ ਵਿਚ ਵੰਡੇ ਜਾਣ ਵੱਲ ਵਧ ਰਹੀ ਹੈ .
ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ ਸਵੇਰੇ ਪਹਿਲਾਂ ਨਵਜੋਤ ਸਿੱਧੂ ਨੂੰ ਸੂਬਾ ਪ੍ਰਧਾਨ ਬਣਾਉਣ ਦੇ ਸੰਕੇਤ ਦੇ ਕੇ ਸ਼ਾਮ ਨੂੰ ਮੁੱਕਰ ਜਾਣ ’ਤੇ ਬਣੇ ਹਾਲਾਤ ਤੋਂ ਬਾਅਦ ਹੁਣ ਚਰਚਾ ਹੈ ਕਿ ਰਾਵਤ ਅੱਜ ਹੈਲੀਕਾਪਟਰ ਰਾਹੀਂ ਚੰਡੀਗੜ੍ਹ ਪੁੱਜ ਰਹੇ ਹਨ ਤੇ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨਗੇ।ਪਰ ਮੁੱਖ ਮੰਤਰੀ ਦਫ਼ਤਰ ਵੱਲੋਂ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ .
ਇਸ ਦੌਰਾਨ ਇਹ ਵੀ ਚਰਚਾ ਹੈ ਕਿ ਸਾਬਕਾ ਮੰਤਰੀ ਨਵਜੋਤ ਸਿੱਧੂ ਨੂੰ ਹਾਈ ਕਮਾਂਡ ਨੇ ਅੱਜ 16 ਜੁਲਾਈ ਨੂੰ ਦਿੱਲੀ ਸੱਦ ਲਿਆ ਹੈ। ਇਹ ਚਰਚਾ ਹੈ ਕਿ ਉਹ ਸੋਨੀਆ ਗਾਂਧੀ ਨੂੰ ਮਿਲਣਗੇ .
ਸਿੱਧੂ ਨੇ ਕੱਲ੍ਹ ਸ਼ਾਮੀਂ 4 ਵਜ਼ੀਰਾਂ ਅਤੇ ਕੁਝ ਵਿਧਾਇਕਾਂ ਨਾਲ ਸੁਖਜਿੰਦਰ ਰੰਧਾਵਾ ਦੇ ਘਰ ਮੀਟਿੰਗ ਕੀਤੀ ਸੀ . ਦੂਜੇ ਪਾਸੇ 2 ਦਰਜਨ ਦੇ ਕਰੀਬ ਕਾਂਗਰਸੀ ਵਜ਼ੀਰ , ਐਮ ਅਤੇ ਵਿਧਾਇਕ ਮੁੱਖ ਮੰਤਰੀ ਦੀ ਸੀਸਵਾਂ ਰਿਹਾਇਸ਼ ਤੇ ਰਾਤ ਦੇ ਖਾਣੇ ਤੇ ਇਕੱਠੇ ਹੋਏ ਸਨ .
ਜ਼ਿਕਰਯੋਗ ਹੈ ਕਿ ਕੱਲ੍ਹ ਸਵੇਰੇ ਹਰੀਸ਼ ਰਾਵਤ ਨੇ ਆਜ ਤੱਕ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਇਹ ਆਖ ਦਿੱਤਾ ਸੀ ਕਿ ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਇਆ ਜਾ ਰਿਹਾ ਹੈ। ਇਸ ਮਗਰੋਂ ਸੂਬੇ ਵਿਚ ਸਿਆਸੀ ਤੂਫ਼ਾਨ ਖੜ੍ਹਾ ਹੋ ਗਿਆ। ਇਹ ਵੀ ਖ਼ਬਰ ਆਈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਖ਼ਬਰ ਤੋਂ ਬਹੁਤ ਔਖੇ ਹਨ ਤੇ ਉਹਨਾਂ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਹਾਲਾਂਕਿ ਸ਼ਾਮ ਵੇਲੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨੇ ਇਸ ਦਾ ਖੰਡਨ ਕਰ ਦਿੱਤਾ।
ਉੱਧਰ ਨਵਜੋਤ ਸਿੱਧੂ ਨੇ ਚਾਰ ਮੰਤਰੀਆਂ ਤੇ ਤਿੰਨ ਕੁ ਵਿਧਾਇਕਾਂ ਨਾਲ ਮੰਤਰੀ ਸੁਖਜਿੰਦਰ ਰੰਧਾਵਾ ਦੀ ਕੋਠੀ ’ਤੇ ਮੁਲਾਕਾਤ ਕੀਤੀ।
ਪੰਜਾਬ ਕਾਂਗਰਸ ਦਾ ਸੰਕਟ ਉਸੇ ਤਰੀਕੇ ਬਰਕਰਾਰ ਹੈ। ਹੁਣ ਸਭ ਦੀਆਂ ਨਜ਼ਰਾਂ ਹਾਈ ਕਮਾਂਡ ’ਤੇ ਹਨ ਕਿ ਕੀ ਫ਼ੈਸਲਾ ਹੁੰਦਾ ਹੈ।