ਫ਼ਤਹਿਗੜ੍ਹ ਸਾਹਿਬ, 1 ਅਗਸਤ, 2017 : ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਕੰਵਲਪ੍ਰੀਤ ਬਰਾੜ ਨੇ ਫੌਜਦਾਰੀ ਦੰਡ ਸੰਘਤਾ 1973 (2 ਆਫ 1974) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਕਮ ਦਿੱਤੇ ਹਨ ਕਿ ਕੋਈ ਵੀ ਵਿਅਕਤੀ ਫ਼ਤਹਿਗੜ੍ਹ ਸਾਹਿਬ ਦੀ ਹਦੂਦ ਅੰਦਰ ਪੈਂਦੀ ਭਾਖੜਾ ਮੇਨ ਕਨਾਲ ਦੀ ਪਟੜੀ 'ਤੇ ਅਣ-ਅਧਿਕਾਰਤ ਵਾਹਨ ਲੈ ਕੇ ਨਹੀਂ ਜਾ ਸਕਦਾ ਅਤੇ ਨਾ ਹੀ ਕੋਈ ਵਿਅਕਤੀ ਇਸ ਵਿੱਚ ਤੈਰ ਸਕਦਾ ਹੈ। ਫ਼ਤਹਿਗੜ੍ਹ ਸਾਹਿਬ ਦੀ ਹਦੂਦ ਅੰਦਰ ਪੈਂਦੀ ਭਾਖੜਾ ਮੇਨ ਲਾਇਨ ਕਨਾਲ ਉਪਰ ਰਿਪੇਅਰ ਲਈ ਬਣੀ ਪਟੜੀ ਉਪਰ ਲੋਕ ਗਾਹੇ ਬਗਾਹੇ ਆਪਣੇ ਵਾਹਨ ਸਮੇਤ ਚੜ੍ਹ ਜਾਂਦੇ ਹਨ ਤੇ ਕਈ ਵਾਰ ਇਸ ਨਹਿਰ ਵਿੱਚ ਤੈਰਦੇ ਵੀ ਪਾਏ ਗਏ ਹਨ। ਕਿਉਂਕਿ ਇਸ ਕਨਾਲ ਵਿੱਚ ਪਾਣੀ ਦਾ ਵਹਾਅ ਬਹੁਤ ਤੇਜ ਹੁੰਦਾ ਹੈ, ਇਸ ਲਈ ਅਜਿਹੇ ਲੋਕਾਂ ਦੀ ਜਾਨ ਨੂੰ ਖਤਰਾ ਬਣ ਜਾਂਦਾ ਹੈ ਅਤੇ ਦੁਰਘਟਨਾ ਹੋਣ ਦਾ ਅੰਦੇਸ਼ਾਂ ਬਣਿਆਂ ਰਹਿੰਦਾ ਹੈ। ਇਸ ਲਈ ਇਸ ਨੂੰ ਰੋਕਣ ਵਾਸਤੇ ਫੌਰੀ ਕਦਮ ਚੁੱਕਣ ਦੀ ਲੋੜ ਹੈ। ਮਨਾਹੀਂ ਦੇ ਇਹ ਹੁਕਮ ਜ਼ਿਲ੍ਹੇ ਵਿੱਚ 1 ਅਕਤੂਬਰ, 2017 ਤੱਕ ਲਾਗੂ ਰਹਿਣਗੇ।
ਜ਼ਿਲ੍ਹਾ ਮੈਜਿਸਟਰੇਟ ਨੇ ਸਰਕਾਰੀ ਇਮਾਰਤਾਂ ਉਪਰ ਇਸ਼ਤਿਹਾਰ ਲਾਉਣ 'ਤੇ ਪਾਬੰਦੀ ਲਾਈ
ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਕੰਵਲਪ੍ਰੀਤ ਬਰਾੜ ਨੇ ਫ਼ੌਜਦਾਰੀ ਦੰਡ ਸੰਘਤਾ 1973 ( 2 ਆਫ਼ 1974) ਦੀ ਧਾਰਾ 144 ਅਧੀਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਹਦੂਦ ਅੰਦਰ ਪੈਂਦੀਆਂ ਸਰਕਾਰੀ ਇਮਾਰਤਾਂ ਦੇ ਅੰਦਰ ਬਾਹਰ, ਸੜਕਾਂ 'ਤੇ ਲਾਏ ਗਏ ਦਿਸ਼ਾ-ਨਿਰਦੇਸ਼ ਸਬੰਧੀ ਬੋਰਡਾਂ 'ਤੇ ਮਹੱਤਵਪੂਰਨ ਥਾਵਾਂ ਅਤੇ ਫ਼ਤਹਿਗੜ੍ਹ ਸਾਹਿਬ ਵਿਖੇ ਉਸਾਰੇ ਗਏ ਚਾਰ ਯਾਦਗਾਰੀ ਗੇਟਾਂ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਗੇਟ, ਬਾਬਾ ਮੋਤੀ ਰਾਮ ਮਹਿਰਾ ਯਾਦਗਾਰੀ ਗੇਟ, ਦੀਵਾਨ ਟੋਡਰ ਮੱਲ ਯਾਦਗਾਰੀ ਗੇਟ ਅਤੇ ਨਵਾਬ ਸ਼ੇਰ ਮੁਹੰਮਦ ਖ਼ਾਨ ਯਾਦਗਾਰੀ ਗੇਟ ਉਪਰ ਕਿਸੇ ਵੀ ਤਰ੍ਹਾਂ ਦੇ ਇਸ਼ਤਿਹਾਰ ਲਾਉਣ 'ਤੇ ਪੂਰਨ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹੇ ਵਿੱਚ ਇਹ ਹੁਕਮ 1 ਅਕਤੂਬਰ, 2017 ਤੱਕ ਲਾਗੂ ਰਹਿਣਗੇ।
ਜ਼ਿਲ੍ਹਾ ਮੈਜਿਸਟਰੇਟ ਵੱਲੋਂਦੁਕਾਨਾਂ ਰਾਤ 9 ਵਜੇ ਤੇ ਅਹਾਤੇ 11 ਵਜੇ ਬੰਦ ਕਰਨ ਦੇ ਹੁਕਮ
ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਕੰਵਲਪ੍ਰੀਤ ਬਰਾੜ ਨੇ ਜ਼ਿਲ੍ਹੇ ਵਿੱਚ ਦੁਕਾਨਾਂ ਅਤੇ ਹੋਰ ਵਪਾਰਕ ਅਦਾਰਿਆਂ ਦੇ ਦੇਰ ਰਾਤ ਤੱਕ ਖੁੱਲ੍ਹੇ ਰਹਿਣ ਕਾਰਨ ਸ਼ਰਾਰਤੀ ਅਨਸਰਾਂ ਵੱਲੋਂ ਗ਼ੈਰ-ਸਮਾਜਕ ਕਾਰਵਾਈਆਂ ਦੇ ਅੰਦੇਸ਼ੇ ਨੂੰ ਮੁੱਖ ਰਖਦਿਆਂ ਫ਼ੌਜਦਾਰੀ ਦੰਡ ਸੰਘਤਾ 1973 (2 ਆਫ਼ 1974) ਦੀ ਧਾਰਾ 144 ਅਧੀਨ ਜ਼ਿਲ੍ਹੇ ਦੀ ਹੱਦ ਅੰਦਰ ਪੈਂਦੀਆਂ ਸਮੂਹ ਦੁਕਾਨਾਂ ਨੂੰ ਗਰਮੀਆਂ ਵਿੱਚ ਰਾਤ 9 ਵਜੇ ਅਤੇ ਸ਼ਰਾਬ ਦੇ ਠੇਕਿਆਂ ਤੇ ਅਹਾਤਿਆਂ ਨੂੰ ਰਾਤ 11 ਵਜੇ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਢਾਬਿਆਂ, ਰੈਸਟੋਰੈਂਟਾਂ ਅਤੇ ਦਵਾਈਆਂ ਦੀਆਂ ਦੁਕਾਨਾਂ 'ਤੇ ਲਾਗੂ ਨਹੀਂ ਹੋਣਗੇ। ਜ਼ਿਲ੍ਹੇ ਵਿੱਚ ਇਹ ਹੁਕਮ 1 ਅਕਤੂਬਰ, 2017 ਤੱਕ ਲਾਗੂ ਰਹਿਣਗੇ।
ਜ਼ਿਲ੍ਹਾ ਮੈਜਿਸਟਰੇਟ ਵੱਲੋ ਸਾਈਬਰ ਕੈਫ਼ੇ ਦੀ ਦੁਰਵਰਤੋਂ ਰੋਕਣ ਲਈ ਮਨਾਹੀ ਦੇ ਹੁਕਮ ਜਾਰੀ
ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਕੰਵਲਪ੍ਰੀਤ ਬਰਾੜ ਨੇ ਫ਼ੌਜਦਾਰੀ ਦੰਡ ਸੰਘਤਾ 1973 (2 ਆਫ 1974) ਦੀ ਧਾਰਾ 144 ਅਧੀਨ ਜ਼ਿਲ੍ਹੇ ਵਿਚ ਅਮਨ ਤੇ ਸ਼ਾਂਤੀ ਕਾਇਮ ਰੱਖਣ ਹਿੱਤ ਅਸਮਾਜਕ ਅਤੇ ਅਪਰਾਧੀ ਤੱਤਾਂ ਵਲੋਂ ਸਾਈਬਰ ਕੈਫ਼ੇ ਦੀ ਦੁਰਵਰਤੋਂ ਨੂੰ ਰੋਕਣ ਲਈ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹੇ ਵਿਚ ਪੈਂਦੇ ਸਮੂਹ ਸਾਈਬਰ ਕੈਫ਼ੇ ਮਾਲਕਾਂ ਨੂੰ ਆਦੇਸ਼ ਦਿਤੇ ਗਏ ਹਨ ਕਿ ਉਹ ਕਿਸੇ ਅਣਜਾਣ ਵਿਅਕਤੀ, ਜਿਸ ਦੀ ਪਛਾਣ ਕੈਫ਼ੇ ਦੇ ਮਾਲਕ ਵਲੋਂ ਨਹੀਂ ਕੀਤੀ ਗਈ, ਨੂੰ ਸਾਈਬਰ ਕੈਫ਼ੇ ਦੀ ਵਰਤੋਂ ਕਰਨ ਦੀ ਆਗਿਆ ਨਾ ਦੇਣ। ਮਾਲਕ ਨੂੰ ਸਾਈਬਰ ਕੈਫ਼ੇ ਦੀ ਵਰਤੋਂ ਕਰਨ ਵਾਲੇ ਵਿਅਕਤੀ ਦੀ ਪਛਾਣ ਦਾ ਰਿਕਾਰਡ ਰੱਖਣ ਲਈ ਰਜਿਸਟਰ ਲਾਉਣਾ ਲਾਜ਼ਮੀ ਹੋਵੇਗਾ ਜਿਸ ਵਿਚ ਕੈਫ਼ੇ ਦੀ ਵਰਤੋਂ ਕਰਨ ਵਾਲਾ ਵਿਅਕਤੀ ਆਪਣੇ ਹੱਥ ਨਾਲ ਆਪਣਾ ਨਾਮ, ਘਰ ਦਾ ਪਤਾ, ਟੈਲੀਫ਼ੋਨ ਨੰਬਰ ਅਤੇ ਪਛਾਣ ਸਬੰਧੀ ਸਬੂਤ ਦਰਜ ਕਰੇਗਾ ਅਤੇ ਰਜਿਸਟਰ ਵਿਚ ਆਪਣੇ ਹਸਤਾਖ਼ਰ ਵੀ ਕਰੇਗਾ।
ਇਸ ਤੋਂ ਬਿਨਾਂ ਸਾਈਬਰ ਕੈਫ਼ੇ ਦੀ ਵਰਤੋਂ ਕਰਨ ਵਾਲੇ ਵਿਅਕਤੀ ਦੀ ਸ਼ਨਾਖ਼ਤ ਉਸ ਦੇ ਪਛਾਣ ਪੱਤਰ, ਵੋਟਰ ਕਾਰਡ, ਰਾਸ਼ਨ ਕਾਰਡ, ਡਰਾਈਵਿੰਗ ਲਾਇਸੈਂਸ, ਪਾਸਪੋਰਟ ਅਤੇ ਫ਼ੋਟੋ ਕਰੈਡਿਟ ਕਾਰਡ ਨਾਲ ਕੀਤੀ ਜਾਵੇਗੀ। ਸਾਈਬਰ ਕੈਫ਼ੇ ਦੇ ਮਾਲਕ ਨੂੰ ਮੁੱਖ ਸਰਵਰ ਵਿਚ ਐਕਟੀਵਿਟੀ ਸਰਵਰ ਲੌਗ ਛੇ ਮਹੀਨਿਆਂ ਤੱਕ ਸੁਰੱਖਿਅਤ ਰੱਖਣਾ ਹੋਵੇਗਾ। ਜੇਕਰ ਸਾਈਬਰ ਕੈਫ਼ੇ ਵਿਚ ਆਉਣ ਵਾਲੇ ਕਿਸੇ ਵੀ ਵਿਅਕਤੀ ਦੀ ਗਤੀਵਿਧੀ ਕੈਫ਼ੇ ਦੇ ਮਾਲਕ ਨੂੰ ਸ਼ੱਕੀ ਜਾਪਦੀ ਹੈ ਤਾਂ ਉਹ ਇਸ ਸਬੰਧੀ ਸਬੰਧਤ ਥਾਣੇ ਨੂੰ ਤੁਰੰਤ ਸੂਚਿਤ ਕਰੇਗਾ ਅਤੇ ਵਿਅਕਤੀ ਵਿਸ਼ੇਸ਼ ਵੱਲੋਂ ਵਰਤੇ ਗਏ ਕੰਪਿਊਟਰ ਬਾਰੇ ਰਿਕਾਰਡ ਉਚੇਚੇ ਤੌਰ 'ਤੇ ਸੰਭਾਲ ਕੇ ਰੱਖੇਗਾ। ਜ਼ਿਲ੍ਹੇ ਵਿਚ ਮਨਾਹੀ ਦੇ ਇਹ ਹੁਕਮ 1 ਅਕਤੂਬਰ, 2017 ਤੱਕ ਲਾਗੂ ਰਹਿਣਗੇ।