ਬੰਦ ਇੰਟਰਨੈੱਟ ਨੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ 'ਚ ਵਿਘਨ ਪਾਇਆ, ਟੋਲੀਆਂ ਬਣਾ ਦੂਜੇ ਪਿੰਡਾਂ 'ਚ ਪੁੱਜ ਰਹੇ ਨੇ ਬੱਚੇ ਤੇ ਲੋਕ,ਕਾਰੋਬਾਰ ਪ੍ਰਭਾਵਿਤ
ਮਲਕੀਤ ਸਿੰਘ ਮਲਕਪੁਰ
ਲਾਲੜੂ 18 ਫ਼ਰਵਰੀ 2024: ਲੰਘੀ 11 ਫਰਵਰੀ ਤੋਂ ਬੰਦ ਹੋਇਆ ਇੰਟਰਨੈੱਟ ਹੁਣ ਲਾਲੜੂ ,ਲਾਲੜੂ ਮੰਡੀ ਤੇ ਇਸ ਖੇਤਰ ਨਾਲ ਜੁੜੇ ਨੇੜਲੇ ਪਿੰਡਾਂ ਦੇ ਆਮ ਲੋਕਾਂ, ਕਾਰੋਬਾਰੀਆਂ ਤੇ ਬੱਚਿਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਨਣ ਲੱਗ ਪਿਆ ਹੈ।ਨਵੇਂ ਜਾਰੀ ਹੋਏ ਨੋਟੀਫਿਕੇਸ਼ਨ ਮੁਤਾਬਕ ਪਿਛਲੇ ਇੱਕ ਹਫਤੇ ਤੋਂ ਬੰਦ ਇੰਟਰਨੈੱਟ ਹੁਣ 24 ਫਰਵਰੀ ਤੱਕ ਹੋਰ ਬੰਦ ਰਹੇਗਾ।ਇੰਟਰਨੈੱਟ ਦੇ ਬੰਦ ਹੋਣ ਕਾਰਨ ਜਿੱਥੇ ਬੱਚਿਆਂ ਦੀ ਪੜ੍ਹਾਈ,ਕਾਰੋਬਾਰ ਤੇ ਹੋਰ ਕੰਮ ਪ੍ਰਭਾਵਿਤ ਹੋਣ ਲੱਗੇ ਹਨ,ਉੱਥੇ ਹੀ ਆਪਣੇ ਮੋਬਾਈਲਾਂ ਵਿਚ ਇੰਟਰਨੈੱਟ ਚਲਾਉਣ ਲਈ ਬੱਚੇ ਤੇ ਕਾਰੋਬਾਰੀ ਇੰਟਰਨੈੱਟ ਚੱਲਣ ਵਾਲੇ ਖੇਤਰਾਂ ਵਿਚ ਟੋਲੀਆਂ ਬਣਾ ਪੁੱਜ ਰਹੇ ਹਨ।
ਸ਼ਹਿਰੀ ਖੇਤਰ ਵਿੱਚ ਇੰਟਰਨੈੱਟ ਦੀ ਦਿੱਕਤ ਦੇ ਚਲਦਿਆਂ ਬਿਜਲੀ ਬਿੱਲ ਦਾ ਭੁਗਤਾਨ ਕਰਨ, ਫਾਰਮ ਭਰਨ, ਵਾਹਨਾਂ 'ਚ ਤੇਲ ਪਵਾਉਣ ਸਮੇਤ ਹੋਰ ਸੇਵਾਵਾਂ ਜਾਰੀ ਰੱਖਣਾਂ ਅਸੰਭਵ ਹੋ ਗਿਆ ਹੈ, ਜਿਸ ਦੇ ਚਲਦਿਆਂ ਸ਼ਹਿਰ ਵਾਸੀਆਂ ਨੂੰ ਨੇੜਲੇ ਪਿੰਡਾਂ ਦਾ ਰੁੱਖ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਸਮੇਂ ਲਾਲੜੂ ਦੇ ਨੇੜਲੇ ਪਿੰਡ ਮਗਰਾ ਤੇ ਧਰਮਗੜ੍ਹ ਆਦਿ ਵਿਚ ਇੰਟਰਨੈੱਟ ਦੀ ਰੇਂਜ ਆ ਰਹੀ ਹੈ, ਜਦਕਿ ਲਾਲੜੂ ਵਿੱਚ ਇੰਟਰਨੈੱਟ ਪੂਰਨ ਤੌਰ ਉਤੇ ਬੰਦ ਹੈ। ਲਾਲੜੂ ਖੇਤਰ ਦੇ ਲੋਕ ਪਿੰਡ ਮਗਰਾ ਨੇੜੇ ਪੈਂਦੀ ਨਦੀ ਤੇ ਧਰਮਗੜ੍ਹ ਦੇ ਖੇਤਾਂ ਵਿੱਚ ਇੰਟਰਨੈੱਟ ਚਲਾ ਰਹੇ ਨੇ।
ਇੱਥੇ ਇਹ ਦੱਸਣਾ ਬਣਦਾ ਹੈ, ਕਿ ਕਿਸਾਨਾਂ ਦੇ 13 ਫਰਵਰੀ ਦੇ ਦਿੱਲੀ ਕੂਚ ਦੇ ਚੱਲਦਿਆਂ ਸੰਭੂ ਬੈਰੀਅਰ ਦੇ ਨਾਲ ਲਾਲੜੂ-ਝਾਰਮੜੀ ਬੈਰੀਅਰ ਨੂੰ ਵੀ ਬੰਦ ਕੀਤਾ ਹੋਇਆ ਹੈ।ਝਾਰਮੜੀ ਬੈਰੀਅਰ ਲਾਲੜੂ ਦੇ ਨੇੜੇ ਹੋਣ ਕਾਰਨ ਇੱਥੇ 11ਫਰਵਰੀ ਤੋਂ ਹੀ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਸੀ, ਪਰ ਕਿਸਾਨਾਂ ਦਾ ਸਾਰਾ ਰੁੱਖ ਸੰਭੂ ਬੈਰੀਅਰ ਵੱਲ ਹੋਣ ਦੇ ਬਾਵਜੂਦ ਇਸ ਖੇਤਰ ਵਿੱਚ ਇੰਟਰਨੈੱਟ ਬੰਦਿਸ਼ ਬਰਕਰਾਰ ਹੈ, ਜਦਕਿ ਇਹ ਬੈਰੀਅਰ ਤੇ ਖੇਤਰ ਪੂਰੀ ਤਰ੍ਹਾਂ ਸ਼ਾਂਤ ਹੈ।ਹੈਰਾਨੀ ਦੀ ਗੱਲ ਇਹ ਹੈ ਕਿ ਇਸ ਖੇਤਰ ਵਿੱਚ ਚੋਣਵੀਆਂ ਥਾਵਾਂ ਉਤੇ ਇੰਟਰਨੈਟ ਦੀ ਸਹੂਲਤ ਜਾਰੀ ਵੀ ਹੈ।ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਬੱਚਿਆਂ ਦੇ ਇੰਟਰਨੈੱਟ ਵਰਤਣ ਲਈ ਬਾਹਰ ਜਾਣ ਸਮੇਂ ਉਨ੍ਹਾਂ ਦੀ ਜਾਨ ਮੁੱਠੀ ਵਿੱਚ ਆ ਜਾਂਦੀ ਹੈ,ਕਿਉਂਕਿ ਇੱਕ ਥਾਈਂ ਇਕੱਠੇ ਹੋਣ ਤੇ ਦੂਰ ਜਾਣ ਸਮੇਂ ਕਿਸੇ ਹਾਦਸੇ ਜਾਂ ਲੜਾਈ-ਝਗੜੇ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਕਰੋਨਾ ਤੋਂ ਬਾਅਦ ਬੱਚਿਆਂ ਦੀ ਪੜ੍ਹਾਈ ਦੇ ਵਧੇਰੇ ਤਰੀਕੇ ਆਨ ਲਾਈਨ ਹੋ ਗਏ ਹਨ ਤੇ ਬੱਚਿਆਂ ਨੇ ਪਿਛਲੇ ਸਾਰਾ ਸਾਲ ਆਨਲਾਈਨ ਸਿਲੇਬਸ ਰਾਹੀਂ ਪੜ੍ਹਾਈ ਕੀਤੀ ਹੈ ਪਰ ਹੁਣ ਪੇਪਰਾਂ ਦੇ ਟਾਈਮ ਇੰਟਰਨੈੱਟ ਬੰਦ ਹੋ ਗਿਆ ਹੈ,ਜਿਸ ਦੇ ਚੱਲਦਿਆਂ ਹੁਣ ਉਨ੍ਹਾਂ ਨੂੰ ਮੁੜ ਆਫਲਾਈਨ ਪੜ੍ਹਾਈ ਕਰਨੀ ਪੈ ਰਹੀ ਹੈ।ਪੇਪਰਾਂ ਦੇ ਬਿਲਕੁਲ ਨੇੜੇ ਆਉਣ ਕਾਰਨ ਉਨ੍ਹਾਂ ਨੂੰ ਵੱਡੀਆਂ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ।ਇਸੇ ਤਰ੍ਹਾਂ ਇੰਟਰਨੈੱਟ ਨਾਲ ਜੁੜੇ ਕਾਰੋਬਾਰ ਵੀ ਬਿਲਕੁਲ ਠੱਪ ਹੋ ਕੇ ਰਹਿ ਗਏ ਹਨ।ਕਾਰੋਬਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਇੰਟਰਨੈੱਟ ਤੋਂ ਇਲਾਵਾ ਘਰਾਂ ਚ ਲੱਗੇ ਤਾਰ ਵਾਰੇ ਬਰਾਡਬੈਂਡ ਵਾਈ -ਫਾਈ ਕੁਨੈਕਸ਼ਨਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।
ਜਾਗਰੂਕ ਵਰਗ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਉਹ ਇੱਕ ਦਿਨ ਵੀ ਮੋਬਾਈਲ ਦਾ ਰਿਚਾਰਜ ਕਰਵਾਉਣ ਵਿੱਚ ਲੇਟ ਹੋ ਜਾਣ ਤਾਂ ਕੰਪਨੀਆਂ ਉਨ੍ਹਾਂ ਦੀਆਂ ਸਾਰੀਆਂ ਸੇਵਾਵਾਂ ਬੰਦ ਕਰ ਦਿੰਦੀਆਂ ਹਨ, ਪਰ ਹੁਣ ਪਿਛਲੇ ਕਰੀਬ ਇੱਕ ਹਫਤੇ ਤੋਂ ਇੰਟਰਨੈੱਟ ਬੰਦ ਹੋਣ ਦੇ ਮਾਮਲੇ ਵਿਚ ਸ਼ਾਇਦ ਇਹ ਕੰਪਨੀਆਂ ਚੁੱਪੀ ਹੀ ਵੱਟ ਜਾਣ।ਇਸੇ ਦੌਰਾਨ ਜਦੋਂ ਇਹ ਮਾਮਲਾ ਡੇਰਾਬੱਸੀ ਦੇ ਐਸਡੀਐਮ ਹਿਮਾਂਸੂ ਗੁਪਤਾ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਰਕਾਰੀ ਵਿਭਾਗ ਵੀ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ ਤੇ ਬਹੁਤ ਥਾਈਂ ਲਗਾਏ ਜਾ ਰਹੇ ਕੈਂਪਾਂ ਵਿੱਚ ਇੰਟਰਨੈੱਟ ਬੰਦ ਹੋਣ ਕਾਰਨ ਕੰਮ ਰੁਕ ਰਹੇ ਹਨ।ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਦਫਤਰ ਵੱਲੋਂ ਇਹ ਮਾਮਲਾ ਮੁੱਖ ਸਕੱਤਰ ਪੰਜਾਬ ਦੇ ਧਿਆਨ ਵਿੱਚ ਲਿਆਉਣ ਤੋਂ ਇਲਾਵਾ ਖੁਦ ਵੀ ਆਪਣੇ ਪੱਧਰ ਉਤੇ ਇੰਟਰਨੈੱਟ ਚਲਾਉਣ ਲਈ ਕੇਂਦਰ ਸਰਕਾਰ ਨਾਲ ਤਾਲਮੇਲ ਜਾਰੀ ਹੈ।