Paris Olypics Roundup: ਭਾਰਤੀ ਹਾਕੀ ਦੀ ਆਸਟਰੇਲੀਆ ਖ਼ਿਲਾਫ਼ ਇਤਿਹਾਸ ਜਿੱਤ, ਮਨੂ ਭਾਕਰ ਆਪਣੇ ਤੀਜੇ ਫਾਈਨਲ 'ਚ, ਲਕਸ਼ੇ ਸੇਨ ਸੈਮੀ ਫਾਈਨਲ 'ਚ
*ਪੈਰਿਸ ਓਲੰਪਿਕਸ; ਭਾਰਤੀ ਹਾਕੀ ਦੀ ਆਸਟਰੇਲੀਆ ਖ਼ਿਲਾਫ਼ ਇਤਿਹਾਸ ਜਿੱਤ*
*ਮਨੂ ਭਾਕਰ ਆਪਣੇ ਤੀਜੇ ਫਾਈਨਲ ਚ*
*ਲਕਸ਼ੇ ਸੇਨ ਸੈਮੀ ਫਾਈਨਲ ਚ*
-ਨਵਦੀਪ ਸਿੰਘ ਗਿੱਲ
ਪੈਰਿਸ ਓਲੰਪਿਕਸ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਨੇ ਇਤਿਹਾਸ ਰਚਦਿਆਂ ਅੱਜ ਆਪਣੇ ਆਖ਼ਰੀ ਲੀਗ ਮੈਚ ਵਿੱਚ ਆਸਟਰੇਲੀਆ ਨੂੰ 52 ਸਾਲ ਬਾਅਦ ਹਰਾ ਕੇ ਆਪਣੇ ਪੂਲ ਵਿੱਚ ਦੂਜਾ ਸਥਾਨ ਹਾਸਲ ਕਰਕੇ ਕੁਆਰਟਰ ਫ਼ਾਈਨਲ ਵਿੱਚ ਦਾਖਲਾ ਪਾਇਆ।ਭਾਰਤ ਨੇ 3-2 ਨਾਲ ਮੈਚ ਜਿੱਤਿਆ। ਓਲੰਪਿਕਸ ਵਿੱਚ ਐਸਟੋਟਰਫ ਉੱਪਰ ਵੀ ਭਾਰਤ ਦੀ ਆਸਟਰੇਲੀਆ ਖ਼ਿਲਾਫ਼ ਇਹ ਪਹਿਲੀ ਜਿੱਤ ਹੈ।ਇਸ ਤੋਂ ਪਹਿਲਾਂ ਭਾਰਤ ਨੇ 1972 ਵਿੱਚ ਮਿਊਨਿਖ ਓਲੰਪਿਕ ਖੇਡਾਂ ਵਿੱਚ ਆਸਟਰੇਲੀਆ ਨੂੰ 3-1 ਨਾਲ ਹਰਾਇਆ ਸੀ। ਮਿਊਨਿਖ ਵਿਖੇ 30 ਅਗਸਤ 1972 ਨੂੰ ਭਾਰਤ ਦੀ ਜਿੱਤ ਵਿੱਚ ਗੁਰਦਾਸਪੁਰੀਏ ਮੁਖਬੈਨ ਸਿੰਘ ਨੇ ਤਿੰਨੇ ਗੋਲ ਕੀਤੇ ਸਨ। ਹੁਣ ਭਾਰਤ ਨੇ 3-2 ਨਾਲ ਮੈਚ ਜਿੱਤਿਆ ਤੇ ਤਿੰਮੋਵਾਲੀਏ (ਅੰਮ੍ਰਿਤਸਰ) ਹਰਮਨਪ੍ਰੀਤ ਸਿੰਘ ਨੇ ਦੋ ਗੋਲ ਕੀਤੇ।
ਅੱਜ ਮੈਚ ਦੇ ਪਹਿਲੇ ਕੁਆਰਟਰ ਵਿੱਚ ਹੀ ਭਾਰਤ ਦੇ ਅਭਿਸ਼ੇਕ ਨੇ 12ਵੇਂ ਮਿੰਟ ਵਿੱਚ ਫੀਲਡ ਗੋਲ ਅਤੇ 13ਵੇਂ ਮਿੰਟ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਉੱਪਰ 13ਵੇਂ ਮਿੰਟ ਵਿੱਚ ਗੋਲ ਕੀਤਾ। ਦੂਜੇ ਕੁਆਰਟਰ ਵਿੱਚ ਕਰੇਗ ਨੇ 25ਵੇਂ ਮਿੰਟ ਵਿੱਚ ਗੋਲ ਕਰ ਕੇ ਭਾਰਤ ਦੀ ਲੀਡ 2-1 ਕਰ ਦਿੱਤੀ। ਤੀਜੇ ਕੁਆਰਟਰ ਵਿੱਚ ਹਰਮਨਪ੍ਰੀਤ ਸਿੰਘ ਨੇ 32ਵੇਂ ਮਿੰਟ ਵਿੱਚ ਪੈਨਲਟੀ ਸਟੋਰਕ ਉੱਪਰ ਗੋਲ ਕਰਕੇ ਭਾਰਤ ਨੂੰ 3-1 ਦੀ ਲੀਡ ਦਿਵਾਈ। ਇਹ ਰਮਨਪ੍ਰੀਤ ਸਿੰਘ ਦਾ ਮੈਚ ਵਿੱਚ ਦੂਜਾ ਤੇ ਓਲੰਪਿਕਸ ਵਿੱਚ ਛੇਵਾਂ ਗੋਲ ਸੀ। ਚੌਥੇ ਕੁਆਰਟਰ ਵਿੱਚ ਆਖ਼ਰੀ ਪਲਾਂ ਵਿੱਚ ਗੋਵਰਜ਼ ਨੇ 55ਵੇਂ ਮਿੰਟ ਵਿੱਚ ਪੈਨਲਟੀ ਸਟੋਰਕ ਉੱਪਰ ਗੋਲ ਕਰਕੇ ਲੀਡ ਜ਼ਰੂਰ ਘੱਟ ਕਰ ਦਿੱਤੀ ਪਰ ਭਾਰਤ ਨੇ ਆਖ਼ਰ 3-2 ਨਾਲ ਮੈਚ ਜਿੱਤ ਲਿਆ। ਅਭਿਸ਼ੇਕ ਵੱਲੋਂ ਮਨਦੀਪ ਸਿੰਘ ਦੇ ਪਾਸ ਉੱਪਰ ਕੀਤਾ ਇੱਕ ਗੋਲ ਰੈਫਰਲ ਜ਼ਰੀਏ ਰੱਦ ਹੋ ਗਿਆ। ਅੱਜ ਭਾਰਤ ਵੱਲੋਂ ਗੋਲਚੀ ਸ੍ਰੀਜੇਸ਼, ਡਿਫੈਂਸ ਵਿੱਚ ਹਰਮਨਪ੍ਰੀਤ ਸਿੰਘ, ਮਿਡਫੀਲਡ ਵਿੱਚ ਜਰਮਨਪ੍ਰੀਤ ਸਿੰਘ ਬੱਲ, ਹਾਰਦਿਕ ਸਿੰਘ ਤੇ ਮਨਪ੍ਰੀਤ ਸਿੰਘ ਨੇ ਬਹੁਤ ਵਧੀਆ ਖੇਡ ਦਿਖਾਈ। ਅਟੈਕ ਵਿੱਚ ਅਭਿਸ਼ੇਕ ਤੇ ਮਨਦੀਪ ਸਿੰਘ ਨੇ ਚੰਗੀ ਖੇਡ ਦਿਖਾਈ।
ਪੈਰਿਸ ਓਲੰਪਿਕਸ ਵਿੱਚ ਹੁਣ ਤੱਕ ਖੇਡੇ ਗਏ ਮੈਚਾਂ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 3-2 ਅਤੇ ਆਇਰਲੈਂਡ ਨੂੰ 2-1 ਨਾਲ ਹਰਾਇਆ ਸੀ। ਅਰਜਨਟੀਨਾ ਨਾਲ 1-1 ਡਰਾਅ ਖੇਡਿਆ ਜਦੋਂਕਿ ਬੈਲਜੀਅਮ ਹੱਥੋਂ 1-2 ਨਾਲ ਹਾਰ ਮਿਲੀ। ਭਾਰਤ ਕੁੱਲ 10 ਅੰਕਾਂ ਨਾਲ ਪੂਲ ਵਿੱਚ ਦੂਜੇ ਸਥਾਨ ਉੱਪਰ ਹੈ। ਬੈਲਜੀਅਮ 13 ਅੰਕ ਨਾਲ ਪਹਿਲੇ, ਭਾਰਤ 10 ਅੰਕ ਨਾਲ ਦੂਜੇ, ਆਸਟਰੇਲੀਆ 9 ਅੰਕ ਨਾਲ ਤੀਜੇ ਤੇ ਅਰਜਨਟਾਈਨਾ 8 ਅੰਕ ਨਾਲ ਚੌਥੇ ਸਥਾਨ ‘ਤੇ। ਚਾਰੇ ਟੀਮਾਂ ਕੁਆਰਟਰ ਫ਼ਾਈਨਲ ਵਿੱਚ ਪਹੁੰਚ ਗਈਆਂ।ਓਲੰਪਿਕਸ ਹਾਕੀ ਵਿੱਚ ਚਾਰੇ ਕੁਆਰਟਰ ਫਾਈਨਲ 4 ਅਗਸਤ ਨੂੰ ਹੋਣਗੇ। ਭਾਰਤ ਦਾ ਦੂਜਾ ਮੈਚ ਹੋਵੇਗਾ।
ਨਿਸ਼ਾਨੇਬਾਜ਼ੀ ਵਿੱਚ ਭਾਰਤ ਲਈ ਦੋ ਮੈਡਲ ਜਿੱਤਣ ਵਾਲੀ ਨਿਸ਼ਾਨੇਬਾਜ਼ ਮਨੂ ਭਾਕਰ 25 ਮੀਟਰ ਏਅਰ ਪਿਸਟਲ ਦੇ ਕੁਆਲੀਫਿਕੇਸ਼ਨ ਰਾਊਂਡ ਵਿੱਚ 590 ਸਕੋਰ ਨਾਲ ਦੂਜੇ ਸਥਾਨ ਉੱਪਰ ਰਹਿੰਦੀ ਹੋਈ ਫ਼ਾਈਨਲ ਵਿੱਚ ਪਹੁੰਚ ਗਈ। ਮਨੂ ਭਾਕਰ ਇੱਕੋ ਓਲੰਪਿਕਸ ਵਿੱਚ ਤੀਜਾ ਫ਼ਾਈਨਲ ਖੇਡੇਗੀ।ਇਸੇ ਈਵੈਂਟ ਵਿੱਚ ਇੱਕ ਹੋਰ ਨਿਸ਼ਾਨੇਬਾਜ਼ ਈਸ਼ਾ ਸਿੰਘ 581 ਸਕੋਰ ਨਾਲ 18ਵੇਂ ਸਥਾਨ ਉੱਤੇ ਰਹੀ। 22 ਵਰ੍ਹਿਆਂ ਦੀ ਮਨੂ ਇਸ ਤੋਂ ਪਹਿਲਾਂ 10 ਮੀਟਰ ਏਅਰ ਪਿਸਟਲ ਦੇ ਮਹਿਲਾ ਵਿਅਕਤੀਗਤ ਅਤੇ ਮਿਕਸਡ ਡਬਲਜ਼ ਵਿੱਚ ਕਾਂਸੀ ਦਾ ਮੈਡਲ ਜਿੱਤ ਚੁੱਕੀ ਹੈ। 25 ਮੀਟਰ ਏਅਰ ਪਿਸਟਲ ਮਨੂ ਦਾ ਪ੍ਰਮੁੱਖ ਈਵੈਂਟ ਹੈ। ਫਾਈਨਲ 3 ਅਗਸਤ ਨੂੰ 1 ਵਜੇ ਦੁਪਹਿਰ ਖੇਡਿਆ ਜਾਵੇਗਾ।
ਤੀਰਅੰਦਾਜ਼ੀ ਦੇ ਮਿਕਸਡ ਡਬਲਜ਼ ਵਿੱਚ ਭਾਰਤੀ ਜੋੜੀ ਅੰਕਿਤਾ ਭਕਤ ਤੇ ਧੀਰਜ ਚੌਥੇ ਸਥਾਨ ਉੱਪਰ ਰਹਿ ਗਈ ਅਤੇ ਇਸ ਖੇਡ ਵਿੱਚ ਭਾਰਤ ਦਾ ਪਹਿਲਾ ਓਲੰਪਿਕਸ ਮੈਡਲ ਜਿੱਤਣ ਤੋਂ ਇੱਕ ਕਦਮ ਦੂਰ ਰਹਿ ਗਈ। ਭਾਰਤੀ ਟੀਮ ਸੈਮੀ ਫ਼ਾਈਨਲ ਵਿੱਚ ਦੱਖਣੀ ਕੋਰੀਆਂ ਹੱਥੋਂ 2-6 ਨਾਲ ਹਾਰੀ ਅਤੇ ਕਾਂਸੀ ਦੇ ਮੈਡਲ ਵਾਲੇ ਮੈਚ ਵਿੱਚ ਵੀ ਅਮਰੀਕਾ ਹੱਥੋਂ 2-6 ਨਾਲ ਹਾਰ ਗਈ। ਇਸ ਤੋਂ ਪਹਿਲਾਂ ਧੀਰਜ ਤੇ ਅੰਕਿਤਾ ਭਕਤ ਨੇ ਕੁਆਰਟਰ ਫ਼ਾਈਨਲ ਵਿੱਚ ਸਪੇਨ ਨੂੰ 5-3 ਨਾਲ ਹਰਾਇਆ ਅਤੇ ਰਾਊਂਡ 16 ਵਿੱਚ ਇੰਡੋਨੇਸ਼ੀਅਨ ਜੋੜੀ ਨੂੰ 5-1 ਨਾਲ ਹਰਾਇਆ ਸੀ।
ਬੈਡਮਿੰਟਨ ਵਿੱਚ ਭਾਰਤ ਦੇ ਲਕਸ਼ੇ ਸੇਨ ਨੇ ਇਤਿਹਾਸ ਰਚਦਿਆਂ ਓਲੰਪਿਕਸ ਦੇ ਸੈਮੀ ਫ਼ਾਈਨਲ ਵਿੱਚ ਪੁੱਜਣ ਵਾਲੇ ਪਹਿਲੇ ਭਾਰਤੀ ਪੁਰਸ਼ ਬੈਡਮਿੰਟਨ ਖਿਡਾਰੀ ਦਾ ਮਾਣ ਹਾਸਲ ਕੀਤਾ। ਲਕਸ਼ੇ ਨੇ ਫਸਵੇਂ ਕੁਆਰਟਰ ਫ਼ਾਈਨਲ ਵਿੱਚ ਚਾਈਨੀ ਤਾਈਪੇਈ ਦੇ ਜ਼ੂ ਤਿਆਨ ਚੇਨ ਨੂੰ 19-21, 21-15 ਤੇ 21-12 ਨਾਲ ਹਰਾਇਆ। ਪਹਿਲੀ ਗੇਮ ਹਾਰਨ ਤੋਂ ਬਾਅਦ ਲਕਸ਼ੇ ਨੇ ਚੰਗੀ ਵਾਪਸੀ ਕੀਤੀ।
ਅਥਲੈਟਿਕਸ ਵਿੱਚ ਔਰਤਾਂ ਦੀ 5000 ਮੀਟਰ ਦੌੜ ਵਿੱਚ ਭਾਰਤ ਦੀ ਅੰਕਿਤਾ ਧਿਆਨੀ 16.19.38 ਦੇ ਸਮੇਂ ਨਾਲ 20ਵੇਂ ਸਥਾਨ ਉੱਪਰ ਰਹੀ ਜਦੋਂਕਿ ਪਾਰੁਲ ਚੌਧਰੀ ਦੌੜ ਪੂਰੀ ਨਹੀ ਕਰ ਸਕੀ। ਤੇਜਿੰਦਰ ਪਾਲ ਸਿੰਘ ਤੂਰ ਪੁਰਸ਼ਾਂ ਦੀ ਸ਼ਾਟਪੁੱਟ ਵਿੱਚ 18.05 ਮੀਟਰ ਦੀ ਥਰੋਅ ਨਾਲ ਕੁਆਲੀਫਿਕੇਸ਼ਨ ਰਾਊਂਡ ਤੋਂ ਅੱਗੇ ਨਾ ਜਾ ਸਕਿਆ।
ਰੋਇੰਗ ਵਿੱਚ ਪੁਰਸ਼ਾਂ ਦੀ ਸਿੰਗਲਜ਼ ਸਕੱਲਜ਼ ਵਿੱਚ ਭਾਰਤ ਦਾ ਬਲਰਾਜ ਪਨਵਾੜ 7.02.37 ਸਮੇਂ ਨਾਲ 23ਵੇਂ ਸਥਾਨ ਉੱਪਰ ਰਿਹਾ।
ਜੂਡੋ ਵਿੱਚ ਹਿੱਸਾ ਭਾਰਤ ਦੀ ਇਕਲੌਤੀ ਜੂਡੋਕਾ ਤੁਲੀਕਾ ਮਾਨ ਮਹਿਲਾਵਾਂ ਦੇ 78 ਕਿਲੋ ਭਾਰ ਵਰਗ ਵਿੱਚ ਪਹਿਲੇ ਰਾਊਂਡ ਵਿੱਚ ਹੀ ਕਿਊਬਾ ਦੀ ਓਰਟਿਜ਼ ਤੋਂ 0-10 ਨਾਲ ਹਾਰ ਕੇ ਬਾਹਰ ਹੋ ਗਈ।
@ਨਵਦੀਪ ਸਿੰਘ ਗਿੱਲ