ਸਿੱਧੂ ਦੇ ਬਿਆਨ 'ਤੇ ਭੜਕੇ ਕਿਸਾਨ ਆਗੂ -ਕਿਹਾ ਹੰਕਾਰ ਝਲਕਦਾ ਹੈ ਸਿੱਧੂ ਦੇ ਬਿਆਨਾਂ 'ਚੋਂ
- ਕੱਲ੍ਹ 26 ਜੁਲਾਈ ਨੂੰ ਦਿੱਲੀ ਮੋਰਚੇ ਦੇ ਅੱਠ ਮਹੀਨੇ ਪੂਰੇ ਹੋਣ ਮੌਕੇ 'ਕਿਸਾਨ ਸੰਸਦ' ਦੀ ਸਮੁੱਚੀ ਕਾਰਵਾਈ ਔਰਤਾਂ ਦੇ ਹੱਥ ਰਹੇਗੀ
- ਕੱਲ੍ਹ ਬਰਨਾਲਾ ਧਰਨੇ ਦਾ ਸਮੁੱਚਾ ਸੰਚਾਲਨ ਔਰਤਾਂ ਕਰਨਗੀਆਂ; ਬਾਜਾਰਾਂ 'ਚ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ
ਬਰਨਾਲਾ: 25 ਜੁਲਾਈ, 2021 - ਬੱਤੀ ਜਥੇਬੰਦੀਆਂ 'ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 298ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਭਲਕੇ 26 ਜੁਲਾਈ ਨੂੰ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ 'ਤੇ ਬੈਠਿਆਂ ਨੂੰ ਅੱਠ ਮਹੀਨੇ ਪੂਰੇ ਹੋ ਰਹੇ ਹਨ। ਇਸ ਅਰਸੇ ਦੌਰਾਨ ਕਿਸਾਨਾਂ ਨੇ ਮੀਂਹ, ਹਨੇਰੀ, ਤੂਫਾਨ,ਸਰਦੀ, ਗਰਮੀ ਆਦਿ ਹਰ ਤਰ੍ਹਾਂ ਦੀਆਂ ਕੁਦਰਤੀ ਦੁਸ਼ਵਾਰੀਆਂ ਦਾ ਸਾਹਮਣਾ ਕਰਨ ਤੋਂ ਇਲਾਵਾ ਸਰਕਾਰੀ ਸਾਜਿਸ਼ੀ ਚਾਲਾਂ ਤੇ ਜਬਰ ਦਾ ਸਾਹਮਣਾ ਸਬਰ,ਸਿਦਕ ਤੇ ਸ਼ਾਂਤਮਈ ਤਰੀਕੇ ਨਾਲ ਕੀਤਾ ਹੈ।
ਕਿਸਾਨ ਅੰਦੋਲਨ ਹਰ ਦਿਨ ਵਧੇਰੇ ਮਜਬੂਤ, ਵਿਆਪਕ, ਸੁਦ੍ਰਿੜ ਤੇ ਸਥਿਰ ਹੁੰਦਾ ਜਾ ਰਿਹਾ ਹੈ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਨੇ ਵਿਸ਼ੇਸ਼ ਪ੍ਰੋਗਰਾਮ ਉਲੀਕੇ ਹਨ। ਕੱਲ੍ਹ ਨੂੰ ਜੰਤਰ ਮੰਤਰ ਵਿਖੇ ਚੱਲਣ ਵਾਲੀ 'ਕਿਸਾਨ ਸੰਸਦ' ਦੀ ਸਮੁੱਚੀ ਕਾਰਵਾਈ ਔਰਤਾਂ ਚਲਾਉਣਗੀਆਂ।
ਬਰਨਾਲਾ ਧਰਨੇ ਦੀ ਸੰਚਾਲਨ ਕਮੇਟੀ ਨੇ ਵੀ ਫੈਸਲਾ ਕੀਤਾ ਹੈ ਕਿ ਕੱਲ੍ਹ ਨੂੰ ਧਰਨੇ ਦੇ ਪੂਰਾ ਸੰਚਾਲਨ ਔਰਤਾਂ ਹੀ ਕਰਨਗੀਆਂ ਕਿਉਂਕਿ ਇਸ ਅੰਦੋਲਨ ਵਿੱਚ ਔਰਤਾਂ ਦਾ ਖਾਸ ਯੋਗਦਾਨ ਹੈ। ਕੱਲ੍ਹ ਨੂੰ ਸਿਰਫ ਔਰਤਾਂ ਹੀ ਸੰਬੋਧਨ ਕਰਨਗੀਆਂ। ਧਰਨੇ ਤੋਂ ਬਾਅਦ ਵਿੱਚ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਗੁਰਨਾਮ ਸਿੰਘ ਠੀਕਰੀਵਾਲਾ, ਮੇਲਾ ਸਿੰਘ ਕੱਟੂ, ਗੁਰਮੇਲ ਸ਼ਰਮਾ, ਬੂਟਾ ਸਿੰਘ ਫਰਵਾਹੀ,ਰਮਨਦੀਪ ਕੌਰ ਖੁੱਡੀ ਕਲਾਂ, ਗੁਰਚਰਨ ਸਿੰਘ ਸੁਰਜੀਤਪੁਰਾ,ਅਮਰਜੀਤ ਕੌਰ, ਵਰਿੰਦਰ ਸ਼ਰਮਾ, ਬਲਵੀਰ ਕੌਰ ਕਰਮਗੜ੍ਹ, ਰਣਧੀਰ ਸਿੰਘ ਰਾਜਗੜ੍ਹ ਤੇ ਬਿੱਕਰ ਸਿੰਘ ਔਲਖ ਨੇ ਸੰਬੋਧਨ ਕੀਤਾ। ਅੱਜ ਬੁਲਾਰਿਆਂ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਖੁਦ ਨੂੰ ਖੂਹ ਤੇ ਕਿਸਾਨਾਂ ਨੂੰ ਪਿਆਸੇ ਕਹਿਣ ਵਾਲੇ ਬਿਆਨ ਦੀ ਸਖਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਿੱਧੂ ਨੇ ਕਦੇ ਨੂੰ ਲੋਕ ਮੁੱਦਿਆਂ ਦੀ ਗੱਲ ਨਹੀਂ ਕੀਤੀ। ਸਿਰਫ ਕੁਰਸੀ ਲਈ ਹੀ ਅਥਾਹ ਪਿਆਸ ਦਿਖਾਈ ਹੈ। ਅਜਿਹਾ ਬਿਆਨ ਕੋਈ ਹੰਕਾਰਿਆ ਤੇ ਲੋਕ ਵਿਰੋਧੀ ਮਾਨਸਿਕਤਾ ਵਾਲਾ ਸਖਸ਼ ਹੀ ਦੇ ਸਕਦਾ ਹੈ।
ਕਿਸਾਨ ਆਪਣੇ ਬਲਬੂਤੇ ਖੇਤੀ ਕਾਨੂੰਨ ਰੱਦ ਕਰਵਾਉਣ ਦਾ ਦਮ ਖਮ ਰੱਖਦੇ ਹਨ। ਸਿੱਧੂ ਨੂੰ ਆਪਣੇ ਇਸ ਬਿਆਨ ਲਈ ਮਾਫੀ ਸਪੱਸ਼ਟ ਸ਼ਬਦਾਂ 'ਚ ਮੰਗਣੀ ਚਾਹੀਦੀ ਹੈ; ਗੋਲਮੋਲ ਗੱਲਾਂ ਨਾਲ ਕਿਸਾਨਾਂ ਨੂੰ ਭਰਮਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਅੱਜ ਬਲਵਿੰਦਰ ਸਿੰਘ ਠੁੱਲੀਵਾਲ ਤੇ ਨਰਿੰਦਰਪਾਲ ਸਿੰਗਲਾ ਨੇ ਗੀਤ ਤੇ ਕਵਿਤਾਵਾਂ ਸੁਣਾਈਆਂ।