ਪੈਰਿਸ ਓਲੰਪਿਕਸ : ਅਵਿਨਾਸ਼ ਸਾਬਲੇ 3000 ਮੀਟਰ ਸਟੀਪਲਚੇਜ ਦੌੜ ਦੇ ਫ਼ਾਈਨਲ ਵਿੱਚ
ਲਕਸ਼ੇ ਸੇਨ ਅਤੇ ਮਹੇਸ਼ਵਰੀ ਤੇ ਅਨੰਤਜੀਤ ਮੈਡਲ ਤੋਂ ਖੁੰਝੇ
-ਨਵਦੀਪ ਸਿੰਘ ਗਿੱਲ
ਪੈਰਿਸ : ਪੈਰਿਸ ਓਲੰਪਿਕਸ ਵਿੱਚ ਅੱਜ ਭਾਰਤ ਲਈ ਅਥਲੈਟਿਕਸ ਨੂੰ ਛੱਡ ਕੇ ਬਾਕੀ ਖੇਡਾਂ ਵਿੱਚ ਨਿਰਾਸ਼ਾ ਮਿਲੀ ਅਤੇ ਦੋ ਮੈਡਲ ਜਿੱਤਦੇ-ਜਿੱਤਦੇ ਖੁੰਝੇ।ਅਥਲੈਟਿਕਸ ਵਿੱਚ ਭਾਰਤ ਦਾ ਅਵਿਨਾਸ਼ ਸਾਬਲੇ 3000 ਮੀਟਰ ਸਟੀਪਲਚੇਜ ਦੌੜ ਵਿੱਚ ਓਲੰਪਿਕ ਖੇਡਾਂ ਦੇ ਫ਼ਾਈਨਲ ਵਿੱਚ ਪਹੁੰਚਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣਿਆ। ਸਾਬਲੇ ਨੇ ਪੈਰਿਸ ਵਿਖੇ 3000 ਮੀਟਰ ਸਟੀਪਲਚੇਜ ਦੌੜ ਦੀ ਹੀਟ ਵਿੱਚ 8:15.43. ਸਮਾਂ ਕੱਢ ਕੇ ਹੀਟ ਵਿੱਚ ਪੰਜਵਾਂ ਸਥਾਨ ਹਾਸਲ ਕੀਤਾ ਅਤੇ ਫ਼ਾਈਨਲ ਲਈ ਸਿੱਧਾ ਕੁਆਲੀਫਾਈ ਕੀਤਾ। ਉਹ ਹੁਣ 7 ਅਗਸਤ ਨੂੰ ਫ਼ਾਈਨਲ ਵਿੱਚ ਦੌੜੇਗਾ। ਸਾਬਲੇ ਨੈਸ਼ਨਲ ਰਿਕਾਰਡ ਹੋਲਡਰ ਦੇ ਨਾਲ ਏਸ਼ੀਅਨ ਗੇਮਜ਼ ਦਾ ਗੋਲਡ ਮੈਡਲਿਸਟ ਤੇ ਕਾਮਨਵੈਲਥ ਗੇਮਜ਼ ਦਾ ਸਿਲਵਰ ਮੈਡਲਿਸਟ ਹੈ। ਮਹਾਂਰਾਸ਼ਟਰ ਦੇ ਬੀਡ ਜ਼ਿਲੇ ਦਾ ਇਹ ਅਥਲੀਟ ਭਾਰਤੀ ਫੌਜ ਵਿੱਚ ਨਾਇਬ ਸੂਬੇਦਾਰ ਹੈ।
ਬੈਡਮਿੰਟਨ ਵਿੱਚ ਅੱਜ ਭਾਰਤ ਦਾ ਲਕਸ਼ੇ ਸੇਨ ਕਾਂਸੀ ਦੇ ਮੈਡਲ ਵਾਲੇ ਤਿੰਨ ਗੇਮ ਤੱਕ ਚੱਲੇ ਮੈਚ ਵਿੱਚ ਹਾਰਨ ਕਰਕੇ ਮੈਡਲ ਤੋਂ ਖੁੰਝ ਗਿਆ। ਲਕਸ਼ੇ ਨੇ ਮਲੇਸ਼ੀਆ ਦੇ ਜ਼ੀ ਜਿਆ ਲੀ ਖ਼ਿਲਾਫ਼ ਪਹਿਲੀ ਗੇਮ 21-13 ਨਾਲ ਆਸਾਨੀ ਨਾਲ ਜਿੱਤ ਲਈ। ਦੂਜੀ ਗੇਮ ਵਿੱਚ ਲਕਸ਼ੇ ਸ਼ੁਰੂਆਤ ਵਿੱਚ ਜਦੋੰ ਪੰਜ-ਛੇ ਸਕੋਰ ਦੀ ਲੀਡ ਨਾਲ ਅੱਗੇ ਸੀ ਤਾਂ ਮੈਡਲ ਪੱਕਾ ਲੱਗ ਰਿਹਾ ਸੀ। ਫੇਰ ਲੀ ਨੇ ਵਾਪਸੀ ਕਰਦਿਆਂ 21-16 ਨਾਲ ਗੇਮ ਜਿੱਤੀ। ਲਕਸ਼ੇ ਕੂਹਣੀ ਦੀ ਦਰਦ ਕਰਕੇ ਵਾਰ-ਵਾਰ ਟੇਪ ਦੀ ਪੱਟੀ ਵੀ ਕਰਵਾ ਰਿਹਾ ਸੀ ਤੇ ਦੂਜੇ ਪਾਸੇ ਲੀ ਹਮਲਾਵਰ ਖੇਡ ਖੇਡ ਰਿਹਾ ਸੀ। ਲੀ ਨੇ ਤੀਜੀ ਗੇਮ ਵੀ 21-11 ਨਾਲ ਜਿੱਤ ਕੇ ਮੈਡਲ ਜਿੱਤ ਲਿਆ। ਲਕਸ਼ੇ ਦੀ ਹਾਰ ਦੇ ਨਾਲ ਹੀ ਭਾਰਤ 2008 ਤੋਂ ਬਾਅਦ ਪਹਿਲੀ ਵਾਰ ਬੈਡਮਿੰਟਨ ਵਿੱਚ ਖਾਲੀ ਹੱਥ ਵਾਪਸ ਆਇਆ।
ਨਿਸ਼ਾਨੇਬਾਜ਼ੀ ਵਿੱਚ ਮਹੇਸ਼ਵਰੀ ਤੇ ਅਨੰਤਜੀਤ ਦੀ ਮਿਕਸਡ ਸਕੀਟ ਟੀਮ ਵੀ ਕਾਂਸੀ ਦੇ ਮੈਡਲ ਨੂੰ ਇਕ ਸਕੋਰ ਦੇ ਫਰਕ ਨਾਲ ਜਿੱਤਣ ਵਿੱਚ ਅਸਫਲ ਰਹੀ। ਕਾਂਸੀ ਦੇ ਮੈਡਲ ਮੈਚ ਵਿੱਚ ਭਾਰਤੀ ਟੀਮ ਚੀਨ ਦੀ ਟੀਮ ਤੋਂ 43-44 ਨਾਲ ਹਾਰਨ ਕਰਕੇ ਚੌਥੇ ਸਥਾਨ ਉੱਤੇ ਰਹੀ।ਇਸ ਤੋਂ ਪਹਿਲਾਂ ਮਹੇਸ਼ਵਰੀ ਤੇ ਅਨੰਤਜੀਤ ਦੀ ਮਿਕਸਡ ਸਕੀਟ ਟੀਮ ਨੇ ਕੁਆਲੀਫਿਕੇਸ਼ਨ ਰਾਊਂਡ ਚ 146 ਸਕੋਰ ਨਾਲ ਫ਼ਾਈਨਲ ਲਈ ਕੁਆਲੀਫਾਈ ਕੀਤਾ ਸੀ।
ਮਹਿਲਾ ਕੁਸ਼ਤੀ ਵਿੱਚ ਅੱਜ ਭਾਰਤੀ ਪਹਿਲਵਾਨ ਨਿਸ਼ਾ ਦਹੀਆ ਸੱਟ ਲੱਗਣ ਦੇ ਬਾਵਜੂਦ ਲੜੀ ਅਤੇ ਅੰਤ ਤੱਕ ਜੂਝ ਕੇ ਕੁਆਰਟਰ ਫ਼ਾਈਨਲ ਮੁਕਾਬਲਾ ਹਾਰੀ। 68 ਕਿਲੋਗਰਾਮ ਭਾਰ ਵਰਗ ਵਿੱਚ ਚੱਲ ਰਹੇ ਕੁਆਰਟਰ ਫ਼ਾਈਨਲ ਵਿੱਚ ਨਿਸ਼ਾ ਕੁਸ਼ਤੀ ਖਤਮ ਹੋਣ ਦੇ ਆਖਰੀ ਪਲਾਂ ਤੱਕ ਉੱਤਰੀ ਕੋਰੀਆ ਦੀ ਸੋਲ ਗਮ ਪਾਕ ਖਿਲਾਫ਼ ਸੱਤ ਅੰਕਾਂ ਦੀ ਲੀਡ ਬਣਾ ਲਈ ਅਤੇ ਇਕਪਾਸੜ ਜਿੱਤ ਵੱਲ ਵਧ ਰਹੀ ਸੀ। ਫੇਰ ਉਸ ਦੇ ਕੁਸ਼ਤੀ ਲੜਦਿਆਂ ਸੱਟ ਲੱਗ ਜਾਂਦੀ ਹੈ ਅਤੇ ਉਹ ਫੇਰ ਵੀ ਥੋੜ੍ਹੀ ਜਿਹੀ ਮੁੱਢਲੀ ਸਹਾਇਤਾ ਲੈ ਕੇ ਕੁਸ਼ਤੀ ਲੜਦੀ ਹੈ ਪਰ ਸੱਟ ਕਾਰਨ ਉਸ ਦੀ ਕੋਰੀਅਨ ਪਹਿਲਵਾਨ ਭਾਰੂ ਪੈ ਜਾਂਦੀ ਹੈ। ਅੰਤ ਉਹ 8-10 ਨਾਲ ਹਾਰ ਗਈ। ਇਸ ਤੋਂ ਪਹਿਲਾਂ ਰਾਊਂਡ 16 (ਪ੍ਰੀ ਕੁਆਰਟਰ ਫ਼ਾਈਨਲ) ਵਿੱਚ ਨਿਸ਼ਾ ਨੇ ਯੂਕਰੇਨ ਦੀ ਰਿਜ਼ਕੋ ਨੂੰ 6-4 ਨਾਲ ਹਰਾ ਕੇ ਕੁਆਰਟਰ ਫ਼ਾਈਨਲ ਵਿੱਚ ਦਾਖਲਾ ਪਾਇਆ ਸੀ।