ਉਲੰਪਿਕ 'ਚ ਤਗਮਾ ਜਿੱਤਣ ਵਾਲੇ ਸਰਬਜੋਤ ਸਿੰਘ ਦੇ ਪਰਿਵਾਰ ਨੇ ਸ਼ੁਕਰਾਨੇ ਵਜੋਂ ਕਰਵਾਇਆ ਸ੍ਰੀ ਅਖੰਡ ਪਾਠ ਸਾਹਿਬ
- ਤਗ਼ਮਾ ਜਿੱਤਣ ਨਾਲ ਹਰਿਆਣਾ ਪੰਜਾਬ ਦਾ ਨਾਂਅ ਸੰਸਾਰ ਭਰ ਚਮਕਿਆ
ਮਲਕੀਤ ਸਿੰਘ ਮਲਕਪੁਰ
ਲਾਲੜੂ 11 ਅਗਸਤ 2024:ਪੈਰਿਸ ਉਲੰਪਿਕ 'ਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੇ ਸਰਬਜੋਤ ਸਿੰਘ ਦੇ ਦਾਦੇ ਨੰਬਰਦਾਰ ਹਰਦੇਵ ਸਿੰਘ ਬਟੌਲੀ ਨੇ ਅੱਜ ਆਪਣੇ ਪਿੰਡ ਬਟੌਲੀ ਦੇ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਵਾਕੇ ਉਲੰਪਿਕ 'ਚ ਵੱਡੀ ਪ੍ਰਪਤੀ ਲਈ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਸਰਬਜੋਤ ਸਿੰਘ ਨੂੰ ਗੁਰਦੁਆਰਾ ਕਮੇਟੀ , ਪੰਚਾਇਤ ਬਟੌਲੀ , ਡੇਰਾਬਸੀ ਹਲਕੇ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਸਨਮਾਨਿਤ ਕੀਤਾ ਗਿਆ ।
ਕਾਬਿਲੇਗੌਰ ਹੈ ਕਿ ਸਰਬਜੋਤ ਸਿੰਘ ਭਾਵੇਂ ਹਰਿਆਣਾ ਦੇ ਜ਼ਿਲਾ ਅੰਬਾਲਾ ਦੇ ਪਿੰਡ ਧੀਨ ਦੇ ਨਿਵਾਸੀ ਗਿਣੇ ਜਾਂਦੇ ਹਨ,ਪਰ ਉਨ੍ਹਾਂ ਦਾ ਪਿਛੋਕੜ ਦਾਦਕਾ ਪਿੰਡ ਲਾਲੜੂ ਨੇੜਲਾ ਪਿੰਡ ਬਟੋਲੀ, ਤਹਿਸੀਲ ਡੇਰਾਬਸੀ ਨਾਲ ਜੁੜਿਆ ਹੋਇਆ ਹੈ । ਨੰਬਰਦਾਰ ਹਰਦੇਵ ਸਿੰਘ ਦੇ ਦੋ ਸਪੁੱਤਰਾਂ ਵਿੱਚੋਂ ਇੱਕ ਸਪੁੱਤਰ ਜਤਿੰਦਰ ਸਿੰਘ ਹਰਿਆਣੇ ਦੇ ਪਿੰਡ ਧੀਨ ਵਿੱਚ ਜ਼ਮੀਨ ਖ਼ਰੀਦ ਕੇ ਲੰਮੇ ਸਮੇਂ ਤੋਂ ਖੇਤੀਬਾੜੀ ਕਾਰੋਬਾਰ ਨਾਲ ਜੁੜਿਆ ਹੋਇਆ ਹੈ, ਪਰ ਬਟੌਲੀ ਵਿੱਚ ਵੀ ਉਹ ਪਰਿਵਾਰ ਦੀ ਜ਼ਮੀਨ ਵਿੱਚ ਬਰਾਬਰ ਦਾ ਹਿੱਸੇਦਾਰ ਹੈ ਜਿਸ ਕਰਕੇ ਸਰਬਜੋਤ ਸਿੰਘ ਜਿੱਥੇ ਪਿੰਡ ਧੀਨ 'ਚ ਅਪਣੇ ਪਰਿਵਾਰ ਨਾਲ ਰਹਿੰਦਿਆਂ ਅੰਬਾਲੇ ਅਪਣੀ ਖੇਡ ਲਈ ਸਿਖਲਾਈ ਕਰਦਾ ਰਿਹਾ, ਉੱਥੇ ਉਹ ਬਟੌਲੀ ਨੂੰ ਵੀ ਆਪਣੇ ਦਾਦੇ- ਦਾਦੀ ਦਾ ਪਿੰਡ ਮੰਨਦਿਆਂ ਬਟੌਲੀ ਵਾਲੇ ਘਰ ਵੀ ਬਰਾਬਰ ਅਕਸਰ ਰਹਿੰਦਾ ਰਿਹਾ ਹੈ ।
ਇਸ ਸਬੰਧੀ ਸਮਾਗਮ ਸਮੇਂ ਹਲਕਾ ਡੇਰਾਬਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸਰਬਜੋਤ ਸਿੰਘ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਸਰਬਜੋਤ ਸਿੰਘ ਨੇ ਜਿੱਥੇ ਹਰਿਆਣੇ ਅਤੇ ਪੰਜਾਬ ਦਾ ਨਾਂਅ ਸੰਸਾਰ ਪੱਧਰ 'ਤੇ ਰੋਸਨ ਕੀਤਾ ਹੈ ਉੱਥੇ ਹੀ ਅਪਣੇ ਜੱਦੀ ਪਿੰਡ ਬਟੌਲੀ ਤੇ ਲਾਲੜੂ ਡੇਰਾਬਸੀ ਇਲਾਕੇ ਦਾ ਨਾਂਅ ਵੀ ਰੌਸ਼ਨ ਕੀਤਾ ਹੈ । ਵਿਧਾਇਕ ਰੰਧਾਵਾ ਨੇ ਐਲਾਨ ਕੀਤਾ, ਕਿ ਉੱਹ ਸਰਬਜੋਤ ਸਿੰਘ ਦੇ ਸੁਝਾਵ ਤੇ ਇਲਾਕੇ ਲਈ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਨਾਲ ਗੱਲ ਕਰਕੇ ਖੇਡਾਂ ਨੂੰ ਉਤਸਾਹਤ ਕਰਨ ਲਈ ਲਾਲੜੂ ਖੇਤਰ ਵਿੱਚ ਕੋਈ ਵੱਡਾ ਖੇਡ ਸਟੇਡੀਅਮ ਬਣਾਉਣ ਲਈ ਯਤਨ ਕਰਣਗੇ ।
ਇਸ ਸਮੇਂ ਹਲਕਾ ਡੇਰਾਬੱਸੀ ਕਾਂਗਰਸ ਦੇ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਿਰਮੈਲ ਸਿੰਘ ਜੌਲਾ ਕਲਾਂ,ਸਾਬਕਾ ਵਿਧਾਇਕ ਐਨ ਕੇ ਸ਼ਰਮਾ ਵੱਲੋਂ ਉਨ੍ਹਾਂ ਦੇ ਭਰਾ ਧਰਮਿੰਦਰ ਸ਼ਰਮਾ ਤੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਮਲਕਪੁਰ ਅਤੇ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਸਪੁੱਤਰ ਸਾਬਕਾ ਐਡਵੋਕੇਟ ਜਨਰਲ ਸਿਮਰਨਜੀਤ ਸਿੰਘ ਚੰਦੂਮਾਜਰਾ , ਅਵਤਾਰ ਸਿੰਘ ਜਵਾਹਰਪੁਰ, ਕਿਸਾਨ ਆਗੂ ਜਸਵਿੰਦਰ ਸਿੰਘ ਟਿਵਾਣਾ, ਅਮਰੀਕ ਸਿੰਘ ਮਲਕਪੁਰ ਆਦਿ ਆਗੂਆਂ ਨੇ ਉਚੇਚੇ ਤੌਰ 'ਤੇ ਸਰਬਜੋਤ ਸਿੰਘ ਨੂੰ ਸਨਮਾਨਿਤ ਕਰਦਿਆਂ ਦਾਦਾ ਨੰਬਰਦਾਰ ਹਰਦੇਵ ਸਿੰਘ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ।