ਸੇਵਾ ਮੁਕਤ ਆਈ ਏ ਐਸ ਅਫ਼ਸਰਾਂ ਵੱਲੋਂ ਕਿਸਾਨ ਪਾਰਲੀਮੈਂਟ 'ਚ ਸ਼ਾਮਲ ਹੋਣ ਦਾ ਫ਼ੈਸਲਾ, ਖੇਤੀ ਕਾਨੂੰਨਾਂ ਤੇ ਖੁੱਲ੍ਹੀ ਬਹਿਸ ਲਈ ਦਿੱਤਾ ਚੈਲੰਜ
ਚੰਡੀਗੜ੍ਹ, 23 ਜੁਲਾਈ 2021 - ਸੇਵਾ ਮੁਕਤ ਆਈ ਏ ਐਸ, ਆਈ ਪੀ ਐਸ, ਆਰਮੀ ਤੇ ਦੂਸਰੇ ਅਫ਼ਸਰਾਂ ਦੀ ਜਥੇਬੰਦੀ ਕਿਰਤੀ- ਕਿਸਾਨ ਫੋਰਮ ਵੱਲੋਂ ਇਹ ਖੁੱਲ੍ਹਾ ਚੈਲੰਜ ਕੀਤਾ ਗਿਆ ਹੈ ਕੇ ਉਹ ਕਿਸੇ ਵੀ ਰਾਜਨੀਤਿਕ ਪਾਰਟੀ, ਧਿਰ, ਗਰੁੱਪ ਨਾਲ ਤਿੰਨ ਖੇਤੀ ਕਨੂੰਨਾਂ ਬਾਰੇ ਕਿਸੇ ਵੀ ਪਲੇਟਫ਼ਾਰਮ ‘ ਤੇ ਜਨਤਕ ਬਹਿਸ ਲਈ ਤਿਆਰ ਹਨ ਤਾਂ ਜੋ ਆਮ ਲੋਕਾਂ ਨੂੰ ਇਨ੍ਹਾਂ ਕਿਸਾਨੀ-ਵਿਰੋਧੀ ਕਾਨੂੰਨਾਂ ਦੇ ਮਾਰੂ ਅਸਰਾਂ ਬਾਰੇ ਸਹੀ- ਸਹੀ ਪਤਾ ਚੱਲ ਸਕੇ।
ਜਥੇਬੰਦੀ ਦੀ ਅੱਜ ਹੋਈ ਮੀਟਿੰਗ ਵਿਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨੋ ਕਨੂੰਨ ਵਾਪਸ ਲੈਣ,ਐੱਮ ਐੱਸ ਪੀ ਦੀ ਗਰੰਟੀ ਦੇਣ ਅਤੇ ਖੇਤੀ ਸੈਕਟਰ ਦੇ ਵਿਕਾਸ ਨੂੰ ਪਹਿਲ ਦੇਣ ਦੀ ਵਕਾਲਤ ਕੀਤੀ ਗਈ।
ਕਿਸਾਨ ਅੰਦੋਲਨ ਨੂੰ ਸ਼ੁਰੂ ਤੋਂ ਹਮਾਇਤ ਦੇਣ ਵਾਲੇ ਸਾਬਕਾ ਆਈ ਏ ਐਸ, ਆਈ ਪੀ ਐਸ ਅਤੇ ਫ਼ੌਜੀ ਅਫ਼ਸਰਾਂ ਵੱਲੋਂ ਚੰਡੀਗੜ੍ਹ 'ਚ ਮੀਟਿੰਗ ਕਰਕੇ ਸ਼ਾਂਤਮਈ, ਨਿਵੇਕਲੇ ਅਤੇ ਇਤਿਹਾਸਿਕ ਅੰਦੋਲਨ ਦੀ ਹਮਾਇਤ ਕਰਦਿਆਂ ਸ਼ਹੀਦ ਹੋਏ ਸੈਂਕੜੇ ਕਿਸਾਨਾਂ ਨੂੰ ਸ਼ਰਧਾਂਜਲੀ ਅਰਪਣ ਕੀਤੀ।ਕਿਸਾਨ ਅੰਦੋਲਨ ਨੂੰ ਧੁਰ ਸਿਰੇ ਤਕ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਗਿਆ। ਵਿਚਾਰ-ਵਟਾਂਦਰਾ ਕਰਦਿਆਂ ਅੰਦੋਲਨ ਦੀ ਹੁਣ ਤਕ ਦੀ ਕਾਮਯਾਬੀ ਤੇ ਤਸੱਲੀ ਪ੍ਰਗਟ ਕੀਤੀ ਅਤੇ ਕਿਹਾ ਕਿ ਇਸ ਅੰਦੋਲਨ ਨਾਲ ਦੇਸ਼ ਵਿਚ ਕਿਰਤੀਆਂ -ਕਿਸਾਨਾਂ ਸਬੰਧੀ ਰਵਾਇਤੀ ਨਜ਼ਰੀਆ ਬਦਲਿਆ ਹੈ। ਮੀਟਿੰਗ ਦੌਰਾਨ ਅੰਦੋਲਨ ਦੇ ਇਸ ਪੱਖ ਨੂੰ ਉਭਾਰਿਆ ਗਿਆ ਕਿ ਸ਼ਾਂਤੀ ਪੂਰਵਕ ਚੱਲ ਰਹੇ ਸੰਘਰਸ਼ ਨੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਹੈ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ ਸਵਰਨ ਸਿੰਘ ਬੋਪਾਰਾਏ ਅਤੇ ਸ੍ ਰਮੇਸ਼ ਇੰਦਰ ਸਿੰਘ ਨੇ ਵਿਸ਼ੇਸ਼ ਰੂਪ ਵਿਚ ਕਿਸਾਨ ਹਮਾਇਤੀ ਅਤੇ ਪੰਜਾਬ ਮੰਡੀ ਬੋਰਡ ਦੇ ਸਾਬਕਾ ਪ੍ਰਧਾਨ ਸ੍ ਜੁਗਰਾਜ ਸਿੰਘ ਗਿੱਲ ਦੇ ਅਚਾਨਕ ਅਕਾਲ ਚਲਾਣੇ ਤੇ ਦੁਖ ਪ੍ਰਗਟ ਕੀਤਾ।
ਸਾਰੇ ਸਾਬਕਾ ਅਧਿਕਾਰੀਆਂ ਵੱਲੋਂ ਇਸ ਸੰਘਰਸ਼ ਵਿਚ ਤਨੋਂ,ਮਨੋਂ ਅਤੇ ਧਨੋਂ ਦਿੱਤੀ ਜਾ ਰਹੀ ਮਦਦ ਲਈ ਧੰਨਵਾਦ ਕੀਤਾ।
ਕਿਸਾਨ ਮੋਰਚੇ ਵੱਲੋਂ ਦਿਲੀ ਜੰਤਰ ਮੰਤਰ ਵਾਲੀ ਥਾਂ ਤੇ ਚਲਾਈ ਜਾ ਰਹੀ ਕਿਸਾਨ ਪਾਰਲੀਮੈਂਟ ਦੀ ਸ਼ਲਾਘਾ ਕਰਦਿਆਂ ਮੀਟਿੰਗ ਵਿਚ ਕਿਹਾ ਗਿਆ ਕਿ ਅਜ਼ਾਦ ਭਾਰਤ ਵਿਚ ਸ਼ਾਂਤਮਈ ਅੰਦੋਲਨ ਦਾ ਇਹ ਨਵਾਂ ਰੂਪ ਕਿਰਤੀਆਂ -ਕਿਸਾਨਾਂ ਦੇ ਹਿੱਸੇ ਆਇਆ ਹੈ। ਅਧਿਕਾਰੀਆਂ ਵੱਲੋਂ ਇਸ ਸੰਸਦ ਦੇ ਇਕ ਇਜਲਾਸ ਵਿਚ ਸ਼ਾਮਲ ਹੋਣ ਦਾ ਵੀ ਫ਼ੈਸਲਾ ਕੀਤਾ ਗਿਆ।
ਮੀਟਿੰਗ ਵਿਚ ਇਹ ਦੁਖ ਪ੍ਰਗਟ ਕੀਤਾ ਗਿਆ ਕਿ ਮੀਡੀਆ ਦੇ ਵੱਖ ਵੱਖ ਸਾਧਨਾਂ ਰਾਹੀ ਦੇਸ਼ ਅਤੇ ਕਿਸਾਨ ਵਿਰੋਧੀ ਅਨਸਰਾਂ ਵੱਲੋਂ ਕੇਂਦਰ ਵੱਲੋਂ ਪਾਸ ਕੀਤੇ ਗਏ ਕਥਿਤ ਖੇਤੀ ਸੁਧਾਰ ਕਨੂੰਨਾਂ ਦੇ ਪੱਖ ਵਿਚ ਝੂਠ ਅਤੇ ਕੂੜ ਪ੍ਰਚਾਰ ਕਰਕੇ ਆਮ ਜਨਤਾ ਵਿਚ ਭਰਮ ਫੈਲਾਇਆ ਜਾ ਰਿਹਾ ਹੈ।
ਅੱਜ ਦੀ ਇਸ ਮੀਟਿੰਗ ਵਿੱਚ ਹੇਠ ਲਿਖੇ ਸਾਬਕਾ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ-
1) ਸਵਰਨ ਸਿੰਘ ਬੋਪਾਰਾਏ
2) ਗੁਰਪ੍ਰਤਾਪ ਸਿੰਘ ਸ਼ਾਹੀ
3) ਐਮ. ਪੀ .ਐਸ. ਔਲਖ
4) ਆਰ ਆਈ ਸਿੰਘ
5) ਡੀ .ਐਸ. ਬੈਂਸ
6) ਕੁਲਬੀਰ ਸਿੰਘ ਸਿੱਧੂ
7) ਇਕਬਾਲ ਸਿੰਘ ਸਿੱਧੂ
8) ਜੀ .ਕੇ .ਸਿੰਘ
9) ਹਰਕੇਸ਼ ਸਿੰਘ ਸਿੱਧੂ
10) ਬ੍ਰਿਗੇਡ ਇੰਦਰਮੋਹਨ ਸਿੰਘ
11)ਬ੍ਰਿਗੇਡ ਹਰਵੰਤ ਸਿੰਘ
12) ਜਰਨੈਲ ਸਿੰਘ