ਇਸਲਾਮਾਬਾਦ, 1 ਅਗਸਤ, 2017 : ਪਾਕਿਸਤਾਨ ਦੇ ਪੰਜਾਬ ਸੂਬੇ ਦੇ ਅਧਿਕਾਰੀਆਂ ਨੇ ਮੁੰਬਈ ਅੱਤਵਾਦੀ ਹਮਲਿਆਂ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੀ ਨਜ਼ਰਬੰਦੀ ਦਾ ਸਮਾਂ ਦੋ ਮਹੀਨੇ ਹੋਰ ਵਧਾ ਦਿੱਤਾ ਹੈ। ਜਮਾਤ-ਉਦ-ਦਾਵਾ ਮੁਖੀ ਸਈਦ ਬੀਤੀ 31 ਜਨਵਰੀ ਤੋਂ ਨਜ਼ਰਬੰਦ ਹੈ। ਪੰਜਾਬ ਸਰਕਾਰ ਨੇ 31 ਜਨਵਰੀ ਨੂੰ ਸਈਦ ਅਤੇ ਉਸ ਦੇ ਚਾਰ ਕਰੀਬੀ ਸਹਿਯੋਗੀਆਂ ਅਬਦੁੱਲਾ ਉਬੈਦ, ਮਲਿਕ ਜਫਰ ਇਕਬਾਲ, ਅਬਦੁੱਲ ਰਹਿਮਾਨ ਆਬਿਦ ਅਤੇ ਕਾਜ਼ੀ ਆਸਿਫ ਹੁਸੈਨ ਨੂੰ ਨਜ਼ਰਬੰਦ ਕੀਤਾ ਸੀ। ਸ਼ੁਰੂਆਤੀ ਫੈਸਲੇ 'ਚ 90 ਦਿਨਾਂ ਲਈ ਇਹ ਵਿਵਸਥਾ ਕੀਤੀ ਗਈ ਸੀ। ਫਿਰ 3 ਮਹੀਨੇ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਨਜ਼ਰਬੰਦੀ ਨੂੰ 3 ਹੋਰ ਮਹੀਨਿਆਂ ਲਈ ਵਧਾ ਦਿੱਤਾ ਗਿਆ। ਇਹ ਸਮਾਂ 27 ਜੁਲਾਈ ਨੂੰ ਪੂਰਾ ਹੋ ਗਿਆ ਸੀ ਪਰ ਇਸ ਤੋਂ ਬਾਅਦ ਵੀ ਹਾਫਿਜ਼ ਨੂੰ ਰਿਹਾਅ ਨਹੀਂ ਕੀਤਾ ਗਿਆ। ਹੁਣ ਉਸ ਨੂੰ 2 ਹੋਰ ਮਹੀਨਿਆਂ ਤੱਕ ਨਜ਼ਰਬੰਦ ਹੀ ਰੱਖਿਆ ਜਾਵੇਗਾ।
ਸਰਕਾਰ ਦੇ ਅੱਤਵਾਦ ਵਿਰੋਧੀ ਵਿਭਾਗ ਨੇ ਹਾਫਿਜ਼ ਦੀ ਰਿਹਾਈ ਨਾਲ ਜੁੜੇ ਜ਼ੋਖਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫੈਸਲਾ ਲਿਆ ਹੈ। ਇਕ ਨੋਟੀਫਿਕੇਸ਼ਨ ਮੁਤਾਬਕ ਹਾਫਿਜ਼ ਅਤੇ ਉਸ ਦੇ ਸੰਗਠਨ ਨਾਲ ਜੁੜੇ ਬਾਕੀ ਲੋਕਾਂ ਦੀ ਰਿਹਾਈ ਨੂੰ ਧਿਆਨ 'ਚ ਰੱਖਦੇ ਹੋਏ ਜਮਾਤ-ਉਦ-ਦਾਵਾ ਦੇ ਵਰਕਰਾਂ ਨੇ ਪੂਰੇ ਪਾਕਿਸਤਾਨ 'ਚ ਅਰਾਜਕਤਾ ਫੈਲਾਉਣ ਦੀ ਯੋਜਨਾ ਬਣਾ ਸੀ। ਇਨ੍ਹਾਂ ਯੋਜਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਵਿਭਾਗ ਨੇ ਸਾਵਧਾਨੀ ਦੇ ਤੌਰ 'ਤੇ ਹਾਫਿਜ਼ ਨੂੰ ਨਜ਼ਰਬੰਦ ਰੱਖਣ ਦੀ ਮਿਆਦ ਵਧਾ ਦਿੱਤੀ ਹੈ।