ਪੈਰਿਸ ਓਲੰਪਿਕਸ ਚ ਇੰਡੀਆ -28 ਜੁਲਾਈ ਦਾ ਲੇਖ ਜੋਖਾ
ਨਵਦੀਪ ਸਿੰਘ ਗਿੱਲ ਦੀ ਵਿਸ਼ੇਸ਼ ਰਿਪੋਰਟ
*ਮਨੂ ਭਾਕਰ ਨੇ ਕਾਂਸੀ ਦਾ ਤਮਗ਼ਾ ਫੁੰਡਿਆ*
*ਭਾਰਤ ਦੇ ਅੱਜ ਦੇ ਮੁਕਾਬਲਿਆਂ ਦਾ ਪੂਰਾ ਲੇਖਾ-ਜੋਖਾ*
ਪੈਰਿਸ ਓਲੰਪਿਕਸ ਦੇ ਅੱਜ ਮੁਕਾਬਲਿਆਂ ਦੇ ਦੂਜੇ ਦਿਨ ਭਾਰਤ ਦਾ ਮੈਡਲ ਦਾ ਖਾਤਾ ਖੁੱਲ੍ਨਿਆ। ਨਿਸ਼ਾਨੇਬਾਜ਼ ਮਨੂ ਭਾਕਰ ਨੇ ਕਾਂਸੀ ਦਾ ਤਮਗ਼ਾ ਫੁੰਡਿਆ। ਹਰਿਆਣਾ ਦੇ ਝੱਜਰ ਦੀ ਮਨੂ ਭਾਕਰ ਨੇ 10 ਮੀਟਰ ਏਅਰ ਪਿਸਟਲ ਫ਼ਾਈਨਲ ਨੇ 221.7 ਸਕੋਰ ਨਾਲ ਕਾਂਸੀ ਜਿੱਤੀ। ਮਨੂ ਭਾਕਰ ਭਾਰਤ ਦੀ ਪਹਿਲੀ ਮਹਿਲਾ ਖਿਡਾਰਨ ਬਣ ਗਈ ਹੈ ਜਿਸ ਨੇ ਨਿਸ਼ਾਨੇਬਾਜ਼ੀ ਵਿੱਚ ਕੋਈ ਤਮਗ਼ਾ ਜਿੱਤਿਆ। ਇਸ ਤੋਂ ਪਹਿਲਾਂ ਨਿਸ਼ਾਨੇਬਾਜ਼ੀ ਵਿੱਚ ਭਾਰਤ ਵੱਲੋਂ ਮੁੰਡਿਆਂ ਨੇ ਹੀ ਓਲੰਪਿਕਸ ਵਿੱਚ ਮੈਡਲ ਜਿੱਤੇ ਸਨ। ਮਨੂ ਭਾਕਰ ਨੇ ਕੱਲ੍ਹ ਕੁਆਲੀਫਿਕੇਸ਼ਨ ਰਾਊਂਡ ਵਿੱਚ 580 ਸਕੋਰ ਨਾਲ ਤੀਜਾ ਸਥਾਨ ਹਾਸਲ ਕਰਕੇ ਫ਼ਾਈਨਲ ਲਈ ਕੁਆਲੀਫਾਈ ਕੀਤਾ ਸੀ। ਇਸ ਈਵੈਂਟ ਵਿੱਚ ਦੱਖਣੀ ਕੋਰੀਆ ਨੇ ਸੋਨੇ ਤੇ ਚਾਂਦੀ ਦਾ ਤਮਗ਼ਾ ਜਿੱਤਿਆ।
ਨਿਸ਼ਾਨੇਬਾਜ਼ੀ ਵਿੱਚ ਹੋਰ ਖੁਸ਼ੀ ਦੀਆਂ ਖ਼ਬਰਾਂ ਆਈਆਂ। ਫਾਜ਼ਿਲਕਾ ਜ਼ਿਲੇ ਦੇ ਜਲਾਲਾਬਾਦ ਦੇ ਨਿਸ਼ਾਨੇਬਾਜ਼ ਅਰਜੁਨ ਬਬੂਟਾ ਨੇ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਦੇ ਕੁਆਲੀਫਿਕੇਸ਼ਨ ਰਾਊਂਡ ਵਿੱਚ 630.1 ਸਕੋਰ ਨਾਲ ਸੱਤਵਾਂ ਸਥਾਨ ਹਾਸਲ ਕਰਕੇ ਫ਼ਾਈਨਲ ਲਈ ਕੁਆਲੀਫਾਈ ਕੀਤਾ। ਪੰਜਾਬ ਦਾ ਅਰਜੁਨ ਬਬੂਟਾ ਭਲਕੇ 29 ਜੁਲਾਈ ਨੂੰ ਫ਼ਾਈਨਲ 3.30 ਵਜੇ ਫ਼ਾਈਨਲ ਖੇਡੇਗਾ। ਅਰਜੁਨ ਐਵਾਰਡ ਜੇਤੂ ਪੰਜਾਬੀ ਲੇਖਿਕਾ ਦੀਪਤੀ ਬਬੂਟਾ ਦਾ ਪੁੱਤਰ ਹੈ।ਇਸੇ ਈਵੈਂਟ ਵਿੱਚ ਬਹਿਬਲ ਖੁਰਦ (ਫਰੀਦਕੋਟ) ਦਾ ਸੰਦੀਪ ਸਿੰਘ 629.3 ਸਕੋਰ ਨਾਲ 12ਵੇਂ ਸਥਾਨ ਉੱਤੇ ਰਿਹਾ। ਇਕ ਹੋਰ ਨਿਸ਼ਾਨੇਬਾਜ਼ ਰਮਿਤਾ ਜਿੰਦਲ ਨੇ ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ ਵਿੱਚ ਕੁਆਲੀਫਿਕੇਸ਼ਨ ਰਾਊਂਡ ਵਿੱਚ 631.5 ਸਕੋਰ ਨਾਲ ਪੰਜਵੇਂ ਸਥਾਨ ਉੱਤੇ ਰਹਿੰਦਿਆਂ ਫ਼ਾਈਨਲ ਵਿੱਚ ਦਾਖਲਾ ਪਾਇਆ।
ਬੈਡਮਿੰਟਨ ਵਿੱਚ ਮਹਿਲਾ ਸਿੰਗਲਜ਼ ਵਰਗ ਵਿੱਚ ਦੋ ਵਾਰ ਦੀ ਓਲੰਪਿਕ ਤਮਗ਼ਾ ਜੇਤੂ ਪੀਵੀ ਸਿੰਧੂ ਨੇ ਓਲੰਪਿਕਸ ਵਿੱਚ ਆਪਣਾ ਪਹਿਲਾ ਮੈਚ ਆਸਾਨੀ ਨਾਲ ਜਿੱਤ ਲਿਆ। ਸਿੰਧੂ ਨੇ ਮਾਲਦੀਵ ਦੀ ਰਜ਼ਾਕ ਨੂੰ 21-9 ਤੇ 21-6 ਨਾਲ ਹਰਾਇਆ। ਪੁਰਸ਼ ਸਿੰਗਲਜ਼ ਦੇ ਇਕ ਹੋਰ ਮੈਚ ਵਿੱਚ ਐਚ.ਐਸ. ਪ੍ਰਣੋਏ ਨੇ ਜਰਮਨੀ ਦੇ ਫੈਬੀਅਨ ਰੋਥ ਨੂੰ 21-18 ਤੇ 21-12 ਨਾਲ ਹਰਾਇਆ।
ਟੇਬਲ ਟੈਨਿਸ ਵਿੱਚ ਮਹਿਲਾਵਾਂ ਦੇ ਸਿੰਗਲਜ਼ ਮੁਕਾਬਲਿਆਂ ਵਿੱਚ ਭਾਰਤ ਦੀ ਮਨਿਕਾ ਬੱਤਰਾ ਨੇ ਬਰਤਾਨੀਆ ਦੀ ਐਨਾ ਜਰਸੀ ਨੂੰ ਪੰਜ ਗੇਮ ਤੱਕ ਚੱਲੇ ਮੈਚ ਵਿੱਚ 4-1 (11-8, 12-10, 11-9, 9-11 ਤੇ 11-5) ਨਾਲ ਹਰਾ ਕੇ ਰਾਊਂਡ 32 ਵਿੱਚ ਦਾਖਲਾ ਪਾਇਆ। ਇਕ ਹੋਰ ਸਿੰਗਲਜ਼ ਮੁਕਾਬਲੇ ਵਿੱਚ ਭਾਰਤ ਦੀ ਸਿਰੀਜਾ ਅਕੂਲਾ ਨੇ ਸਵੀਡਨ ਦੀ ਕ੍ਰਿਸਟੀਨਾ ਕਾਲਬਰਗ ਨੂੰ ਚਾਰ ਸਿੱਧੇ ਗੇਮਾਂ ਵਿੱਚ 11-4, 11-9, 11-7 ਤੇ 11-8 ਨਾਲ ਹਰਾ ਕੇ ਰਾਊਂਡ 32 ਵਿੱਚ ਦਾਖਲਾ ਪਾ ਲਿਆ।ਪੁਰਸ਼ ਸਿੰਗਲਜ਼ ਵਿੱਚ ਭਾਰਤ ਨੂੰ ਵੱਡਾ ਧੱਕਾ ਲੱਗਾ ਜਦੋਂ ਸ਼ਰਤ ਕਮਲ ਅਛੰਤਾ ਪਹਿਲੇ ਹੀ ਮੈਚ ਵਿੱਚ ਹਾਰ ਕੇ ਬਾਹਰ ਹੋ ਗਿਆ। ਸ਼ਰਤ ਨੂੰ ਸਲੋਵੀਨੀਆ ਦੇ ਕੁਜ਼ੋਲ ਹੱਥੋਂ ਛੇ ਗੇਮਾਂ ਤੱਕ ਚੱਲੇ ਮੁਕਾਬਲੇ ਵਿੱਚ 2-4 (12-10, 9-11, 6-11, 7-11, 11-8 ਤੇ 10-12) ਨਾਲ ਹਾਰ ਹੋਈ।
ਮੁੱਕੇਬਾਜ਼ੀ ਵਿੱਚ ਮਹਿਲਾ ਵਰਗ ਦੇ 50 ਕਿਲੋ ਫਲਾਈਵੇਟ ਵਿੱਚ ਭਾਰਤ ਦੀ ਨਿਖਿਤ ਜ਼ਰੀਨ ਨੇ ਮਹਿਲਾ ਮੁੱਕੇਬਾਜ਼ੀ ਦੇ ਮੁਕਾਬਲੇ ਵਿੱਚ ਜਰਮਨੀ ਦੀ ਮੁੱਕੇਬਾਜ਼ ਕਲੋਟਜ਼ਰ ਨੂੰ 5-0 ਨਾਲ ਹਰਾ ਕੇ ਪ੍ਰੀ ਕੁਆਰਟਰ ਫ਼ਾਈਨਲ ਵਿੱਚ ਦਾਖਲਾ ਪਾਇਆ ।
ਰੋਇੰਗ ਦੇ ਪੁਰਸ਼ ਸਿੰਗਲਜ਼ ਸਕੱਲਜ਼ ਵਿੱਚ ਬਲਰਾਜ ਪਨਵਾੜ ਨੇ ਰੈਪੇਚੇਜ ਹੀਟ ਵਿੱਚ 7.12.41 ਦਾ ਸਮਾਂ ਕੱਢ ਕੇ ਕੁਆਰਟਰ ਫ਼ਾਈਨਲ ਵਿੱਚ ਦਾਖਲਾ ਪਾਇਆ।
ਭਾਰਤ ਨੂੰ ਤੀਰਅੰਦਾਜ਼ੀ ਵਿੱਚ ਅੱਜ ਵੱਡਾ ਝਟਕਾ ਲੱਗਿਆ ਜਦੋਂ ਮਹਿਲਾ ਟੀਮ ਰਿਕਰਵ ਦੇ ਟੀਮ ਵਰਗ ਵਿੱਚ ਕੁਆਰਟਰ ਫ਼ਾਈਨਲ ਵਿੱਚ ਆਪਣੇ ਤੋਂ ਘੱਟ ਰੈਂਕ ਵਾਲੀ ਹਾਲੈਂਡ ਟੀਮ ਤੋਂ ਤਿੰਨ ਸਿੱਧੇ ਸੈਟਾਂ ਵਿੱਚ 0-6 ਨਾਲ ਹਾਰ ਕੇ ਬਾਹਰ ਹੋ ਗਈ।
ਟੈਨਿਸ ਵਿੱਚ ਪੁਰਸ਼ਾਂ ਦੇ ਸਿੰਗਲਜ਼ ਵਰਗ ਵਿੱਚ ਭਾਰਤ ਦਾ ਸੁਮੀਤ ਨਗਲ ਪਹਿਲੇ ਪਹਿਲੇ ਹੀ ਰਾਊਂਡ ਵਿੱਚ ਹਾਰ ਕੇ ਬਾਹਰ ਹੋ ਗਿਆ। ਸੁਮੀਤ ਫਰਾਂਸ ਦੇ ਮੋਟੇਟ ਹੱਥੋਂ 2-6, 6-2 ਤੇ 5-7 ਨਾਲ ਹਾਰਿਆ।
ਤੈਰਾਕੀ ਖੇਡ ਵਿੱਚ ਦੋ ਭਾਰਤੀ ਤੈਰਾਕ ਅੱਜ ਹੀਟਾਂ ਵਿੱਚ ਹੀ ਬਾਹਰ ਹੋ ਗਏ। ਪੁਰਸ਼ਾਂ ਦੀ 100 ਮੀਟਰ ਬੈਕਸਟੋਰਕ ਵਿੱਚ ਸ੍ਰੀਹਰੀ ਨਟਰਾਜ ਨੇ 55.01 ਸਕਿੰਟ ਦਾ ਸਮਾਂ ਕੱਢਿਆ ਅਤੇ ਓਵਰ ਆਲ 33ਵੇਂ ਸਥਾਨ ਉੱਤੇ ਰਹਿਣ ਕਰਕੇ ਅੱਗੇ ਨਹੀਂ ਵਧ ਸਕਿਆ।ਮਹਿਲਾਵਾਂ ਦੀ 200 ਮੀਟਰ ਫਰੀਸਟਾਈਲ ਵਿੱਚ 14 ਵਰ੍ਹਿਆਂ ਦੀ ਨੰਨ੍ਹੀ ਤੈਰਾਕ ਧਿਨਿਧੀ ਦੇਸ਼ਿੰਘੂ ਵੀ ਹੀਟ ਤੋਂ ਅੱਗੇ ਨਾ ਵਧ ਸਕੀ। ਧਿਨਿਧੀ ਨੇ 2.06.96 ਦਾ ਸਮਾਂ ਕੱਢਿਆ ਅਤੇ ਓਵਰ ਆਲ 23ਵੇਂ ਸਥਾਨ ਉਪਰ ਰਹਿਣ ਕਰਕੇ ਸੈਮੀ ਫ਼ਾਈਨਲ ਲਈ ਕੁਆਲੀਫਾਈ ਨਾ ਹੋ ਸਕੀ।