← ਪਿਛੇ ਪਰਤੋ
ਹਰਿਆਣਾ ਪੁਲਿਸ ਦੇ ਜਬਰ ਕਾਰਨ ਖਨੌਰੀ ਬਾਰਡਰ 'ਤੇ ਬਠਿੰਡਾ ਦਾ ਨੌਜਵਾਨ ਸ਼ਹੀਦ
ਅਸ਼ੋਕ ਵਰਮਾ
ਬਠਿੰਡਾ,21ਫਰਵਰੀ2024:ਆਪਣੀਆਂ ਮੰਗਾਂ ਮਨਵਾਉਣ ਲਈ ਦਿੱਲੀ ਕੂਚ ਕਰਨ ਦੇ ਮੰਤਵ ਨਾਲ ਖਨੌਰੀ ਬਾਰਡਰ ਤੇ ਪੁੱਜੇ ਕਿਸਾਨਾਂ ’ਚ ਸ਼ਾਮਲ ਬਠਿੰਡਾ ਜਿਲ੍ਹੇ ਦੇ ਪਿੰਡ ਬੱਲ੍ਹੋ ਦਾ ਨੌਜਵਾਨ ਸ਼ੁਭਕਰਨ ਸਿੰਘ ਸ਼ਹੀਦ ਹੋ ਗਿਆ ਹੈ।ਸ਼ੁਭਕਰਨ ਸਿੰਘ ਦੀ ਉਮਰ 21 ਸਾਲ ਦੱਸੀ ਜਾ ਰਹੀ ਹੈ ਅਤੇ ਉਹ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਸੁਭਕਰਨ ਦੀ ਮੌਤ ਕਾਰਨ ਪਿੰਡ ਅਤੇ ਪੰਜਾਬ ’ਚ ਗਮ ਅਤੇ ਗੁੱਸੇ ਦਾ ਮਹੌਲ ਬਣ ਗਿਆ ਹੈ। ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲੀ ਮੌਤ ਹੈ ਜਿਸ ਨੂੰ ਹਰਿਆਣਾ ਸਰਕਾਰ ਅਤੇ ਉੱਥੋਂ ਦੇ ਪੁਲਿਸ ਪ੍ਰ੍ਰਸ਼ਾਸ਼ਨ ਕਾਰਨ ਹੋਈ ਮੌਤ ਕਰਾਰ ਦਿੱਤਾ ਗਿਆ ਹੈ।ਮ੍ਰਿਤਕ ਕਿਸਾਨ ਦੇ ਸਿਰ ਤੇ ਸੱਟ ਦਾ ਨਿਸ਼ਾਨ ਲੱਗਿਆ ਹੋਇਆ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸ਼ਭਕਰਨ ਸਿੰਘ ਕਿਸਾਨ ਅੰਦੋਲਨ ’ਚ ਸ਼ਾਮਲ ਹੋਣ ਲਈ ਤਿੰਨ ਚਾਰ ਦਿਨ ਪਹਿਲਾਂ ਖਨੌਰੀ ਬਾਰਡਰ ਤੇ ਗਿਆ ਸੀ। ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਪਟਿਆਲਾ ਦੇ ਰਜਿੰਦਰਾ ਹਸਪਤਾਲ ’ਚ ਲਿਆਂਉਣ ਉਪਰੰਤ ਪ੍ਰੀਵਾਰ ਨੂੰ ਸੂਚਨਾ ਦੇ ਦਿੱਤੀ ਗਈ ਹੈ। ਮ੍ਰਿਤਕ ਕਿਸਾਨ ਸਿਰਫ ਤਿੰਨ ਏਕੜ ਜਮੀਨ ਦਾ ਮਾਲਕ ਅਤੇ ਸਿਰ ਕਰਜਾ ਵੀ ਸੀ। ਕਿਸਾਨ ਜੱਥੇਬੰਦੀਆਂ ਨੇ ਮ੍ਰਿਤਕ ਕਿਸਾਨ ਦਾ ਕਰਜਾ ਮੁਆਫ ਕਰਨ ਅਤੇ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ ਗਈ ਹੈ। ਸੀਨੀਅਰ ਕਾਂਗਰਸੀਆਗੂ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਫੇਸਬੁੱਕ ਪੇਜ ਤੇ ਸ਼ਭਕਰਨ ਸਿੰਘ ਦੀ ਮੌਤ ਪ੍ਰਤੀ ਫਿਕਰ ਜਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਹਰਿਆਣਾ ਪੁਲਿਸ ਪੰਜਾਬ ਦੀ ਹੱਦ ਅੰਦਰ ਦਾਖਲ ਹੋਕੇ ਕਿਸਾਨਾਂ ਤੇ ਬੇਰਹਿਮੀ ਨਾਲ ਹਮਲੇ ਕਰ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾਹੈ ਕਿ ਉਹ ਚੁੱਪ ਕਿੳਂ ਹਨ। ਕੀ ਉਨ੍ਹਾਂ ਤੇ ਪੰਜਾਬ ਦੇ ਲੋਕਾਂ ਦੀ ਹਿਫਾਜ਼ਤ ਦੀ ਜਿੰਮੇਵਾਰੀ ਨਹੀਂ ਬਣਦੀ ਹੈ।
Total Responses : 285