ਪੈਰਿਸ ਓਲੰਪਿਕਸ ਮੁਕਾਬਲੇ ਸਮਾਪਤ; ਅਮਰੀਕਾ 19ਵੀਂ ਵਾਰ ਤੇ ਲਗਾਤਾਰ ਚੋਟੀ ਉਤੇ
ਨਵਦੀਪ ਸਿੰਘ ਗਿੱਲ
ਪੈਰਿਸ: ਪੈਰਿਸ ਵਿਖੇ ਓਲੰਪਿਕ ਖੇਡਾਂ ਦੇ ਮੁਕਾਬਲੇ ਸਮਾਪਤ ਹੋ ਗਏ ਹਨ ਅਤੇ ਆਖਰੀ ਮਹਿਲਾ ਬਾਸਕਟਬਾਲ ਦੇ ਗਹਿਗੱਚ ਮੁਕਾਬਲੇ ਵਿੱਚ ਜਿੱਤ ਹਾਸਲ ਕਰਕੇ ਆਪਣੇ 40ਵੇਂ ਗੋਲਡ ਨਾਲ ਅਮਰੀਕਾ ਨੇ ਚੀਨ ਨਾਲ ਬਰਾਬਰ 40-40 ਗੋਲਡ ਮੈਡਲ ਜਿੱਤੇ। ਅਮਰੀਕਾ ਨੇ ਸਿਲਵਰ ਮੈਡਲਾਂ ਦੀ ਗਿਣਤੀ ਸਿਰ ਉੱਤੇ ਓਲੰਪਿਕ ਇਤਿਹਾਸ ਵਿੱਚ 19ਵੀਂ ਵਾਰ ਅਤੇ ਲਗਾਤਾਰ ਚੌਥੀ ਵਾਰ ਮੈਡਲ ਸੂਚੀ ਵਿੱਚ ਸਿਖਰਲਾ ਸਥਾਨ ਮੱਲਿਆ।ਪਹਿਲੇ ਤਿੰਨ ਮੁਲਕਾਂ ਵਿੱਚ 2 ਏਸ਼ੀਅਨ ਅਤੇ ਪਹਿਲੇ ਅੱਠ ਵਿੱਚ 3 ਏਸ਼ੀਅਨ ਮੁਲਕ ਸ਼ਾਮਲ ਹਨ।
ਅਮਰੀਕਾ 40 ਗੋਲਡ, 44 ਸਿਲਵਰ ਅਤੇ 42 ਕਾਂਸੀ ਸਮੇਤ 126 ਮੈਡਲਾਂ ਨਾਲ ਪਹਿਲੇ ਸਥਾਨ 'ਤੇ ਰਿਹਾ।ਚੀਨ 40 ਗੋਲਡ, 27 ਸਿਲਵਰ ਅਤੇ 24 ਕਾਂਸੀ ਸਮੇਤ 91 ਮੈਡਲਾਂ ਨਾਲ ਦੂਜੇ, ਜਪਾਨ 20 ਗੋਲਡ, 12 ਸਿਲਵਰ ਅਤੇ 13 ਕਾਂਸੀ ਸਮੇਤ 45 ਮੈਡਲਾਂ ਨਾਲ ਤੀਜੇ, ਆਸਟਰੇਲੀਆ 18 ਗੋਲਡ, 19 ਸਿਲਵਰ ਅਤੇ 16 ਕਾਂਸੀ ਸਮੇਤ 53 ਮੈਡਲਾਂ ਨਾਲ ਚੌਥੇ ਅਤੇ ਮੇਜ਼ਬਾਨ ਫਰਾਂਸ 16 ਗੋਲਡ, 26 ਸਿਲਵਰ ਅਤੇ 22 ਕਾਂਸੀ ਸਮੇਤ 64 ਮੈਡਲਾਂ ਨਾਲ ਪੰਜਵੇਂ ਨੰਬਰ 'ਤੇ ਰਿਹਾ।
ਇਕ ਹੋਰ ਏਸ਼ੀਅਨ ਮੁਲਕ ਕੋਰੀਆ ਅੱਠਵੇਂ ਨੰਬਰ 'ਤੇ ਹੈ। ਪਾਕਿਸਤਾਨ 1 ਗੋਲਡ ਦੇ ਨਾਲ 62ਵੇਂ ਅਤੇ ਭਾਰਤ 1 ਚਾਂਦੀ ਅਤੇ 5 ਕਾਂਸੀ ਸਮੇਤ 6 ਤਗਮਿਆਂ ਨਾਲ 71ਵੇਂ ਸਥਾਨ 'ਤੇ ਰਿਹਾ।
ਪੈਰਿਸ ਵਿਖੇ ਕੁੱਲ 90 ਦੇਸ਼ਾਂ ਅਤੇ 1 ਰਿਫੂੳਜ਼ੀ ਓਲੰਪਿਕ ਕਮੇਟੀ ਦੀ ਟੀਮ ਨੇ ਮੈਡਲ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ। 115 ਦੇਸ਼ ਤਮਗਾ ਸੂਚੀ 'ਚ ਨਾਂ ਦਰਜ ਨਹੀਂ ਕਰਵਾ ਸਕੇ।
ਵੱਧ ਮੈਡਲ ਜਿੱਤਣ ਵਾਲੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਚੀਨ ਦੀ ਤੈਰਾਕ ਝਾਂਗ ਯੂਫੇਈ ਨੇ ਛੇ ਮੈਡਲ ਜਿੱਤੇ ਹਨ ਜਿਨਾਂ ਵਿੱਚ ਇੱਕ ਚਾਂਦੀ ਤੇ ਪੰਜ ਕਾਂਸੀ ਦੇ ਮੈਡਲ ਸ਼ਾਮਲ ਹਨ। ਗੋਲਡ ਮੈਡਲਾਂ ਵਿੱਚ ਮੇਜ਼ਬਾਨ ਫਰਾਂਸੀ ਦੇ ਤੈਰਾਕ ਲਿਓਨ ਮਾਰਚੰਡ ਨੇ ਚਾਰ ਸੋਨ ਤਗਮੇ ਜਿੱਤੇ।
ਭਾਰਤ ਦੇ ਮੈਡਲ ਜੇਤੂਆਂ ਵਿੱਚ ਨੀਰਜ ਚੋਪੜਾ ਨੇ ਜੈਵਲਿਨ ਥਰੋਅ ਵਿੱਚ ਸਿਲਵਰ ਮੈਡਲ, ਨਿਸ਼ਾਨੇਬਾਜ਼ੀ ਵਿੱਚ ਮਨੂ ਭਾਕਰ ਨੇ ਇੱਕ ਵਿਅਕਤੀਗਤ ਅਤੇ ਇੱਕ ਸਰਬਜੋਤ ਸਿੰਘ ਨਾਲ ਕਾਂਸੀ ਦਾ ਮੈਡਲ ਅਤੇ ਸਵਪਨਿਲ ਨੇ ਕਾਂਸੀ ਦਾ ਮੈਡਲ ਜਿੱਤਿਆ। ਪਹਿਲਵਾਨ ਅਮਨ ਸ਼ਹਿਰਾਵਤ ਅਤੇ ਪੁਰਸ਼ ਹਾਕੀ ਟੀਮ ਨੇ ਵੀ ਕਾਂਸੀ ਦਾ ਮੈਡਲ ਜਿੱਤਿਆ।
ਪਾਕਿਸਤਾਨ ਦਾ ਇਕਲੌਤਾ ਗੋਲਡ ਮੈਡਲ ਜੈਵਲਿਨ ਥਰੋਅ ਵਿੱਚ ਅਰਸ਼ਦ ਨਦੀਮ ਨੇ ਜਿੱਤਿਆ।
ਪੈਰਿਸ ਓਲੰਪਿਕ ਸਮਾਪਤੀ ਸਮਾਰੋਹ ਦੌਰਾਨ ਆਤਿਸ਼ਬਾਜ਼ੀ ਕੀਤੀ ਗਈ। ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਪ੍ਰਧਾਨ ਥਾਮਸ ਬਾਕ ਨੇ ਕਿਹਾ: "ਇਹ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਨਸਨੀਖੇਜ਼ ਓਲੰਪਿਕ ਖੇਡਾਂ ਸਨ। ਇਨ੍ਹਾਂ ਖੇਡਾਂ ਨੇ ਸਾਨੂੰ ਦਿਖਾਇਆ ਕਿ ਅਸੀਂ ਮਨੁੱਖ ਕਿੰਨੀ ਮਹਾਨਤਾ ਦੇ ਸਮਰੱਥ ਹਾਂ। ਲਗਭਗ ਤਿੰਨ ਹਫ਼ਤਿਆਂ ਤੱਕ ਚੱਲੇ ਉਤਸ਼ਾਹ ਅਤੇ ਰੋਮਾਂਚ ਨਾਲ ਭਰੇ ਪੈਰਿਸ ਓਲੰਪਿਕ 2024 ਦਾ ਸਮਾਪਤੀ ਸਮਾਰੋਹ ਐਤਵਾਰ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 12:30 ਵਜੇ ਅਤੇ ਸਥਾਨਕ ਸਮੇਂ ਅਨੁਸਾਰ ਰਾਤ 9:30 ਵਜੇ ਸ਼ੁਰੂ ਹੋਇਆ। ਸਟੇਡ ਡੀ ਫਰਾਂਸ ਸਟੇਡੀਅਮ ਵਿੱਚ ਹੋਏ ਸਮਾਪਤੀ ਸਮਾਰੋਹ ਵਿੱਚ ਮਨੂ ਭਾਕਰ ਅਤੇ ਸ੍ਰੀਜੇਸ਼ ਨੂੰ ਭਾਰਤੀ ਟੀਮ ਦਾ ਝੰਡਾਬਰਦਾਰ ਚੁਣਿਆ ਗਿਆ ਹੈ। ਸ਼੍ਰੀਜੇਸ਼ ਭਾਰਤੀ ਹਾਕੀ ਟੀਮ ਦਾ ਮਹਾਨ ਗੋਲਕੀਪਰ ਹੈ। ਜਦੋਂ ਹਾਕੀ ਟੀਮ ਨੇ ਆਪਣਾ ਲਗਾਤਾਰ ਦੂਜਾ ਕਾਂਸੀ ਦਾ ਤਗਮਾ ਜਿੱਤਿਆ ਤਾਂ ਨਿਸ਼ਾਨੇਬਾਜ਼ ਮਨੂ ਭਾਕਰ ਆਜ਼ਾਦੀ ਤੋਂ ਬਾਅਦ ਇੱਕੋ ਓਲੰਪਿਕ ਖੇਡਾਂ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ।
ਭਾਰਤ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਇਕ ਚਾਂਦੀ ਅਤੇ ਪੰਜ ਕਾਂਸੀ ਦੇ ਨਾਲ 71ਵੇਂ ਸਥਾਨ 'ਤੇ ਰਹੀ। ਹਾਲਾਂਕਿ, ਪਹਿਲਵਾਨ ਵਿਨੇਸ਼ ਫੋਗਾਟ ਨੇ ਮਹਿਲਾ 50 ਕਿਲੋਗ੍ਰਾਮ ਕੁਸ਼ਤੀ ਫਾਈਨਲ ਤੋਂ ਅਯੋਗ ਠਹਿਰਾਏ ਜਾਣ ਦੇ ਖਿਲਾਫ ਅਪੀਲ ਕੀਤੀ ਹੈ, ਜਿਸ 'ਤੇ ਫੈਸਲਾ ਅਜੇ ਐਲਾਨਿਆ ਜਾਣਾ ਹੈ। ਪਾਕਿਸਤਾਨ ਨੇ ਵੀ ਇਹਨਾਂ ਓਲੰਪਿਕ ਖੇਡਾਂ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਅਤੇ ਅਥਲੈਟਿਕਸ ਵਿੱਚ ਆਪਣੇ ਪਹਿਲੇ ਵਿਅਕਤੀਗਤ ਓਲੰਪਿਕ ਸੋਨ ਤਗਮੇ ਨਾਲ 62ਵੇਂ ਸਥਾਨ 'ਤੇ ਰਿਹਾ। ਧਿਆਨ ਯੋਗ ਹੈ ਕਿ ਇਸ ਵਾਰ ਪਾਕਿਸਤਾਨ ਓਲੰਪਿਕ ਤਮਗਾ ਸੂਚੀ ਵਿੱਚ ਭਾਰਤ ਤੋਂ ਉੱਪਰ ਰਿਹਾ। ਪੁਰਸ਼ਾਂ ਦੇ ਜੈਵਲਿਨ ਥਰੋਅ ਫਾਈਨਲ ਵਿੱਚ ਅਰਸ਼ਦ ਨਦੀਮ ਦੀ ਜਿੱਤ ਪਾਕਿਸਤਾਨ ਲਈ ਇਤਿਹਾਸਕ ਪਲ ਸੀ।