ਸੁਲਤਾਨਪੁਰ ਲੋਧੀ ਤੋਂ ਸ਼ਹੀਦ ਨਵਰੀਤ ਦਾ ਦਾਦਾ ਹਰਦੀਪ ਸਿੰਘ ਡਿਬਡਿਬਾ ਜੱਥਾ ਲੈ ਦਿੱਲੀ ਨੂੰ ਹੋਇਆ ਰਵਾਨਾ
ਬਲਵਿੰਦਰ ਸਿੰਘ ਧਾਲੀਵਾਲ
- ਨਵਰੀਤ ਦੀ ਸ਼ਹਾਦਤ ਦੇ 6 ਮਹੀਨੇ ਹੋਏ ਪੂਰੇ। 26 ਜੁਲਾਈ ਸੋਮਵਾਰ ਨੂੰ ਸਿੰਘੂ ਤੇ ਹੋਵੇਗਾ ਸ਼ਰਧਾਂਜਲੀ ਸਮਾਗਮ।
ਸੁਲਤਾਨਪੁਰ ਲੋਧੀ 25 ਜੁਲਾਈ 2021 - ਕਿਸਾਨੀ ਸੰਘਰਸ਼ ਦੌਰਾਨ ਆਪਣੀਆਂ ਕੀਮਤੀ ਜਾਨਾਂ ਗਵਾਉਣ ਵਾਲੇ ਸਮੂਹ ਕਿਸਾਨਾਂ ਮਜ਼ਦੂਰਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਬਾਂਹ ਫੜਨ ਦੇ ਨਾਲ ਨਾਲ ਦਿੱਲੀ ਪੁਲਿਸ ਦੀ ਕਥਿਤ ਧੱਕੇਸ਼ਾਹੀ ਦਾ ਸ਼ਿਕਾਰ ਹੋਏ ਸਮੂਹ ਕਿਸਾਨ-ਮਜਦੂਰਾਂ ਦੀ ਕਾਨੂੰਨੀ ਤੇ ਹੋਰ ਮਦਦ ਕਰਨ ਦੇ ਮਨੋਰਥ ਨਾਲ ਨੌਜਵਾਨ ਕਿਸਾਨ ਮਜ਼ਦੂਰ ਯੂਨੀਅਨ (ਸ਼ਹੀਦਾਂ) ਵੱਲੋਂ ਇੱਕ ਸ਼ਰਧਾਂਜਲੀ ਅਤੇ ਬਾਂਹ ਫੜੋ ਮਾਰਚ ਲੈ ਕੇ ਵਿਸ਼ਾਲ ਜਥਾ ਦਿੱਲੀ ਦੇ ਮੋਰਚੇ ਨੂੰ ਹੋਰ ਮਜ਼ਬੂਤੀ ਦੇਣ ਦੇ ਲਈ ਅੱਜ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਤੋਂ ਸਿੰਘੂ ਬਾਰਡਰ ਵੱਲ ਰਵਾਨਾ ਹੋਇਆ।
ਇਸ ਤੋਂ ਪਹਿਲਾਂ ਉਕਤ ਜੱਥੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਤਪ-ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋ ਕੇ ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਈ ਗਈ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ਹੀਦ ਨਵਰੀਤ ਸਿੰਘ ਦੇ ਦਾਦਾ ਹਰਜੀਤ ਸਿੰਘ ਡਿਬਡਿਬਾ ਨੇ ਦਸਿਆ ਕਿ ਇਸ ਸੰਘਰਸ਼ ਦੌਰਾਨ 26 ਜਨਵਰੀ ਨੂੰ ਦਿੱਲੀ ਵਿੱਚ ਸ਼ਹੀਦ ਹੋਏ ਸਿੱਖ ਨੌਜਵਾਨ ਨਵਰੀਤ ਸਿੰਘ ਦੀ ਸ਼ਹਾਦਤ ਨੂੰ 6 ਮਹੀਨੇ ਪੂਰੇ ਹੋਣ ਜਾ ਰਹੇ ਹਨ ਤੇ ਨਵਰੀਤ ਇਸ ਸੰਘਰਸ਼ ਦਾ ਸਿਰਮੌਰ ਸ਼ਹੀਦ ਹੈ ਇਸ ਲਈ ਦਿੱਲੀ ਸਿੰਘੂ ਬਾਰਡਰ ਤੇ ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਸਮਾਰੋਹ ਦੌਰਾਨ ਨਵਰੀਤ ਨੂੰ ਵੀ ਖ਼ਾਸ ਤੌਰ ਤੇ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੰਘਰਸ਼ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਜੁੜ ਕੇ ਮੋਰਚੇ ਦੀ ਸਫਲਤਾ ਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਉਣ। ਇਸ ਮੌਕੇ ਉਨ੍ਹਾਂ ਨਾਲ ਭਾਰੀ ਗਿਣਤੀ ਵਿੱਚ ਕਿਸਾਨ ਜਥੇਬੰਦੀਆਂ ਹਾਜ਼ਰ ਸਨ।