ਦੇਖੋ , ਹੁਣ ਕਿਸ ਨੂੰ ਐਡਵੋਕੇਟ ਜਨਰਲ ਲਾਏ ਜਾਣ ਦੀ ਬਣੀ ਹੈ ਤਜ਼ਵੀਜ਼ ਚੰਨੀ ਸਰਕਾਰ ਵਲੋਂ ?
ਰਸਮੀ ਹੁਕਮਾਂ ਦੀ ਉਡੀਕ
ਚੰਡੀਗੜ੍ਹ, 25 ਸਤੰਬਰ, 2021: ਪੰਜਾਬ ਦੀ ਚੰਨੀ ਸਰਕਾਰ ਵੱਲੋਂ ਨਾਮਵਰ ਸੀਨੀਅਰ ਵਕੀਲ ਏ ਪੀ ਐਸ ਦਿਓਲ ਨੂ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਲਾਏ ਜਾਣ ਦੀ ਤਜਵੀਜ਼ ਹੈ।
ਬਾਬੂਸ਼ਾਹੀ ਨੈੱਟਵਰਕ ਦੀ ਜਾਣਕਾਰੀ ਅਨੁਸਾਰ ਮੁਖ ਮੰਤਰੀ ਵਲੋਂ ਇਹ ਫੈਸਲਾ ਲੈ ਲਿਆ ਗਿਆ ਹੈ ਅਤੇ ਇਸ ਬਾਰੇ ਰਸਮੀ ਹੁਕਮ ਜਾਰੀ ਕਰਨ ਦੀ ਕਾਰਵਾਈ ਜਾਰੀ ਹੈ। ਇਹ ਵੀ ਪਤਾ ਲਗਾ ਹੈ ਕਿ ਇਹ ਫਾਈਲ ਰਾਜ ਭਵਨ ਭੇਜੀ ਜਾ ਰਹੀ ਹੈ ਅਤੇ ਪ੍ਰਵਾਨਗੀ ਤੋਂ ਬਾਅਦ ਹੀ ਨਿਯੁਕਤੀ ਦੇ ਹੁਕਮ ਜਾਰੀ ਹੋਣਗੇ।
ਏ ਪੀ ਐਸ ਦਿਓਲ ਸੀਨੀਅਰ ਵਕੀਲ ਹਨ ਅਤੇ ਬਹੁਤ ਕਾਬੁਲ ਅਤੇ ਤਜੁਰਬੇਕਾਰ ਕਨੂੰਨ ਦਾਨ ਮੰਨੇ ਜਾਂਦੇ ਹਨ । ਉਹ ਪਿਛਲੇ ਸਮੇਂ ਦੌਰਾਨ ਉਸ ਵੇਲੇ ਚਰਚਾ ਵਿਚ ਆਏ ਸਨ ਜਦੋਂ ਉਹ ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਦੇ ਕੇਸਾਂ ਦੀ ਵਕਾਲਤ ਕਰ ਰਹੇ ਸਨ। ਸੈਣੀ ਕੇਸ ਵਿੱਚ ਪਿਛਲੀ ਕੈਪਟਨ ਸਰਕਾਰ ਅਤੇ ਵਿਜਿਲੈਂਸ ਨੂੰ ਸਭ ਤੋਂ ਵੱਡਾ ਝਟਕਾ ਦੇਣ ਵਾਲੇ ਐਡਵੋਕੇਟ ਦਿਓਲ ਹੀ ਸਨ ।
ਪੰਜਾਬ ਵਿਜੀਲੈਂਸ ਵਲੋਂ ਸੈਣੀ ਦੀ ਗ੍ਰਿਫਤਾਰੀ ਤੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਸੈਣੀ ਦੀ ਰਿਹਾਈ ਦੇ ਦਿਤੇ ਇਤਿਹਾਸਕ ਫੈਸਲੇ ਦੌਰਾਨ ਵੀ ਦਿਓਲ ਹੀ ਸੈਣੀ ਦੇ ਵਕੀਲ ਸਨ।
ਚੇਤੇ ਰਹੇ ਕਿ ਪਹਿਲਾਂ ਚੰਨੀ ਸਰਕਾਰ ਨੇ ਡੀ ਐਸ ਪਟਵਾਲੀਆ ਨੂੰ ਏ ਜੀ ਲਾਏ ਜਾਣ ਦੀ ਤਜ਼ਵੀਜ਼ ਤੇ ਵਿਚਾਰ ਕੀਤਾ ਸੀ ਪਰ ਇਹ ਸਿਰੇ ਨਹੀਂ ਸੀ ਚੜ੍ਹੀ। ਇਸੇ ਤਰਾਂ ਅਨਮੋਲ ਰਤਨ ਸਿੱਧੂ ਦੇ ਨਾ ਦੀ ਵੀ ਚਰਚਾ ਹੋਈ ਸੀ।