ਸ਼ਹੀਦ ਕਿਸਾਨਾਂ ਬਾਰੇ ਤੋਮਰ ਨੇ ਸੰਸਦ ਦੇ ਪਵਿੱਤਰ ਸਦਨ ਚ ਕੁਫਰ ਤੋਲਿਆ : ਲੱਖੋਵਾਲ
- ਵਿਰੋਧੀ ਸੰਸਦ ਮੈਂਬਰ ਤੋਮਰ ਵਿਰੁੱਧ ਸਪੀਕਰ ਅੱਗੇ ਮਰਿਆਦਾ ਮਤਾ ਲਿਆਉਣ
- ਕੈਪਟਨ ਤੁਰੰਤ ਸ਼ਹੀਦ ਕਿਸਾਨਾਂ ਦੀ ਮੁਕੰਮਲ ਸੂਚੀ ਕੇਂਦਰ ਸਰਕਾਰ ਨੂੰ ਸੌਂਪਣ
- ਪੰਜਾਬ ਦੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨਾਲ ਮੁੱਖ ਮੰਤਰੀ ਆਪਣਾ ਵਾਅਦਾ ਪੁਗਾਉਣ
ਜਲੰਧਰ 25 ਜੁਲਾਈ 2021 - ਭਾਰਤੀ ਕਿਸਾਨ ਯੂਨੀਅਨ ਨੇ ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਵੱਲੋਂ ਪਿਛਲੇ ਅੱਠ ਮਹੀਨਿਆਂ ਤੋਂ ਚੱਲੇ ਆ ਰਹੇ ਇਤਿਹਾਸਕ ਕਿਸਾਨ ਅੰਦੋਲਨ ਦੌਰਾਨ ਕਿਸੇ ਵੀ ਕਿਸਾਨ ਦੇ ਸ਼ਹੀਦ ਹੋਣ ਤੋਂ ਮੁਨਕਰ ਹੋਣ ਨੂੰ ਕਰਾਰੇ ਹੱਥੀਂ ਲੈਂਦੇ ਹੋਏ ਕਿਹਾ ਹੈ ਕਿ ਮੰਤਰੀ ਨੇ ਇਸ ਸਬੰਧੀ ਲੋਕ ਸਭਾ ਵਿੱਚ ਸ਼ਰੇਆਮ ਕੁਫਰ ਤੋਲ ਕੇ ਪਵਿੱਤਰ ਸਦਨ ਦੀ ਤੌਹੀਨ ਕੀਤੀ ਹੈ।
ਇੱਥੋਂ ਜਾਰੀ ਇਕ ਬਿਆਨ ਵਿਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਪੰਜਾਬ ਇਕਾਈ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਭਾਜਪਾ ਦੀ ਅਗਵਾਈ ਹੇਠਲੀ ਮੋਦੀ ਵਜ਼ਾਰਤ ਦੇ ਇਸ ਵਜ਼ੀਰ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਝੂਠਾ ਵਿਅਕਤੀ ਕਰਾਰ ਦਿੰਦਿਆਂ ਕਿਹਾ ਹੈ ਕਿ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ ਆਦਿ ਵਰਗੇ ਰਾਜਾਂ ਦੀ ਪੁਲੀਸ ਦੇ ਰਿਕਾਰਡ ਵਿੱਚ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੀਆਂ ਵੱਖ-ਵੱਖ ਤਰ੍ਹਾਂ ਨਾਲ ਹੋਈਆਂ ਮੌਤਾਂ ਅਤੇ ਖ਼ੁਦਕੁਸ਼ੀਆਂ ਦਰਜ ਹਨ ਅਤੇ ਪੰਜਾਬ ਸਰਕਾਰ 200 ਤੋਂ ਵੱਧ ਫੌਤ ਹੋਏ ਕਿਸਾਨਾਂ ਨੂੰ ਮੁਆਵਜ਼ਾ ਵੀ ਦੇ ਚੁੱਕੀ ਹੈ ਪਰ ਇਸ ਦੇ ਬਾਵਜੂਦ ਵੀ ਭਾਜਪਾ ਦੇ ਮੰਤਰੀ ਵੱਲੋਂ ਕਿਸਾਨਾਂ ਦੀਆਂ ਮੌਤਾਂ ਹੋਣ ਤੋਂ ਸਾਫ਼ ਮੁਨਕਰ ਹੋਣਾ ਦਰਸਾਉਂਦਾ ਹੈ ਕਿ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਕਿਸਾਨਾਂ ਅਤੇ ਦੇਸ਼ ਵਾਸੀਆਂ ਦੇ ਮਾਨਵੀ ਅਧਿਕਾਰਾਂ ਪ੍ਰਤੀ ਕਿੰਨੀ ਕੁ ਸੰਵੇਦਨਸ਼ੀਲ ਹੈ।
ਕਿਸਾਨ ਆਗੂ ਲੱਖੋਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਹੈ ਕਿ ਜੇਕਰ ਉਹ ਕਿਸਾਨ ਹਿਤੈਸ਼ੀ ਹਨ ਤਾਂ ਤੁਰੰਤ ਖ਼ੁਦ ਜਾਂ ਆਪਣੇ ਕਿਸੇ ਵਜ਼ੀਰ ਜਾਂ ਸਰਕਾਰੀ ਅਧਿਕਾਰੀ ਨੂੰ ਦਿੱਲੀ ਭੇਜ ਕੇ ਕੇਂਦਰੀ ਖੇਤੀ ਮੰਤਰੀ ਨੂੰ ਪੰਜਾਬ ਦੇ ਅੰਦੋਲਨਕਾਰੀ ਕਿਸਾਨਾਂ ਦੀਆਂ ਮੌਤਾਂ ਦੇ ਅੰਕੜੇ ਪੇਸ਼ ਕਰਨ ਤਾਂ ਜੋ ਕੇਂਦਰ ਦੀ ਅੰਨ੍ਹੀ ਬੋਲੀ ਸਰਕਾਰ ਦੇ ਕੰਨ ਖੋਲ੍ਹੇ ਜਾ ਸਕਣ ਅਤੇ ਇਨ੍ਹਾਂ ਦੇ ਝੂਠ ਦਾ ਚੁਰਾਹੇ ਵਿੱਚ ਭਾਂਡਾ ਭੰਨਿਆ ਜਾ ਸਕੇ।
ਲੱਖੋਵਾਲ ਨੇ ਪੰਜਾਬ ਸਮੇਤ ਵੱਖ-ਵੱਖ ਰਾਜਾਂ ਦੇ ਸਮੂਹ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕ ਸਭਾ ਅਤੇ ਰਾਜ ਸਭਾ ਵਿੱਚ ਅਜਿਹੇ ਕੋਰਾ ਝੂਠ ਬੋਲਣ ਵਾਲੇ ਭਾਜਪਾਈ ਮੰਤਰੀ ਵਿਰੁੱਧ ਮਰਿਆਦਾ ਮਤਾ ਪੇਸ਼ ਕਰਕੇ ਜੁਮਲਿਆਂ ਰਾਹੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਛਲਾਵੇ ਦਿਖਾਉਣ ਵਾਲੀ ਨਿਕੰਮੀ ਸਰਕਾਰ ਦੇ ਪਾਜ ਉਘੇੜਨ।
ਲੱਖੋਵਾਲ ਨੇ ਆਖਿਆ ਕਿ ਉਹ ਸੰਯੁਕਤ ਕਿਸਾਨ ਮੋਰਚੇ ਨੂੰ ਵੀ ਅਪੀਲ ਕਰਨਗੇ ਕਿ ਹੁਣ ਤੱਕ ਸ਼ਹੀਦੀਆਂ ਪਾ ਚੁੱਕੇ ਕਿਸਾਨਾਂ ਦੀ ਮੁਕੰਮਲ ਸੂਚੀ ਮੋਦੀ ਸਮੇਤ ਭਾਜਪਾ ਸਰਕਾਰ ਦੇ ਸਮੂਹ ਮੰਤਰੀਆਂ ਅਤੇ ਸਮੂਹ ਸੰਸਦ ਮੈਂਬਰਾਂ ਨੂੰ ਭੇਜੀ ਜਾਵੇ ਤਾਂ ਜੋ ਭਵਿੱਖ ਵਿੱਚ ਤੋਮਰ ਵਾਂਗ ਕੋਈ ਵੀ ਹੋਰ ਭਾਜਪਾ ਜਾਂ ਆਰਐਸਐਸ ਆਗੂ ਸ਼ਹੀਦ ਹੋਏ ਕਿਸਾਨਾਂ ਬਾਰੇ ਝੂਠ ਬੋਲਣ ਦੀ ਜੁਰੱਅਤ ਨਾ ਕਰੇ।
ਕਿਸਾਨ ਨੇਤਾ ਲੱਖੋਵਾਲ ਨੇ ਪੰਜਾਬ ਸਰਕਾਰ ਨੂੰ ਇਹ ਵੀ ਆਖਿਆ ਕਿ ਪੰਜਾਬ ਵਿੱਚ ਹੁਣ ਤੱਕ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਤੁਰੰਤ ਮੁਆਵਜ਼ਾ ਅਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ।
ਭਾਜਪਾ ਦੀ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਵੱਲੋਂ ਕਿਸਾਨਾਂ ਵਿਰੁੱਧ ਵਰਤੀ ਗਈ ਅਭੱਦਰ ਭਾਸ਼ਾ ਬਾਰੇ ਲੱਖੋਵਾਲ ਨੇ ਆਖਿਆ ਕਿ ਭਾਜਪਾ ਤੇ ਆਰਐੱਸਐੱਸ ਤੋਂ ਅੰਨਦਾਤਾ ਕਦੇ ਵੀ ਮੱਲ੍ਹਮ ਦੀ ਉਮੀਦ ਨਹੀਂ ਕਰਦਾ ਪਰ ਇਸ ਪਾਰਟੀ ਦੇ ਪਿੱਛਲੱਗ ਨੇਤਾ ਕਿਸਾਨਾਂ ਦੇ ਜ਼ਖ਼ਮਾਂ ਉੱਤੇ ਲੂਣ ਛਿੜਕਣ ਤੋਂ ਬਾਜ਼ ਨਹੀਂ ਆਉਂਦੇ ਅਤੇ ਹਰ ਵਕਤ ਕਿਸਾਨਾਂ ਨੂੰ ਉਕਸਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਉਨ੍ਹਾਂ ਦੁਹਰਾਇਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੀਆਂ ਚੋਣਾਂ ਵਿਚ ਇਸ ਭਗਵਾਂ ਪਾਰਟੀ ਨੂੰ ਕਿਸਾਨਾਂ ਦੀ ਤਾਕਤ ਅੱਗੇ ਮੂੰਹ ਦੀ ਖਾਣੀ ਪਵੇਗੀ।