Babushahi Exclusive: ਚੋਣਾਂ ’ਚ ਕਾਹਦੀ ਲੱਗੀ ਢੂਈ ਤਾਂਹ ਗਈ ਬਲੱਡ ਪ੍ਰੈਸ਼ਰ ਦੀ ਸੂਈ
ਅਸ਼ੋਕ ਵਰਮਾ
ਬਠਿੰਡਾ, 17 ਅਕਤੂਬਰ 2024: ਪਿਛਲੇ ਦਿਨੀਂ ਹੋਈ ਪੰਚਾਇਤ ਚੋਣਾਂ ਦੌਰਾਨ ਸਰਪੰਚੀ ਦੀ ਲੜਾਈ ਹਾਰੇ ਉਮੀਦਵਾਰਾਂ ਨੂੰ ਲੱਖਾਂ ਦੇ ਖਰਚੇ ਨੇ ਮਾਨਸਿਕ ਤਣਾਓ ਵਿੱਚ ਪਾ ਦਿੱਤਾ ਹੈ। ਕਈ ਉਮੀਦਵਾਰਾਂ ਦਾ ਬਲੱਡ ਪ੍ਰੈਸ਼ਰ ਕਾਫੀ ਵਧ ਗਿਆ ਹੈ ਅਤੇ ਕੋਈ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੈ ਜਿਸ ਕਰਕੇ ਉਨ੍ਹਾਂ ਨੂੰ ਡਾਕਟਰਾਂ ਕੋਲ ਚੱਕਰ ਕੱਟਣੇ ਪੈ ਰਹੇ ਹਨ। ਜਿੰਨ੍ਹਾਂ ਪਿੰਡਾਂ ’ਚ ਸਰਬਸੰਮਤੀ ਹੋਈ ਹੈ ਉਹ ਵਧੀਆ ਰਹਿ ਗਏ ਹਨ ਜਿੰਨ੍ਹਾਂ ਦਾ ਨਾਂ ਹਿੰਗ ਲੱਗੀ ਨਾਂ ਫਟਕੜੀ ਰੰਗ ਚੋਖਾ ਚੜ੍ਹਿਆ ਹੈ। ਉੱਪਰੋਂ ਸਰਕਾਰ ਤੋਂ 5 ਲੱਖ ਮਿਲਣਾ ਉਹ ਵੱਖਰਾ ਹੈ।
ਦੂਜੇ ਪਾਸੇ ਉਮੀਦਵਾਰਾਂ ਦੀ ਹਾਰ ਬਹੁਤ ਹੀ ਘੱਟ ਫਰਕ ਨਾਲ ਹੋਈ ਹੈ ਉਨ੍ਹਾਂ ਲਈ ਤਾਂ ਪੰਚਾਇਤੀ ਚੋਣਾਂ ਵੱਡੇ ਸਦਮੇ ਵਾਲੀਆਂ ਸਾਬਤ ਹੋਈਆਂ ਹਨ। ਇਨ੍ਹਾਂ ਹਾਰੇ ਉਮੀਦਵਾਰਾਂ ਨੂੰ ਇੱਕ ਤਾਂ ਅਣਕਿਆਸੀ ਹਾਰ ਨੇ ਝਟਕਾ ਦੇ ਦਿੱਤਾ ਹੈ ਅਤੇ ਦੂਸਰਾ ਚੋਣ ’ਤੇ ਖਰਚੀ ਮੋਟੀ ਰਾਸ਼ੀ ਦੀ ਸੱਟ ਵੀ ਭੁੱਲ ਨਹੀਂ ਰਹੀ ਹੈ। ਕਈ ਉਮੀਦਵਾਰ ਤੇ ਅਜਿਹੇ ਵੀ ਹਨ ਜਿੰਨ੍ਹਾਂ ਨੇ ਚੋਣ ਲੜਨ ਲਈ ਸ਼ਾਹੂਕਾਰਾਂ ਤੋਂ ਕਰਜਾ ਚੁੱਕਿਆ ਸੀ। ਐਤਕੀਂ ਛੋਟੇ ਪਿੰਡਾਂ ਵਿੱਚ ਸਰਪੰਚੀ ‘ਤੇ 20 ਤੋਂ 25 ਲੱਖ ਰੁਪਏ ਤੋਂ ਉਪਰ ਅਤੇ ਵੱਡੇ ਪਿੰਡਾਂ ’ਚ ਚੋਣ ਖਰਚਾ 30-35 ਲੱਖ ਤੱਕ ਪੁੱਜਣ ਦੇ ਚਰਚੇ ਹਨ।
ਚੋਣ ਨਤੀਜੇ ਆਉਣ ਮਗਰੋਂ ਜਿੱਤੇ ਸਰਪੰਚਾਂ ਵੱਲੋਂ ਤਾਂ ਆਪੋ ਆਪਣੇ ਪਿੰਡਾਂ ਵਿੱਚ ਅਖੰਡ ਪਾਠ ਜਾਂ ਹੋਰ ਕੋਈ ਧਾਰਮਿਕ ਸਮਾਗਮ ਕਰਵਾਉਣ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ ਜਦੋਂ ਕਿ ਹਾਰੇ ਕਈ ਉਮੀਦਵਾਰ ਸਦਮੇ ਵਿੱਚ ਹਨ ਜਿੰਨ੍ਹਾਂ ਨੂੰ ਸਮਝ ਨਹੀਂ ਪੈ ਰਿਹਾ ਕਿ ਹੁਣ ਉਹ ਕੀ ਕਰਨ। ਜਾਣਕਾਰੀ ਅਨੁਸਾਰ ਇੱਕ ਪਿੰਡ ਵਿੱਚ ਤਾਂ ਫਸਵੇਂ ਮੁਕਾਬਲੇ ਦੌਰਾਨ ਪੰਚੀ ਦੀ ਚੋਣ ਜਿੱਤਣ ਵਾਲੇ ਉਮੀਦਵਾਰ ਦੇ ਹਮਾਇਤੀਆਂ ਨੇ ਖੁਸ਼ੀ ਵਿੱਚ ਵੱਡਾ ਧਮਾਕਾ ਕਰਨ ਵਾਲੇ ‘ਸੁੱਬੀ’ ਬੰਬ ਚਲਾ ਦਿੱਤੇ ਤਾਂ ਹਾਰਨ ਵਾਲੇ ਉਮੀਦਵਾਰ ਨੂੰ ਦੌਰਾ ਪੈ ਗਿਆ ਜਿਸ ਨੂੰ ਫੌਰੀ ਡਾਕਟਰ ਕੋਲ ਲਿਜਾਣਾ ਪਿਆ ਹੈ।
ਰਾਹਤ ਵਾਲੀ ਗੱਲ ਹੈ ਕਿ ਹੁਣ ਉਹ ਠੀਕ ਹੈ ਅਤੇ ਡਾਕਟਰ ਨੇ ਕੁੱਝ ਦਿਨ ਅਰਾਮ ਕਰਨ ਅਤੇ ਕਿਸੇ ਵੀ ਕਿਸਮ ਦਾ ਬੋਝ ਨਾਂ ਲੈਣ ਦੀ ਸਲਾਹ ਦਿੱਤੀ ਹੈ। ਸੂਤਰਾਂ ਅਨੁਸਾਰ ਦੋ ਤਿੰਨ ਬਲਾਕਾਂ ਵਿੱਚ ਕਈ ਹਾਰੇ ਉਮੀਦਵਾਰਾਂ ਨੇ ਆਪਣਾ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਣ ਪਿੱਛੋਂ ਦਵਾਈ ਖਾਣੀ ਸ਼ੁਰੂ ਕਰ ਦਿੱਤੀ ਹੈ। ਜਿੰਨ੍ਹਾਂ ਪਿੰਡਾਂ ਵਿੱਚ ਹਾਰ ਜਿੱਤ ਦਾ ਫਾਸਲਾ ਬਹੁਤ ਹੀ ਘੱਟ ਹੈ,ਉਨ੍ਹਾਂ ਪਿੰਡਾਂ ਦੇ ਉਮੀਦਵਾਰਾਂ ਨੂੰ ਜ਼ਿਆਦਾ ਸਦਮਾ ਲੱਗਾ ਹੈ । ਓਧਰ ਜਿੱਤੇ ਸਰਪੰਚ ਤਾਂ ਜਸ਼ਨਾਂ ’ਚ ਮਸਤ ਹਨ ਜਦੋਂ ਕਿ ਕੁਝ ਹਾਰੇ ਉਮੀਦਵਾਰਾਂ ਵਲੋਂ ਚੋਣ ਨਤੀਜਿਆਂ ਨੂੰ ਚੁਣੌਤੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਹਾਰੇ ਉਮੀਦਵਾਰਾਂ ਦਾ ਕਹਿਣਾ ਹੈ ਕਿ ਹਾਕਮ ਧਿਰ ਦੇ ਧੱਕੇ ਨੇ ਉਨ੍ਹਾਂ ਨੂੰ ਹਰਾਇਆ ਹੈ। ਵੱਡੀ ਗਿਣਤੀ ਉਮੀਦਵਾਰਾਂ ਨੇ ਨਤੀਜਿਆਂ ਨੂੰ ਚੁਣੌਤੀ ਦੇਣ ਲਈ ਵਕੀਲਾਂ ਕੋਲ ਪਹੁੰਚ ਕਰਨ ਦੀ ਤਿਆਰੀਆਂ ਖਿੱਚ੍ਹ ਦਿੱਤੀਆਂ ਹਨ।
ਇਹ ਉਮੀਦਵਾਰ ਸਰਕਾਰੀ ਰਿਕਾਰਡ ਇਕੱਠਾ ਕਰਨ ਲਈ ਪੁੱਛ ਪੜਤਾਲ ਕਰਨ ’ਚ ਜੁਟ ਗਏ ਹਨ। ਸਭ ਤੋਂ ਦਿਲਚਸਪ ਨਤੀਜਾ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਸੁਖਨਾ ਅਬਲੂ ਦਾ ਹੈ ਜਿੱਥੇ ਇੱਕ ਵੋਟ ਨਾਲ ਸਰਪੰਚੀ ਦੀ ਜਿੱਤ ਹਾਰ ਦਾ ਫੈਸਲਾ ਹੋਇਆ ਹੈ। ਇਸ ਪਿੰਡ ’ਚ ਪੂਰੀ ਰਾਤ ਦੌਰਾਨ ਪੰਜ ਵਾਰ ਗਿਣਤੀ ਕਰਨੀ ਪਈ ਹੈ। ਇਸ ਪਿੰਡ ਵਿੱਚ ਸਰਪੰਚੀ ਦੀ ਚੋਣ ਵਿੱਚ ਜੇਤੂ ਉਮੀਦਵਾਰ ਸੁਰਿੰਦਰ ਕੌਰ ਨੂੰ 1358 ਅਤੇ ਹਾਰੀ ਮਨਜਿੰਦਰ ਕੌਰ ਨੂੰ 1357 ਵੋਟਾਂ ਪਈਆਂ ਹਨ। ਹਾਰੀ ਉਮੀਦਵਾਰ ਦੇ ਪ੍ਰੀਵਾਰਕ ਸੂਤਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਨੂੰ ਸਾਜ਼ਿਸ਼ ਤਹਿਤ ਹਾਰਿਆ ਕਰਾਰ ਦੇ ਦਿੱਤਾ ਗਿਆ ਹੈ ਅਤੇ ਹੁਣ ਇਨਸਾਫ ਲਈ ਕਾਨੂੰਨੀ ਲੜਨ ਬਾਰੇ ਸੋਚਿਆ ਜਾ ਰਿਹਾ ਹੈ।
ਸੰਗਰੂਰ ਜਿਲ੍ਹੇ ’ਚ ਚੋਣ ਹਾਰਨ ਵਾਲੇ ਅੱਧੀ ਦਰਜਨ ਦੇ ਕਰੀਬ ਉਮੀਦਵਾਰਾਂ ਵੱਲੋਂ ਚੋਣ ਨਤੀਜੇ ਨੂੰ ਚਣੌਤੀ ਦੇਣ ਲਈ ਤਿਆਰੀ ਕੀਤੀ ਜਾ ਰਹੀ ਹੈ । ਕੋਟਕਪੂਰਾ ਇਲਾਕੇ ਦੇ ਇੱਕ ਸਰਪੰਚ ਨੂੰ ਵੀ ਚੋਣ ਨਤੀਜਿਆਂ ਤੇ ਇਤਬਾਰ ਨਹੀਂ। ਇਸ ਪਿੰਡ ’ਚ ਸਿਆਸੀ ਇਸ਼ਾਰੇ ਤੇ ਸਰਪੰਚੀ ਜਿੱਤਣ ਦਾ ਵੀ ਰੌਲਾ ਪਿਆ ਸੀ। ਹੋਰ ਵੀ ਦਰਜਨਾਂ ਉਮੀਦਵਾਰ ਹਨ ਅਜਿਹੇ ਹਨ ਜੋ ਹਾਰ ਕਾਰਨ ਕਾਨੂੰਨੀ ਲੜਾਈ ਲੜਨ ਦੇ ਰੌਂਅ ਵਿੱਚ ਹਨ। ਚੋਣਾਂ ਨਾਲ ਜੁੜੇ ਇੱਕ ਅਧਿਕਾਰੀ ਨੇ ਦੱਸਿਆ ਕਿ ਜਿੰਨ੍ਹਾਂ ਪਿੰਡਾਂ ’ਚ ਟਾਸ ਜਾਂ ਫਿਰ ਬਹੁਤ ਹੀ ਘੱਟ ਫਰਕ ਨਾਲ ਫੈਸਲਾ ਹੋਇਆ ਹੁੰਦਾ ਹੈ ੳਨ੍ਹਾਂ ਚੋਂ ਉਮੀਦਵਾਰ ਪਟੀਸ਼ਨ ਦਾਇਰ ਕਰ ਦਿੰਦੇ ਹਨ ਜਿਸ ਬਾਰੇ ਫੈਸਲਾ ਟ੍ਰਿਬਿਊਨਲ ਕਰਦਾ ਹੈ।
ਉਨ੍ਹਾਂ ਦੱਸਿਆ ਕਿ ਕੋਈ ਵੀ ਉਮੀਦਵਾਰ 30 ਦਿਨਾਂ ਦੇ ਅੰਦਰ ਅੰਦਰ ਚੋਣ ਨਤੀਜਿਆਂ ਨੂੰ ਚੁਣੌਤੀ ਦੇ ਸਕਦਾ ਹੈ। ਕੋਲ ਪੰਚੀ ਤੇ ਸਰਪੰਚੀ ਹਾਰੇ ਉਮੀਦਵਾਰਾਂ ਵੱਲੋਂ ਚੋਣ ਪ੍ਰਸ਼ਾਸ਼ਨ ਪਹੁੰਚ ਕੀਤੀ ਜਾ ਰਹੀ ਹੈ। ਚੋਣ ਨਤੀਜਿਆਂ ਨੂੰ ਚੁਣੌਤੀ ਦੇਣ ਵਾਲੇ ਉਮੀਦਵਾਰਾਂ ਦੀ ਆਮਦ ਕਾਰਨ ਵਕੀਲਾਂ ਕੋਲ ਵੀ ਭੀੜ ਵਧਣ ਦੇ ਅਨੁਮਾਨ ਲਾਏ ਜਾ ਰਹੇ ਹਨ।
ਦਾਇਰ ਹੋ ਸਕਦੀ ਪਟੀਸ਼ਨ: ਜਲਾਲ
ਬਾਰ ਐਸੋਸੀਏਸ਼ਨ ਬਠਿੰਡਾ ਦੇ ਸਾਬਕਾ ਪ੍ਰਧਾਨ ਤੇ ਫੌਜਦਾਰੀ ਮਾਮਲਿਆਂ ਦੇ ਮਾਹਿਰ ਐਡਵੋਕੇਟ ਰਣਜੀਤ ਸਿੰਘ ਜਲਾਲ ਦਾ ਕਹਿਣਾ ਸੀ ਕਿ ਜਿਸ ਵੀ ਉਮੀਦਵਾਰ ਨੂੰ ਨਤੀਜਿਆਂ ਪ੍ਰਤੀ ਸ਼ੱਕ ਹੋਵੇ ਉਹ ਜਿਲ੍ਹਾ ਪੱਧਰੀ ਟ੍ਰਿਬਿਊਨਲ ਕੋਲ ਆਪਣੀ ਸ਼ਕਾਇਤ ਦਰਜ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਉਸ ਨੂੰ ਟ੍ਰਿਬਿਊਨਲ ਦਾ ਫੈਸਲਾ ਵੀ ਪ੍ਰਵਾਨ ਨਾਂ ਹੋਵੇ ਤਾਂ ਅਦਾਲਤ ਵਿੱਚ ਵੀ ਪਟੀਸ਼ਨ ਦਾਇਰ ਕੀਤੀ ਜਾ ਸਕਦੀ ਹੈ।