ਫਾਈਲ ਫੋਟੋ
ਦਮਿਸ਼ਕ, 1 ਅਗਸਤ, 2017 : ਇਰਾਕ 'ਚ ਸਾਲ 2014 'ਚ ਲਾਪਤਾ ਹੋਏ 39 ਭਾਰਤੀਆਂ ਦੇ ਬਾਰੇ ਵਿਚ ਸੀਰੀਆ ਕੋਲ ਕੋਈ ਜਾਣਕਾਰੀ ਨਹੀਂ ਹੈ। ਭਾਰਤ ਵਿਚ ਸੀਰੀਆ ਦੇ ਰਾਜਦੂਤ ਰਿਯਾਦ ਕਾਮੇਲ ਅਬਾੱਸ ਨੇ ਹਾਲਾਂਕਿ ਕਿਹਾ ਕਿ ਜੇ ਇਹ ਲਾਪਤਾ ਭਾਰਤੀ ਉਨ੍ਹਾਂ ਦੇ ਖੇਤਰ ਵਿਚੋਂ ਮਿਲਦੇ ਹਨ ਤਾਂ ਉਹ ਉਨ੍ਹਾਂ ਨੂੰ ਵਾਪਸ ਭਾਰਤ ਭੇਜਣ ਦੇ 'ਚਾਹਵਾਨ' ਹਨ। ਅਬਾੱਸ ਨੇ ਕਲ ਦੱਸਿਆ ਕਿ ਲਾਪਤਾ ਲੋਕਾਂ ਦਾ ਪਤਾ ਲਗਾਉਣ ਲਈ ਇਕ ਭਾਰਤੀ ਪ੍ਰਤੀਨਿਧੀ ਮੰਡਲ ਨੇ ਸੀਰੀਆ ਅਤੇ ਇਰਾਕ ਦਾ ਕਈ ਵਾਰੀ ਦੌਰਾ ਕੀਤਾ ਅਤੇ ਇਸ ਸਿਲਸਿਲੇ ਵਿਚ ਸੀਰੀਆ ਦੇ ਖੁਫੀਆ ਵਿਭਾਗ ਦੇ ਪ੍ਰਮੁੱਖ ਵੀ ਭਾਰਤ ਆ ਚੁੱਕੇ ਹਨ। ਰਾਜਦੂਤ ਨੇ ਕਿਹਾ, 'ਭਾਰਤੀ ਪ੍ਰਤੀਨਿਧੀ ਮੰਡਲ ਕਈ ਵਾਰੀ ਸੀਰੀਆ ਗਿਆ ਅਤੇ ਸੀਰੀਆ ਖੁਫੀਆ ਏਜੰਸੀ ਦੇ ਪ੍ਰਮੁੱਖ ਵੀ ਦਿੱਲੀ ਆਏ।' ਉਨ੍ਹਾਂ ਕਿਹਾ, 'ਜੇ ਉਹ ਸਾਡੇ ਖੇਤਰ ਵਿਚ ਹਨ ਤਾਂ ਅਸੀਂ ਉਨ੍ਹਾਂ (ਲਾਪਤਾ ਭਾਰਤੀਆਂ) ਨੂੰ ਵਾਪਸ ਲਿਆਉਣ ਦੇ ਚਾਹਵਾਨ ਹਾਂ ਪਰ ਇਸ ਬਾਰੇ ਵਿਚ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੈ।' ਇਸ ਮਹੀਨੇ ਦੀ ਸ਼ੁਰੂਆਤ ਵਿਚ ਇਰਾਕੀ ਬਲਾਂ ਨੇ ਮੋਸੁਲ ਨੂੰ ਆਈ. ਐੱਸ. ਆਈ. ਐੱਸ. ਤੋਂ ਮੁਕਤ ਕਰਵਾਇਆ ਸੀ ਜਿਸ ਮਗਰੋਂ 39 ਭਾਰਤੀਆਂ ਦੇ ਮਿਲਣ ਦੀ ਉਮੀਦ ਦੀ ਕਿਰਨ ਨਜ਼ਰ ਆਈ ਪਰ ਇੱਥੋਂ ਵੀ ਕਿਸੇ ਲਾਪਤਾ ਭਾਰਤੀ ਨਾਗਰਿਕ ਦੇ ਬਾਰੇ ਵਿਚ ਸੂਚਨਾ ਨਹੀਂ ਮਿਲੀ ਹੈ।