ਜ਼ਿਲ੍ਹਾ ਫ਼ਰੀਦਕੋਟ ਪੁਲਿਸ ਵੱਲੋਂ ਜ਼ਿਲ੍ਹਾ ਭਰ ਵਿੱਚ ਕੀਤੇ ਫਲੈਗ ਮਾਰਚ, ਨਾਮਜ਼ਦਗੀ ਕੇਂਦਰਾਂ ’ਤੇ ਕੀਤੇ ਪੁਖਤਾ ਪ੍ਰਬੰਧ
ਮਨਜੀਤ ਢੱਲਾ
ਜੈਤੋ, 04 ਅਕਤੂਬਰ 2024 - ਜ਼ਿਲ੍ਹਾ ਫ਼ਰੀਦਕੋਟ ਦੇ ਸੀਨੀਅਰ ਪੁਲਿਸ ਕਪਤਾਨ ਡਾ . ਪ੍ਰਗਿਆ ਜੈਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਫਰੀਦਕੋਟ ਪੁਲਿਸ ਵੱਲੋ ਜ਼ਿਲ੍ਹੇ ਵਿੱਚ ਚੋਣ ਪ੍ਰਕਿਰਿਆ ਦੇ ਮੱਦੇਨਜ਼ਰ ਕਾਨੂੰਨ-ਵਿਵਸਥਾ ਨੂੰ ਬਣਾਈ ਰੱਖਣ ਅਤੇ ਜਨਤਾ ਵਿੱਚ ਸੁਰੱਖਿਆ ਦਾ ਭਰੋਸਾ ਪੈਦਾ ਕਰਨ ਲਈ ਵਿਆਪਕ ਫਲੈਗ ਮਾਰਚ ਕੀਤਾ ਗਿਆ ਜਿਸ ਦੀ ਅਗਵਾਈ ਵੱਖ ਵੱਖ ਪੁਲਿਸ ਅਧਿਕਾਰੀਆਂ ਵੱਲੋਂ ਕੀਤੀ ਗਈ। ਇਹ ਫਲੈਗ ਮਾਰਚ ਫਰੀਦਕੋਟ ਜਿਲ੍ਹੇ ਦੀਆ ਸਾਰੀਆਂ ਸਬ-ਡਵੀਜਨਾ (ਫਰੀਦਕੋਟ, ਕੋਟਕਪੂਰਾ ਅਤੇ ਜੈਤੋ) ਵਿੱਚ ਕੀਤੇ ਗਏ। ਇਸ ਮਾਰਚ ਵਿੱਚ ਫਰੀਦਕੋਟ ਪੁਲਿਸ ਦੇ ਸੀਨੀਅਰ ਅਧਿਕਾਰੀਆ ਅਤੇ ਕਰਮਚਾਰੀਆਂ ਨੇ ਭਾਗ ਲਿਆ।
ਫਰੀਦਕੋਟ ਪੁਲਿਸ ਵੱਲੋ ਸਾਰੇ ਨਾਮਜ਼ਦਗੀ ਕੇਂਦਰਾਂ ’ਤੇ ਭਾਰੀਆਂ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸੁਰੱਖਿਆ ਪ੍ਰਬੰਧਾਂ ਵਿੱਚ ਪੁਲਿਸ ਬਲਾਂ ਦੀ ਭਾਰੀ ਤਾਇਨਾਤੀ ਕੀਤੀ ਗਈ ਹੈ, ਜਿਸ ਵਿੱਚ ਸਪੇਸ਼ਲ ਟਾਸਕ ਫੋਰਸ, ਰਿਜ਼ਰਵ ਫੋਰਸ ਅਤੇ ਪੁਲਿਸ ਟੀਮਾਂ ਸ਼ਾਮਲ ਹਨ। ਹਰ ਨਾਮਜ਼ਦਗੀ ਕੇਂਦਰ ’ਤੇ ਮਲਟੀ-ਲੇਅਰ ਸੁਰੱਖਿਆ ਰਿੰਗ ਤਾਇਨਾਤ ਕੀਤੀ ਗਈ ਹੈ, ਜਿਸ ਨਾਲ ਚੋਣਾਂ ਦੇ ਦੌਰਾਨ ਕਿਸੇ ਵੀ ਅਣਚਾਹੀ ਗਤੀਵਿਧੀ ਤੋਂ ਬਚਿਆ ਜਾ ਸਕੇ।
ਇਸ ਤੋਂ ਇਲਾਵਾ ਚੋਣਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਫਰੀਦਕੋਟ ਪੁਲਿਸ ਨੇ ਅਹਿਮ ਕਦਮ ਚੁੱਕੇ ਹਨ। ਉੱਥੇ ਹੀ ਸਪੈਸ਼ਲ ਪੈਟਰੋਲਿੰਗ ਅਤੇ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਕਿਸਮ ਦੀ ਕਾਨੂੰਨ ਵਿਵਸਥਾ ਦੀ ਉਲੰਘਣਾ ਨਾਂ ਹੋਵੇ। ਇਸ ਮੌਕੇ ਜ਼ਿਲ੍ਹਾ ਫ਼ਰੀਦਕੋਟ ਦੇ ਸਮੂਹ ਪੁਲਿਸ ਕਰਮਚਾਰੀ ਮੌਜੂਦ ਸਨ।