ਫਾਈਲ ਫੋਟੋ
ਚੰਡੀਗੜ੍ਹ, 31 ਜੁਲਾਈ, 2017 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੁਤੰਤਰਤਾ ਸੰਗਰਾਮੀ ਗਿਆਨੀ ਲਾਭ ਸਿੰਘ ਦੇ ਪੋਤੇ ਉੱਤੇ ਤੀਜੀ ਡਿਗਰੀ ਦਾ ਤਸ਼ੱਦਦ ਢਾਹੁਣ ਲਈ ਜ਼ਿੰਮੇਵਾਰ ਸਾਰੇ ਸਿਆਸੀ ਆਗੂਆਂ ਅਤੇ ਪੁਲਿਸ ਅਧਿਕਾਰੀਆਂ ਖ਼ਿਲਾਫ ਤੁਰੰਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਸਾਰੀਆਂ ਵਿਰੋਧੀ ਆਵਾਜ਼ਾਂ ਨੂੰ ਕੁਚਲਣ ਲਈ ਛੇੜੀ ਮੁਹਿੰਮ ਦੌਰਾਨ ਕਾਂਗਰਸੀ ਆਗੂ ਅਤੇ ਵਰਕਰ ਸੁਤੰਤਰਤਾ ਸੰਗਰਾਮੀਆਂ ਦੇ ਬੱਚਿਆਂ ਨੂੰ ਵੀ ਨਹੀ ਬਖਸ਼ ਰਹੇ ਹਨ। ਉਹਨਾਂ ਕਿਹਾ ਕਿ ਇੱਕ ਸੁਤੰਤਰਤਾ ਸੰਗਰਾਮੀ ਦੇ ਪੋਤੇ ਜਗਰੂਪ ਦੀ ਗਲਤੀ ਸਿਰਫ ਇਹੋ ਸੀ ਕਿ ਉਸ ਨੇ ਮੁਕਤਸਰ ਜ਼ਿਲ•ੇ ਵਿਚ ਪੈਂਦੇ ਆਪਣੇ ਪਿੰਡ ਮਧੀਰ ਦੇ ਤਲਾਬ ਉੱਤੇ ਨਜਾਇਜ਼ ਕਬਜ਼ੇ ਨੂੰ ਹਟਾਉਣ ਲਈ ਪ੍ਰਸਾਸ਼ਨ ਨੂੰ ਅਰਜ਼ੀ ਦਿੱਤੀ ਸੀ। ਅਜਿਹਾ ਕਰਨ ਲਈ ਉਸ ਨੂੰ 32 ਘੰਟੇ ਲਈ ਨਾਜਾਇਜ਼ ਹਿਰਾਸਤ ਰੱਖ ਕੇ ਉਸ ਉੱਤੇ ਤੀਜੀ ਡਿਗਰੀ ਦਾ ਅੱਤਿਆਚਾਰ ਕੀਤਾ ਗਿਆ।
ਅਕਾਲੀ ਆਗੂ ਨੇ ਕਿਹਾ ਕਿ ਸਿਆਸੀ ਬਦਲੇਖੋਰੀ ਦੀਆਂ ਘਟਨਾਵਾਂ ਤੋਂ ਮੁਨਕਰ ਹੁੰਦੀ ਆ ਰਹੀ ਕਾਂਗਰਸ ਲਈ ਇਹ ਕੇਸ ਸ਼ਰਤੀਆ ਪਰਖ ਦੀ ਘੜੀ ਸਾਬਿਤ ਹੋਵੇਗਾ। ਇਸ ਕੇਸ ਵਿਚ ਜਗਰੂਪ ਖ਼ਿਲਾਫ ਸਿਆਸੀ ਬਦਲੇਖੋਰੀ ਦਾ ਦੋਸ਼ ਅਕਾਲੀ ਦਲ ਨੇ ਨਹੀਂ, ਸਗੋਂ ਸੁਤੰਤਰਤਾ ਸੰਗਰਾਮੀਆਂ ਦੇ ਵੰਸ਼ਜ਼ ਦੀ ਸੰਸਥਾ ਵੱਲੋਂ ਲਗਾਇਆ ਗਿਆ ਹੈ। ਇਸ ਸੰਸਥਾ ਦਾ ਕਹਿਣਾ ਹੈ ਕਿ ਜਗਰੂਪ ਉੱਤੇ ਇਹ ਤਸ਼ੱਦਦ ਮੁਕਤਸਰ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਇਸ਼ਾਰੇ ਉੁੱਤੇ ਕੀਤਾ ਗਿਆ ਹੈ। ਇਸ ਸੰਸਥਾ ਨੇ ਇਸ ਤਸ਼ੱਦਦ ਦਾ ਕਾਰਣ ਵੀ ਦੱਸਿਆ ਹੈ। ਹੁਣ ਸਾਰੀ ਗੱਲ ਸਰਕਾਰ ਉੱਤੇ ਆ ਗਈ ਹੈ, ਕਿ ਜਾਂ ਤਾਂ ਉਹ ਇਸ ਮਾਮਲੇ ਵਿਚ ਕਾਰਵਾਈ ਕਰੇ ਜਾਂ ਫਿਰ ਸਵੀਕਾਰ ਕਰੇ ਕਿ ਇਸ ਦੀ ਆਪਣੇ ਆਗੂਆਂ ਅਤੇ ਵਰਕਰਾਂ ਖ਼ਿਲਾਫ ਕਾਰਵਾਈ ਕਰਨ ਦੀ ਕੋਈ ਮਨਸ਼ਾ ਨਹੀਂ ਹੈ।
ਸਾਬਕਾ ਫੌਜੀਆਂ ਨਾਲ ਇੱਕਮੁਠਤਾ ਦਾ ਇਜ਼ਹਾਰ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਸੁਤੰਤਰਤਾ ਸੰਗਰਾਮੀਆਂ ਦੀ ਸੰਸਥਾ ਨੇ ਐਲਾਨ ਕੀਤਾ ਹੈ ਕਿ ਜੇਕਰ ਇਸ ਕੇਸ ਵਿਚ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਸੂਬੇ ਵੱਲੋਂ ਕਰਵਾਏ ਜਾਣ ਵਾਲੇ ਆਜ਼ਾਦੀ ਦੇ ਜਸ਼ਨਾਂ ਦਾ ਬਾਈਕਾਟ ਕਰਨਗੇ। ਅਕਾਲੀ ਆਗੂ ਨੇ ਇਸ ਘਿਨੌਣੇ ਅਪਰਾਧ ਲਈ ਜ਼ਿੰਮੇਵਾਰ ਕਾਂਗਰਸੀ ਵਿਧਾਇਕ ਅਤੇ ਦੂਜੇ ਕਾਂਗਰਸੀਆਂ ਖਿਲਾਫ ਤੁਰੰਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ। ਉਹਨਾਂ ਨੇ ਜਗਰੂਪ ਉੱਤੇ ਤਸ਼ੱਦਦ ਢਾਹੁਣ ਵਾਲੇ ਐਸਐਚਓ ਨੂੰ ਵੀ ਤੁਰੰਤ ਮੁਅੱਤਲ ਕੀਤੇ ਜਾਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਸਾਡੇ ਸੁਤੰਤਰਤਾ ਸੰਗਰਾਮੀਆਂ ਦੀ ਯਾਦ ਨੂੰ ਸਨਮਾਨ ਦਿੰਦਿਆਂ ਇੰਨਾ ਤਾਂ ਕਰ ਹੀ ਸਕਦੀ ਹੈ।
ਸਰਦਾਰ ਮਜੀਠੀਆ ਨੇ ਸ਼ਨੀਵਾਰ ਨੂੰ ਉਦਯੋਗਪਤੀ ਰਵਿੰਦਰ ਕੋਛੜ ਦਾ ਕਤਲ ਕਰਨ ਵਾਲੇ ਗੈਂਗਸਟਰਾਂ ਖਿਲਾਫ ਵੀ ਤੁਰੰਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਭਾਵੇਂਕਿ ਸੀਸੀਟੀਵੀ ਫੁਟੇਜ ਨੂੰ ਵੇਖ ਕੇ ਗੈਂਗਸਟਰਾਂ ਦੀ ਪਛਾਣ ਕਰ ਲਈ ਗਈ ਹੈ, ਪਰ ਪੁਲਿਸ ਅਜੇ ਵੀ ਇਸ ਮਾਮਲੇ ਵਿਚ ਪੈਰ ਪਿਛਾਂਹ ਖਿੱਚ ਰਹੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਗਿਰਫਤਾਰ ਨਹੀਂ ਕਰ ਪਾਈ ਹੈ।ਉਹਨਾਂ ਕਿਹਾ ਕਿ ਇਸ ਤੋਂ ਸਾਫ ਸੰਕੇਤ ਮਿਲਦਾ ਹੈ ਕਿ ਦੋਸ਼ੀਆਂ ਨੂੰ ਸਿਆਸੀ ਪੁਸ਼ਤਪਨਾਹੀ ਹਾਸਿਲ ਹੈ। ਅਕਾਲੀ ਆਗੂ ਨੇ ਕਿਹਾ ਕਿ ਸੂਬੇ ਅੰਦਰ ਗੁੰਡਾਗਰਦੀ, ਜਬਰਦਸਤੀ ਅਤੇ ਸੁਪਾਰੀ ਲੈ ਕੇ ਕੀਤੇ ਜਾਣ ਵਾਲੇ ਕਤਲਾਂ ਦੀਆਂ ਘਟਨਾਵਾਂ ਇਸ ਲਈ ਵਧ ਗਈਆਂ ਹਨ, ਕਿਉਂਕਿ ਸਰਕਾਰ ਨੇ ਕਾਂਗਰਸੀ ਕਾਡਰ ਨੂੰ ਕਿੜਾਂ ਕੱਢਣ ਦੀ ਖੁੱਲੀ ਛੁੱਟੀ ਦੇ ਰੱਖੀ ਹੈ। ਇਸ ਨਾਲ ਸਮਾਜ-ਵਿਰੋਧੀ ਅਨਸਰਾਂ ਦੇ ਹੌਂਸਲੇ ਵਧ ਗਏ ਹਨ ਅਤੇ ਸੂਬੇ ਅੰਦਰ ਜੰਗਲ ਰਾਜ ਦਾ ਬੋਲਬਾਲਾ ਹੋ ਗਿਆ ਹੈ।