ਗੁਰਦਾਸਪੁਰ ਦੇ MP ਰੰਧਾਵਾ ਨੇ ਡੀਸੀ ਖ਼ਿਲਾਫ਼ ਵਿਸ਼ੇਸ਼ ਅਧਿਕਾਰ ਮਤਾ ਲਿਆਂਦਾ, ਕਿਹਾ ਉਨ੍ਹਾਂ ਅਤੇ ਪ੍ਰਤਾਪ ਬਾਜਵਾ ਦਾ ਕੀਤਾ ਅਪਮਾਨ (ਵੀਡੀਓ ਵੀ ਦੇਖੋ)
- ਡੀਸੀ ਨੇ ਸਰਕਾਰੀ ਅਫ਼ਸਰਾਂ ਦੀ ਮੌਜੂਦਗੀ ਵਿੱਚ ਉਨ੍ਹਾਂ ਅਤੇ ਪ੍ਰਤਾਪ ਬਾਜਵਾ ਦਾ ਕੀਤਾ ਅਪਮਾਨ-ਰੰਧਾਵਾ
ਰੋਹਿਤ ਗੁਪਤਾ
ਗੁਰਦਾਸਪੁਰ, 1 ਅਕਤੂਬਰ 2024 - ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਡਿਪਟੀ ਕਮਿਸ਼ਨਰ ਓਮਾ ਸ਼ੰਕਰ ਗੁਪਤਾ ਵਿਰੁੱਧ 'ਸਰਕਾਰੀ ਅਧਿਕਾਰੀਆਂ ਦੀ ਹਾਜ਼ਰੀ 'ਚ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਦਾ ਨਿਰਾਦਰ ਕਰਨ' ਲਈ ਵਿਸ਼ੇਸ਼ ਅਧਿਕਾਰ ਦਾ ਮਤਾ ਪਾ ਕੇ ਸਿਆਸੀ ਅਤੇ ਸਰਕਾਰੀ ਹਲਕਿਆਂ ਵਿਚ ਖਲਬਲੀ ਮਚਾ ਦਿੱਤੀ ਹੈ ।
https://drive.google.com/file/d/1KDdiu3qvj1zA2HbUobaAe8G7VxgU6j-7/view?usp=sharing
ਉਨ੍ਹਾਂ ਨੇ ਐੱਸਪੀ (ਹੈੱਡਕੁਆਰਟਰ) ਜੁਗਰਾਜ ਸਿੰਘ, ਏਡੀਸੀ (ਵਿਕਾਸ) ਗੁਰਪ੍ਰੀਤ ਸਿੰਘ ਭੁੱਲਰ ਅਤੇ ਏਡੀਸੀ (ਜਨਰਲ) ਸੁਰਿੰਦਰ ਸਿੰਘ ਨੂੰ ਗਵਾਹ ਬਣਾਇਆ ਹੈ । ਡੀਸੀ ਦੇ ਦਫ਼ਤਰ ਵਿੱਚ ਘਟਨਾ ਵਾਪਰਨ ਸਮੇਂ ਇਹ ਸਾਰੇ ਅਧਿਕਾਰੀ ਮੌਜੂਦ ਸਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/1063992065319182
ਦੱਸਣਯੋਗ ਹੈ ਕਿ ਸੰਸਦ ਮੈਂਬਰਾਂ ਨੂੰ ਵਿਸ਼ੇਸ਼ ਅਧਿਕਾਰ ਅਤੇ ਛੋਟਾਂ ਮਿਲਦੀਆਂ ਹਨ ਜੋ ਉਹਨਾਂ ਦੇ ਫ਼ਰਜ਼ਾਂ ਨੂੰ ਪੂਰਾ ਕਰਨ ਵਿੱਚ ਉਹਨਾਂ ਦੀ ਮਦਦ ਕਰਦੀਆਂ ਹਨ । ਇੱਕ ਵਿਸ਼ੇਸ਼ ਅਧਿਕਾਰ ਪ੍ਰਸਤਾਵ, ਸੰਸਦ ਮੈਂਬਰਾਂ ਦੁਆਰਾ ਚੁੱਕੀ ਜਾਣ ਵਾਲੀ ਇੱਕ ਰਸਮੀ ਸ਼ਿਕਾਇਤ ਹੈ ਜੋ ਉਹਨਾਂ ਦੇ ਅਧਿਕਾਰਾਂ, ਸ਼ਕਤੀਆਂ ਅਤੇ ਸਨਮਾਨ ਨੂੰ ਕਮਜ਼ੋਰ ਕਰਨ ਵਾਲੀ ਕਿਸੇ ਵੀ ਕਾਰਵਾਈ ਨੂੰ ਚੁਨੌਤੀ ਦਿੰਦੀ ਹੈ।
ਜ਼ਿਕਰਯੋਗ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਗੁਰਦਾਸਪੁਰ ਦੇ ਕਾਂਗਰਸੀ ਵਿਧਾਇਕ ਬਰਿੰਦਰ ਮੀਤ ਸਿੰਘ ਪਾਹੜਾ ਸਹਿਤ ਕਾਂਗਰਸੀਆਂ ਵੱਲੋਂ ਦਿੱਤੇ ਇੱਕ ਧਰਨੇ ਮਗਰੋਂ ਡੀਸੀ ਨੂੰ ਮਿਲਣ ਗਏ । ਕਾਂਗਰਸੀ ਵਰਕਰਾਂ ਦੀ ਸ਼ਿਕਾਇਤ ਸੀ ਕਿ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਇਤਰਾਜ਼ਹੀਣਤਾ ਸਰਟੀਫਿਕੇਟ (ਐਨਓਸੀ) ਨਹੀਂ ਦਿੱਤਾ ਜਾ ਰਿਹਾ । ਜੇਕਰ ਕਿਸੇ ਉਮੀਦਵਾਰ ਨੇ ਪੰਚਾਇਤੀ ਚੋਣਾਂ ਲੜਨੀਆਂ ਹਨ ਤਾਂ ਉਸ ਲਈ ਐਨਓਸੀ ਲਾਜ਼ਮੀ ਦਸਤਾਵੇਜ਼ ਹੈ।
ਰੰਧਾਵਾ ਅਤੇ ਪਾਹੜਾ ਦੀ ਡੀਸੀ ਨਾਲ ਤਕਰਾਰ ਕਰੀਬ ਅੱਧਾ ਘੰਟਾ ਜਾਰੀ ਰਿਹਾ । ਹਾਲਾਂਕਿ, ਤ੍ਰਿਪਤ ਬਾਜਵਾ ਅਤੇ ਪ੍ਰਤਾਪ ਬਾਜਵਾ ਅਫ਼ਰਾ ਤਫ਼ਰੀ ਦੇ ਦੌਰਾਨ ਸਹਿਜਤਾ ਬਣਾਏ ਰੱਖਣ ਦੀ ਕੋਸ਼ਿਸ਼ ਕੀਤੀ।
ਰੰਧਾਵਾ ਨੇ ਇਲਜ਼ਾਮ ਲਗਾਇਆ ਕਿ ਡੀਸੀ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਦਫ਼ਤਰੋਂ ਚਲੇ ਜਾਣ ਲਈ ਕਿਹਾ । ਦੂਸਰੇ ਪਾਸੇ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਉਨ੍ਹਾਂ ਕਿਸੇ ਨੂੰ ਬਾਹਰ ਜਾਣ ਲਈ ਨਹੀਂ ਕਿਹਾ । ਇਹ ਇਲਜ਼ਾਮ ਲਗਾ ਕੇ ਰਾਈ ਦਾ ਪਹਾੜ ਬਣਾਏ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਡੀਸੀ ਅਨੁਸਾਰ ਜਦੋਂ ਸੁਖਜਿੰਦਰ ਰੰਧਾਵਾ ਉਨ੍ਹਾਂ ਨਾਲ ਚਰਚਾ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਚਾਹ ਦਿੱਤੀ ਗਈ । ਉਹ ਕਦੇ ਵੀ ਕਿਸੇ ਐੱਮ ਅਤੇ ਐਲਓਪੀ ਨੂੰ ਆਪਣਾ ਦਫ਼ਤਰ ਛੱਡਣ ਲਈ ਕਹਿਣ ਬਾਰੇ ਸੋਚ ਵੀ ਨਹੀਂ ਸਕਦੇ।
ਪ੍ਰਤਾਪ ਬਾਜਵਾ ਨੇ ਦੋਸ਼ ਲਗਾਇਆ ਕਿ 'ਆਪ' ਦੇ ਇੱਕ ਮੌਜੂਦਾ ਵਿਧਾਇਕ ਨੇ ਇਸ ਜ਼ਿਲ੍ਹੇ ਦੇ ਸਾਰੇ ਪੰਚਾਇਤ ਸਕੱਤਰਾਂ ਨੂੰ ਅਸਲ ਵਿੱਚ ਅਗਵਾ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਆਪਣੇ ਘਰ ਵਿੱਚ ਬੰਦੀ ਬਣਾ ਕੇ ਰੱਖਿਆ ਹੋਇਆ ਹੈ । ਇਸ ਬਾਰੇ ਡੀਸੀ ਨੂੰ ਇਸ ਬਾਰੇ ਦੱਸਣਾ ਚਾਹੁੰਦੇ ਸਨ । ਅਧਿਕਾਰੀ ਇਸ ਗੱਲ ਨੂੰ ਸੁਣਨ ਦੀ ਬਜਾਏ ਹੋਰ ਹੀ ਬਹਾਨੇ ਬਣਾਉਂਦਾ ਰਿਹਾ ਅਤੇ ਕੋਈ ਜਵਾਬ ਨਹੀਂ ਦਿੱਤਾ ।