ਵਜ਼ੀਰਾਂ ਨੁੰ ਮਹਿਕਮਿਆਂ ਦੀ ਵੰਡ ਸਮੇਤ ਕੁਝ ਅਹਿਮ ਨਿਯੁਕਤੀਆਂ ਦੀ ਉਡੀਕ ਹੈ ਚੰਨੀ ਸਰਕਾਰ ਤੋਂ
ਚੰਡੀਗੜ੍ਹ, 27 ਸਤੰਬਰ, 2021: ਭਾਵੇਂ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਵਜ਼ਾਰਤ ਦਾ ਗਠਨ ਕੱਲ੍ਹ 15 ਹੋਰ ਮੰਤਰੀਆਂ ਨੂੰ ਸਹੁੰ ਚੁਕਾ ਕੇ ਪੂਰਾ ਕਰ ਲਿਆ ਹੈ ਪਰ ਹਾਲੇ ਤੱਕ ਇਹਨਾਂ ਮੰਤਰੀਆਂ ਨੂੰ ਮਹਿਕਮਿਆਂ ਦੀ ਵੰਡ ਨਹੀਂ ਕੀਤੀ ਗਈ। ਬੀਤੀ ਸ਼ਾਮ ਤਕ ਮੁੱਖ ਮੰਤਰੀ ਦਫ਼ਤਰ ਵੱਲੋਂ ਰਾਜ ਭਵਨ ਨੂੰ ਇਸ ਬਾਰੇ ਕੋਈ ਲਿਸਟ ਨਹੀਂ ਭੇਜੀ ਗਈ ।
ਅਜੇ ਤਕ ਇਹ ਵੀ ਸਪਸ਼ਟ ਨਹੀਂ ਮੁੱਖ ਮੰਤਰੀ ਨੇ ਮਹਕਮਿਆਂ ਦੀ ਵੰਡ ਬਾਰੇ ਹਾਈ ਕਮਾਂਡ ਤੋਂ ਪ੍ਰਵਾਨਗੀ ਵਜ਼ੀਰਾਂ ਦੀ ਲਿਸਟ ਦੇ ਨਾਲ ਹੀ ਲਈ ਲਈ ਸੀ ਜਾਂ ਬਾਅਦ 'ਚ ਲਈ ਜਾਣੀ ਸੀ । ਅੱਜ ਉਮੀਦ ਹੈ ਕਿ ਕੈਬਿਨੇਟ ਮੀਟਿੰਗ ਤੋਂ ਬਾਅਦ ਇਹ ਵੰਡ ਹੋ ਜਾਵੇਗੀ .
ਇਸੇ ਤਰ੍ਹਾਂ ਨਵੀਂ ਸਰਕਾਰ ਵੱਲੋਂ ਹਾਲੇ ਤੱਕ ਨਵੇਂ ਐਡਵੋਕੇਟ ਜਨਰਲ ਵੀ ਨਹੀਂ ਲਾਏ ਗਏ । ਬੇਸ਼ੱਕ ਏ ਪੀ ਐਸ ਦਿਓਲ ਨੂੰ ਨਵਾਂ ਏ ਜੀ ਲਾਏ ਜਾਣ ਦੀ ਫਾਇਲ ਤਿਆਰ ਹੋਈ ਸੀ ਪਰ ਅਜੇ ਤਕ ਇਹ ਸਿਰੇ ਨਹੀਂ ਲੱਗੀ .
ਵਿਜੀਲੈਂਸ ਮੁਖੀ ਤੇ ਇੰਟੈਲੀਜੈਂਸ ਮੁਖੀ ਬਦਲਣ ਅਤੇ ਨਵੇਂ ਮੁਖੀ ਲਾਉਣ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ। ਮੁੱਖ ਮੰਤਰੀ ਨੇ ਹਾਲੇ ਆਪਣਾ ਕੋਈ ਮੀਡੀਆ ਸਲਾਹਕਾਰ ਨਹੀਂ ਲਗਾਇਆ।
ਇਸੇ ਤਰੀਕੇ ਕਿਸੇ ਓ ਐਸ ਡੀ ਦੀ ਨਿਯੁਕਤੀ ਵੀ ਹਾਲੇ ਤੱਕ ਨਹੀਂ ਕੀਤੀ ਗਈ ਜਦਕਿ ਕੈਪਟਨ ਅਮਰਿੰਦਰ ਸਿੰਘ ਵੇਲੇ ਮੀਡੀਆ ਸਲਾਹਕਾਰ ਤੇ ਪ੍ਰੈਸ ਸਕੱਤਰ ਤੋਂ ਇਲਾਵਾ ਓ ਐਸ ਡੀਜ਼ ਦੀ ਵੱਡੀ ਫੌਜ ਸੀ। ਇਹਨਾਂ ਸਭ ਫੈਸਲਿਆਂ ਨੁੰ ਲੈ ਕੇ ਸਿਆਸੀ ਗਲਿਆਰਿਆਂ ਦੇ ਨਾਲ ਨਾਲ ਆਮ ਲੋਕਾਂ ਵਿਚ ਉਤਸੁਕਤਾ ਬਣੀ ਹੋਈ ਹੈ ਜਦਕਿ ਸਰਕਾਰ ਵਿਚ ਅਜੇ ਇਨ੍ਹਾਂ ਮਾਮਲਿਆਂ ਬਾਰੇ ਦੁਬਿਧਾ ਬਰਕਰਾਰ ਹੈ।