ਖੇਤੀ ਕਨੂੰਨਾਂ ਤੇ ਜਨਤਕ ਖੁੱਲ੍ਹੀ ਬਹਿਸ ਤੋਂ ਭੱਜੀਆਂ ਰਾਜਨੀਤਿਕ ਧਿਰਾਂ, ਹੁਣ ਕਿਸਾਨ ਸੰਸਦ 'ਚ ਸ਼ਾਮਲ ਹੋਣਗੇ ਸਾਬਕਾ ਅਫ਼ਸਰ
ਚੰਡੀਗੜ੍ਹ, 30 ਜੁਲਾਈ 2021 - ਬਿਨਾਂ ਜਨਤਕ ਰਾਇ ਤੋਂ ਅਤੇ ਕਿਸਾਨ ਹਿਤਾਂ ਦੇ ਵਿਰੋਧ ਚ ਬਣਾਏ ਤਿੰਨੋ ਖੇਤੀ ਕਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਨੂੰ ਸਮਾਜ ਦੇ ਸਾਰੇ ਵਰਗਾਂ ਤੋਂ ਢੇਰ ਸਮਰਥਨ ਹਾਸਲ ਹੋਣ ਕਾਰਨ ਹੀ ਸਾਂਝੇ ਕਿਸਾਨ ਮੋਰਚੇ ਵੱਲੋਂ ਦਸ ਮਹੀਨਿਆਂ ਤੋਂ ਸ਼ਾਂਤਮਈ ਢੰਗ ਨਾਲ ਰਾਜਧਾਨੀ ਨੂੰ ਘੇਰ ਕੇ ਵਿਰੋਧ ਦਰਜ਼ ਕਰਾਇਆ ਜਾ ਰਿਹਾ ਹੈ। ਸਤਾ ਧਾਰੀ ਦਲ ਵੱਲੋਂ ਪੂਰੇ ਦੇਸ਼ ਵਿਚ ਟੋਡੀ ਮੀਡੀਆ ਰਾਹੀਂ ਇਹ ਪ੍ਰਚਾਰਿਆ ਜਾ ਰਿਹਾ ਹੋ ਕਿ ਇਹ ਕਨੂੰਨ ਖੇਤੀ ਸੁਧਾਰ ਅਤੇ ਕਿਸਾਨਾਂ ਦੀ ਮਾਲੀ ਹਾਲਤ ਠੀਕ ਕਰਨ ਲਈ ਬਣਾਏ ਗਏ ਹਨ। ਉਹ ਪ੍ਰਚਾਰਦੇ ਹਨ ਕਿ ਮੁੱਠੀ ਭਰ ਕਿਸਾਨਾਂ ਨੂੰ ਅੱਤਵਾਦੀ,ਵੱਖਵਾਦੀ,ਮਾਓਵਾਦੀ ਤੱਤ ਵਰਗਾਲਾ ਰਹੇ ਹਨ।
ਸਾਬਕਾ ਆਈ ਏ ਐਸ, ਆਈ ਪੀ ਐਸ ,ਸੂਬਾਈ ਸੇਵਾਵਾਂ ਤੇ ਫ਼ੌਜੀ ਅਫ਼ਸਰਾਂ ਵੱਲੋਂ ਆਪਣੇ "ਕਿਰਤੀ ਕਿਸਾਨ ਫੋਰਮ" ਰਾਹੀਂ ਉਨ੍ਹਾਂ ਰਾਜਨੀਤਕ ਧਿਰਾਂ,ਪਾਰਟੀਆਂ ਨੂੰ ਚੁਣੌਤੀ ਦਿੱਤੀ ਗਈ ਸੀ ਜਿਹੜੀਆਂ ਇਨ੍ਹਾਂ ਕਨੂੰਨਾਂ ਦੀ ਖ਼ਾਹ -ਮਖਾਹ ਵਕਾਲਤ ਕਰਦੀਆਂ ਹਨ। ਅੱਜ ਫੋਰਮ ਦੀ ਮੀਟਿੰਗ ਵਿਚ ਸਾਬਕਾ ਅਧਿਕਾਰੀਆਂ ਵੱਲੋਂ ਹੈਰਾਨੀ ਪ੍ਰਗਟ ਕੀਤੀ ਗਈ ਕਿ ਕੋਈ ਅਖੌਤੀ ਬੁੱਧੀਜੀਵੀ ਜਾਂ ਪਾਰਟੀ ,ਧਿਰ ਇਸ ਬਹਿਸ ਲਈ ਅੱਗੇ ਨਹੀਂ ਆਈ।
ਕਿਰਤੀ- ਕਿਸਾਨ ਫੋਰਮ ਦੀ ਕੋ ਪ੍ਰਧਾਨਗੀ ਕਰਦਿਆਂ ਪਦਮ ਸ੍ਰੀ ਸਵਰਨ ਸਿੰਘ ਬੋਪਾਰਾਏ ਸਾਬਕਾ ਸਕੱਤਰ ਕੇਂਦਰ ਸਰਕਾਰ ਅਤੇ ਪਦਮ ਸ੍ਰੀ ਆਰ ਆਈ ਸਿੰਘ ਸਾਬਕਾ ਮੁੱਖ ਸਕੱਤਰ ਪੰਜਾਬ ਸਰਕਾਰ ਨੇ ਕਿਸਾਨ ਸੰਸਦ ਵਿਚ ਵਿਚ ਸ਼ਾਮਲ ਹੋਣ ਵਾਲੇ ਤਿਆਰ ਸਾਰੇ ਅਧਿਕਾਰੀਆਂ ਦੇ ਜੋਸ਼ ਦੀ ਪ੍ਰਸੰਸਾ ਕੀਤੀ। ਅੱਜ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿਚ ਕਨੂੰਨੀ ਮਾਹਿਰ ਜੋਗਿੰਦਰ ਸਿੰਘ ਤੂਰ ਵੱਲੋਂ ਤਿੰਨੇ ਖੇਤੀ ਕਨੂੰਨਾਂ ਦੇ ਮਾਰੂ ਅਸਰਾਂ ਬਾਰੇ ਹੁਣੇ ਛਪੀ ਕਿਤਾਬ ਵਿਚੋਂ ਇਨ੍ਹਾਂ ਦੇ ਕਾਲੇ ਪੱਖਾਂ ਬਾਰੇ ਦੱਸਿਆ। ਉਨ੍ਹਾਂ ਇਸ ਦੇ ਅੰਗਰੇਜ਼ੀ ਐਡੀਸ਼ਨ ਦੀ ਕਾਪੀਆਂ ਸਾਰੇ ਦੇਸ਼ ਦੇ ਸੰਸਦ ਮੈਂਬਰਾਂ,ਬੁੱਧੀਜੀਵੀਆਂ ਅਤੇ ਵਿਧਾਨ ਸਭਾ ਮੈਂਬਰਾਂ ਨੂੰ ਮੁਫ਼ਤ ਭੇਜਣ ਦਾ ਭਰੋਸਾ ਦਿੱਤਾ।
ਸਵਰਨ ਸਿੰਘ ਬੋਪਾਰਾਏ ਨੇ ਵਿਸਥਾਰ ਵਿਚ ਦੱਸਿਆ ਕਿ ਕਿਵੇਂ ਦੇਸ਼ ਦੀ ਸੁਰੱਖਿਆ ਅਤੇ ਸਥਿਰਤਾ ਪੂਰਨ ਰੂਪ ਵਿਚ ਖੇਤੀ,ਕਿਸਾਨਾਂ ਅਤੇ ਦਿਹਾਤ ਤੇ ਨਿਰਭਰ ਕਰਦੀ ਹੈ। ਪੇਂਡੂ ਖੇਤਰ ਦੇ ਵਿਕਾਸ ਅਤੇ ਜੀਵਨ ਜਾਚ ਨੂੰ,ਉਨ੍ਹਾਂ ਦੱਸਿਆ,ਅਸੀਂ ਤਹਿਸ-ਨਹਿਸ ਨਹੀਂ ਕਰਨ ਦੇ ਸਕਦੇ। ਫਾਰਮਰਜ਼ ਵੈੱਲਫੇਅਰ ਟਰੱਸਟ ਵੱਲੋਂ ਸੁਖਦੇਵ ਸਿੰਘ ਸਿੱਧੂ ਨੇ ਕਿਸਾਨ ਅੰਦੋਲਨ ਨੂੰ ਕਾਮਯਾਬ ਕਰਨ ਲਈ ਹਰ ਸੰਭਵ ਮਦਦ ਦੇਣ ਦਾ ਵਾਅਦਾ ਕੀਤਾ। ਅੱਜ ਦੀ ਮੀਟਿੰਗ ਵਿਚ ਔਰਤ ਅਧਿਕਾਰੀਆਂ ਵੱਲੋਂ ਵੀ ਭਰਵਾਂ ਹਿੱਸਾ ਲਿਆ ਗਿਆ। ਫੋਰਮ ਵੱਲੋਂ ਸਾਰੇ ਟਰੱਸਟਾਂ ,ਸੰਸਥਾਵਾਂ,ਅਤੇ ਐਸੋਸੀਏਸ਼ਨਾਂ ਦਾ ਕਿਸਾਨ ਅੰਦੋਲਨ ਵਿਚ ਪਾਏ ਜਾ ਰਹੇ ਯੋਗਦਾਨ ਲਈ ਧੰਨਵਾਦ ਕੀਤਾ ਅਤੇ ਕਿਸਾਨ ਸੰਸਦ ਵਿਚ ਸ਼ਾਮਲ ਹੋਣ ਲਈ ਤਿਆਰ -ਬਰ -ਤਿਆਰ ਰਹਿਣ ਲਈ ਕਿਹਾ।
ਅੱਜ ਦੀ ਮੀਟਿੰਗ ਵਿਚ ਐਮ ਐਸ ਚਾਹਲ, ਜੀ ਪੀ ਐਸ ਸਾਹੀ,ਜੇ ਆਰ ਕੁੰਡਲ,ਟੀ ਆਰ ਸਰੰਗਲ, ਡੀ. ਐਸ.ਬੈਂਸ,ਕੁਲਬੀਰ ਸਿੰਘ ਸਿੱਧੂ,ਇਕਬਾਲ ਸਿੰਘ ਸਿੱਧੂ,ਐਸ ਕੇ ਸੰਧੂ, ਬਲਵਿੰਦਰ ਸਿੰਘ ਮੁਲਤਾਨੀ,ਜੀ ਕੇ ਸਿੰਘ, ਕਰਮਜੀਤ ਸਿੰਘ ਸਰਾਂ, ਹਰਕੇਸ਼ ਸਿੰਘ ਸਿੱਧੂ, ਪ੍ਰਿਥੀ ਚੰਦ,ਹਰਬੰਸ ਕੌਰ ਬਾਹੀਆ,ਚਰਨਜੀਤ ਸਿੰਘ, ਸੁਖਦੇਵ ਸਿੰਘ ਸਿੱਧੂ,ਜਰਨੈਲ ਸਿੰਘ, ਪਿੰਕੀ ਔਲਖ, ਬ੍ਰਿਗੇਡੀਅਰ ਹਰਵੰਤ ਸਿੰਘ, ਬ੍ਰਿਗੇਡੀਅਰ ਮੋਹਨ ਸਿੰਘ, ਗੁਰਬੀਰ ਸਿੰਘ ਸੰਧੂ, ਸਰਬਜੀਤ ਧਾਲੀਵਾਲ, ਕਰਨਲ ਏ ਐਸ ਹੀਰਾ,ਅਮਰ ਸਿੰਘ ਚਾਹਲ,ਪ੍ਰਦੀਪ ਸਿੰਘ ਕਾਲੇਕਾ,ਚੌ ਕਿਸ਼ੋਰੀ ਲਾਲ, ਕਰਨਲ ਐਮ ਐਸ ਬਾਜਵਾ ਸਮੇਤ ਕੁਲ ਪੈਂਤੀ ਅਧਿਕਾਰੀ ਸ਼ਾਮਲ ਹੋਏ।