ਸਰਕਾਰ ਨੇ ਕਿਸਾਨਾਂ ਦੀਆਂ ਮੌਤਾਂ ਦੇ ਅੰਕੜੇ ਨਾ ਹੋਣ ਬਾਰੇ ਬਿਆਨ ਦੇ ਕੇ ਲੋਕਾਂ ਦੇ ਜਖਮਾਂ 'ਤੇ ਲੂਣ ਛਿੜਕਿਆ : ਕਿਸਾਨ ਆਗੂ
ਕਮਲਜੀਤ ਸਿੰਘ ਸੰਧੂ
- ਕਾਂਗਰਸੀ ਸਾਂਸਦਾਂ ਵੱਲੋਂ ਕਿਸਾਨ ਮੁੱਦਿਆਂ ਦੀ ਥਾਂ ਤਾਜਪੋਸ਼ੀ ਸਮਾਰੋਹ ਨੂੰ ਤਰਜੀਹ ਦੇਣ ਦੀ ਸਖਤ ਨਿਖੇਧੀ
- ਸ਼ਹੀਦ ਭਗਤ ਸਿੰਘ ਕਲਾ ਮੰਚ ਚੜਿੱਕ ਨੇ ਨਾਟਕ ' ਲੀਰਾਂ' ਪੇਸ਼ ਕੀਤਾ
ਬਰਨਾਲਾ: 24 ਜੁਲਾਈ, 2021 - ਬੱਤੀ ਜਥੇਬੰਦੀਆਂ 'ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 297ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਕੇਂਦਰ ਸਰਕਾਰ ਨੇ ਪਿਛਲੇ ਦਿਨੀਂ ਸੰਸਦ ਵਿੱਚ ਬਿਆਨ ਦਿੱਤਾ ਕਿ ਉਸ ਕੋਲ ਕਿਸਾਨ ਅੰਦੋਲਨ ਦੌਰਾਨ ਫੌਤ ਹੋਏ ਕਿਸਾਨਾਂ ਦੀ ਗਿਣਤੀ ਤੇ ਨਾਵਾਂ ਬਾਰੇ ਕੋਈ ਅੰਕੜੇ ਉਪਲੱਬਧ ਨਹੀਂ ਹਨ।
ਇਹ ਬਿਆਨ ਆਮ ਲੋਕਾਂ, ਅੱਠ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨਾਂ ਅਤੇ ਛੇ ਸੌ ਦੇ ਕਰੀਬ ਸ਼ਹੀਦ ਹੋ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਦੇ ਜਖਮਾਂ ਉਪਰ ਨਮਕ ਛਿੜਕਣ ਤੋਂ ਘੱਟ ਨਹੀਂ ਹੈ। ਸ਼ਹੀਦ ਹੋਏ ਕਿਸਾਨਾਂ ਬਾਰੇ ਅੰਕੜੇ, ਸੰਯੁਕਤ ਕਿਸਾਨ ਮੋਰਚੇ ਦੇ ਬਲੌਗ ਸਮੇਤ,ਕਈ ਸਰੋਤਾਂ ਤੋਂ ਲਏ ਜਾ ਸਕਦੇ ਸਨ ਪਰ ਸਰਕਾਰ ਦੀ ਨੀਅਤ ਸਾਫ ਨਹੀਂ। ਸਰਕਾਰ ਤਾਂ ਇੱਥੋਂ ਤੱਕ ਝੂਠ ਮਾਰ ਰਹੀ ਹੈ ਕਿ ਇੱਕ ਵੀ ਕੋਵਿਡ ਮਰੀਜ਼ ਆਕਸੀਜਨ ਦੀ ਘਾਟ ਕਾਰਨ ਨਹੀਂ ਮਰਿਆ। ਸਰਕਾਰ ਲੋਕਾਂ ਦੇ ਜਖਮਾਂ 'ਤੇ ਨਮਕ ਛਿੜਕਣਾ ਬੰਦ ਕਰੇ।
ਅੱਜ ਸ਼ਹੀਦ ਭਗਤ ਸਿੰਘ ਕਲਾ ਮੰਚ ਚੜਿੱਕ ਦੀ ਨਾਟਕ ਟੀਮ ਨੇ ਸਿਆਸੀ ਪਾਰਟੀਆਂ ਦੇ ਦੋਗਲੇਪਣ ਤੇ ਝੂਠੇ ਵਾਅਦਿਆਂ ਨੂੰ ਉਜਾਗਰ ਕਰਦਾ ਨਾਟਕ 'ਲੀਰਾਂ' ਪੇਸ਼ ਕੀਤਾ ਜਿਸ ਨੂੰ ਦਰਸ਼ਕਾਂ ਨੇ ਪੂਰੀ ਇਕਾਗਰਤਾ ਨਾਲ ਦੇਖਿਆ ਤੇ ਸੁਣਿਆ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਬਾਬੂ ਸਿੰਘ ਖੁੱਡੀ ਕਲਾਂ, ਨਛੱਤਰ ਸਿੰਘ ਸਾਹੌਰ, ਗੁਰਚਰਨ ਸਿੰਘ ਸੁਰਜੀਤਪੁਰਾ, ਮਨਜੀਤ ਕੌਰ ਖੁੱਡੀ,ਗੋਰਾ ਸਿੰਘ ਢਿਲਵਾਂ, ਪ੍ਰੇਮਪਾਲ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕੱਲ੍ਹ ਨਵੇਂ ਕਾਂਗਰਸ ਪ੍ਰਧਾਨ ਦੀ ਤਾਜਪੋਸ਼ੀ ਲਈ ਹੋਏ ਸਮਾਰੋਹ ਨੇ ਕਾਂਗਰਸੀ ਨੇਤਾਵਾਂ ਦੀਆਂ ਲੋਕ ਵਿਰੋਧੀ ਤਰਜੀਹਾਂ ਨੂੰ ਉਜਾਗਰ ਕੀਤਾ ਹੈ। ਕਿਸਾਨਾਂ ਵੱਲੋਂ ਜਾਰੀ ਲੋਕ ਵਿੱਪ ਅਨੁਸਾਰ ਸੰਸਦ ਵਿਚ ਕਿਸਾਨ ਮੁੱਦੇ ਉਠਾਉਣ ਦੀ ਥਾਂ ਕਾਂਗਰਸੀ ਸਾਂਸਦਾਂ ਨੇ ਤਾਜਪੋਸ਼ੀ ਸਮਾਰੋਹ ਨੂੰ ਤਰਜੀਹ ਦਿੱਤੀ। ਅੱਜ ਦਾ ਧਰਨਾ ਕਾਂਗਰਸੀ ਨੇਤਾਵਾਂ ਦੀ ਇਸ ਕਾਰਵਾਈ ਦੀ ਸਖਤ ਨਿਖੇਧੀ ਕਰਦਾ ਹੈ।
ਅੱਜ ਨਰਿੰਦਰ ਪਾਲ ਸਿੰਗਲਾ ਤੇ ਸਰਦਾਰਾ ਸਿੰਘ ਮੌੜ ਨੇ ਕਵਿਤਾਵਾਂ ਸੁਣਾਈਆਂ।
ਰਿਲਾਇੰਸ ਮਾਲ ਬਰਨਾਲਾ ਸਾਹਮਣੇ ਸੰਯਕੁਤ ਕਿਸਾਨ ਮੋਰਚੇ ਵੱਲੋਂ ਲਾਇਆ ਧਰਨਾ ਅੱਜ 297ਵੇਂ ਦਿਨ ਵੀ ਪੂਰੇ ਜੋਸ਼ੋ ਖਰੋਸ਼ ਨਾਲ ਜਾਰੀ ਰਿਹਾ।