ਪੰਜਾਬ ਸੋਸ਼ਲਿਸਟ ਅਲਾਇੰਸ ਵੱਲੋਂ 10 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
ਅਸ਼ੋਕ ਵਰਮਾ
ਬਠਿੰਡਾ,10ਅਪਰੈਲ 2024: ਪੰਜਾਬ ਦੀਆਂ ਤਿੰਨ ਕ੍ਰਾਂਤੀਕਾਰੀ ਵਿਚਾਰਧਾਰਾਵਾਂ ਸਿੱਖ ਫਲਸਫਾ, ਅੰਬੇਦਕਰਵਾਦੀ ਅਤੇ ਮਾਰਕਸਵਾਦੀ ਵਿਚਾਰਧਾਰਾ ਤੇ ਅਧਾਰਿਤ ਜਥੇਬੰਦੀਆਂ ਵੱਲੋਂ ਮਿਲ ਕੇ ਬਣਾਏ ਪੰਜਾਬ ਸੋਸ਼ਲਿਸਟ ਅਲਾਇੰਸ (ਪੀ.ਐਸ.ਏ) ਨੇ ਅੱਜ ਬਠਿੰਡਾ ਦੇ ਟੀਚਰਜ਼ ਹੋਮ ਵਿੱਚ ਭਰਵੀਂ ਕਾਨਫਰੰਸ ਤੋ ਬਾਅਦ ਲੋਕ ਸਭਾ ਚੋਣਾਂ ਲਈ ਆਪਣੇ 10 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਇਸ ਅਲਾਇੰਸ ਦੇ ਵਿੱਚ ਬਹੁਜਨ ਮੁਕਤੀ ਪਾਰਟੀ, ਰੈਵੋਲਿਊਸਨਰੀ ਸੋਸ਼ਲਿਸਟ ਪਾਰਟੀ (ਆਰ.ਐਸ.ਪੀ),ਸ਼ਰੋਮਣੀ ਅਕਾਲੀ ਦਲ ਫ਼ਤਹਿ, ਮਜ਼ਦੂਰ ਮੁਕਤੀ ਮੋਰਚਾ ਪੰਜਾਬ, ਭਾਰਤ ਮੁਕਤੀ ਮੋਰਚਾ ਪੰਜਾਬ, ਲੋਕ ਰਾਜ ਪਾਰਟੀ, ਰਾਸ਼ਟਰੀ ਕ੍ਰਾਂਤੀ ਪਾਰਟੀ ਅੰਬੇਦਕਰਵਾਦੀ,ਬਹੁਜਨ ਮੁਕਤੀ ਪਾਰਟੀ ਚੰਡੀਗੜ੍ਹ ,ਰਾਸ਼ਟਰੀ ਪਿਛੜਾ ਵਰਗ ਮੋਰਚਾ ਪੰਜਾਬ,ਆਪਣਾ ਸਮਾਜ ਪਾਰਟੀ, 11 ਨਿਹੰਗ ਸਿੰਘ ਜਥੇਬੰਦੀਆਂ , ਸੰਵਿਧਾਨ ਬਚਾਓ ਦੇਸ਼ ਬਚਾਓ ਸੰਘਰਸ਼ ਸਮਿਤੀ, ਰਾਸ਼ਟਰੀ ਕਿਸਾਨ ਮੋਰਚਾ ਪੰਜਾਬ, ਬਹੁਜਨ ਮੁਕਤੀ ਮੋਰਚਾ ਚੰਡੀਗੜ੍ਹ ਆਦਿ ਸਮਾਜਿਕ ਤੇ ਰਾਜਨੀਤਿਕ ਸੰਗਠਨ ਸ਼ਾਮਿਲ ਹਨ।
ਪੰਜਾਬ ਸੋਸ਼ਲਿਸਟ ਅਲਾਇੰਸ ਦੇ ਚੇਅਰਮੈਨ ਕੁਲਦੀਪ ਸਿੰਘ ਈਸਾਪੁਰੀ ਅਤੇ ਪ੍ਰਧਾਨ ਹਰਬੰਸ ਸਿੰਘ ਮਾਂਗਟ ਨੇ ਦੱਸਿਆ ਕਿ ਬਠਿੰਡਾ ਤੋਂ ਮਜ਼ਦੂਰ ਮੁਕਤੀ ਮੋਰਚਾ ਦੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਸਮਾਓਂ , ਫਰੀਦਕੋਟ ਤੋਂ ਬਹੁਜਨ ਮੁਕਤੀ ਪਾਰਟੀ ਦੇ ਪ੍ਰੀਤਮ ਸਿੰਘ ਰਿਟਾਇਰਡ ਜੇ ਈ , ਸੰਗਰੂਰ ਲੋਕ ਸਭਾ ਹਲਕੇ ਤੋਂ ਸੰਵਿਧਾਨ ਬਚਾਓ ਦੇਸ਼ ਬਚਾਓ ਸੰਘਰਸ਼ ਸਮਿਤੀ ਦੇ ਜਸਵੰਤ ਸਿੰਘ ਲਾਡ ਬਨਜਾਰਾ , ਅੰਮ੍ਰਿਤਸਰ ਤੋਂ ਬਹੁਜਨ ਮੁਕਤੀ ਪਾਰਟੀ ਦੇ ਲਛਮਣ ਸਿੰਘ , ਅਨੰਦਪੁਰ ਸਾਹਿਬ ਤੋਂ ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਜਸਵੀਰ ਸਿੰਘ ਖਾਲਸਾ , ਫਤਿਹਗੜ੍ਹ ਸਾਹਿਬ ਤੋਂ ਲੋਕ ਰਾਜ ਪਾਰਟੀ ਦੇ ਬਲਕਾਰ ਸਿੰਘ ਮੰਗਲੀ , ਗੁਰਦਾਸਪੁਰ ਤੋਂ ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਦੇ ਡਾ ਸ਼ੈਲੇਂਦਰ ਸਿੰਘ ਸ਼ੈਲੀ ,ਜਲੰਧਰ ਤੋਂ ਫਿਰੋਜ਼ਪੁਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ , ਲੁਧਿਆਣਾ ਤੋ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਕਿਰਪਾਲ ਸਿੰਘ ,ਜਲੰਧਰ ਤੋ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਹਰਚੰਦ ਸਿੰਘ ਖ਼ਾਲਸਾ ਉਮੀਦਵਾਰ ਹੋਣਗੇ।
ਉਨ੍ਹਾਂ ਦੱਸਿਆ ਕਿ ਬਾਕੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਜਲਦ ਕੀਤਾ ਜਾਵੇਗਾ। ਇਸ ਮੌਕੇ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਹੋਇਆਂ ਕੁਲਦੀਪ ਸਿੰਘ ਇਸਾਪੁਰੀ,ਭਗਵੰਤ ਸਿੰਘ ਸਮਾਓ, ਹਰਬੰਸ ਸਿੰਘ ਮਾਂਗਟ ,ਜਸਕਰਨ ਸਿੰਘ ਕਾਹਨ ਸਿੰਘ ਵਾਲਾ , ਸ਼ਾਮ ਲਾਲ ਭੰਗੀ ,ਕਰਨੈਲ ਸਿੰਘ ਇਕੋਲਾਹਾ,ਬਲਕਾਰ ਸਿੰਘ ਮੰਗਲੀ ਨੇ ਕਿਹਾ ਕਿ ਪੰਜਾਬ ਸੋਸ਼ਲਿਸਟ ਅਲਾਇੰਸ ਭਾਰਤੀ ਪਾਰਲੀਮੈਂਟਰੀ ਜਮਹੂਰੀਅਤ ਦੇ ਹੁਣ ਤੱਕ ਦੇ ਇਤਿਹਾਸ ਵਿੱਚ ਜਿੰਨੀਆਂ ਵੀ ਕੇਂਦਰੀ ਅਤੇ ਸੂਬਾਈ ਸਰਕਾਰਾਂ ਚੁਣੀਆਂ ਉਹ ਸਿਰਫ ਚਿਹਰਿਆਂ ਦੀ ਤਬਦੀਲੀ ਸਨ ਜੋਕਿ ਸਮਾਜ ਨਾਲ ਸਿਧਾ ਧੋਖਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਕਿਸੇ ਵੀ ਸਰਕਾਰ ਨੇ ਕਿਰਤ ਕਰਨ ਵਾਲੇ ਭਾਈ ਲਾਲੋਆਂ ਦੇ ਖਿਲਾਫ ਉਸਰੇ ਸਾਡੇ ਆਰਥਿਕ ਅਤੇ ਸਮਾਜਿਕ ਨਿਜ਼ਾਮ ਦੇ ਖਿਲਾਫ ਹੁਣ ਤੱਕ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸੋਸ਼ਲਿਸਟ ਅਲਾਇੰਸ ਸਿਰਫ਼ ਚੇਹਰੇ ਬਦਲਣ ਦੀ ਡਰਾਮੇਬਾਜ਼ੀ ਕਰਨ ਵਾਸਤੇ ਸਿਆਸੀ ਰੰਗਮੰਚ ਉੱਤੇ ਹਾਜ਼ਰ ਨਹੀਂ ਹੋਇਆ ਸਗੋਂ ਇਹ ਕਿਰਤ ਕਰਨ ਵਾਲੇ ਭਾਈ ਲਾਲੋਆਂ ਦੀ ਹਕੂਮਤ ਕਾਇਮ ਕਰਨ ਲਈ ਬਣਿਆ ਹੈ। ਪੰਜਾਬ ਸੋਸ਼ਲਿਸਟ ਅਲਾਇੰਸ ਸਾਰੇ ਮਹੱਤਵਪੂਰਨ ਮਸਲਿਆਂ ਉੱਤੇ ਫੈਸਲੇ ਲੈਣ ਸਮੇਂ ਰਿਫਰੈਂਡਮ ਰਾਹੀਂ ਦੇਸ਼ ਦੀ ਜਨਤਾ ਨੂੰ ਫ਼ੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਸ਼ਾਮਲ ਕਰੇਗਾ। ਪੀ ਐਸ ਏ ਪਾਕਿਸਤਾਨ ਨਾਲ ਲੱਗਦੀ ਸਰਹੱਦ ਨੂੰ ਕੌਮਾਂਤਰੀ ਵਪਾਰ ਲਈ ਖੋਲੇਗਾ, ਜਿਸ ਨਾਲ ਪੰਜਾਬ ਸਮੇਤ ਉੱਤਰੀ ਭਾਰਤ ਦੇ ਸਾਰੇ ਸੂਬਿਆਂ ਨੂੰ ਹੀ ਲਾਭ ਪਹੁੰਚੇਗਾ।ਆਗੂਆਂ ਨੇ ਅੱਗੇ ਕਿਹਾ ਕਿ ਦੇਸ਼ ਅੰਦਰ ਭ੍ਰਿਸ਼ਟਾਚਾਰ, ਚੋਰ ਬਜ਼ਾਰੀ ਅਤੇ ਨਸ਼ਿਆਂ ਦੀ ਸਮੱਗਲਿੰਗ ਵਰਗੀਆਂ ਬੀਮਾਰੀਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਪੀ ਐਸ ਏ ਨਗਦ ਕਰੰਸੀ ਨੂੰ ਖ਼ਤਮ ਕਰ ਕੇ ਕੈਸ਼ ਲੈੱਸ ਆਰਥਿਕਤਾ ਉਸਾਰੇਗਾ।
ਉਨ੍ਹਾਂ ਕਿਹਾ ਕਿ ਇੰਜ ਕਰਨ ਨਾਲ ਜਮਾਂਖੋਰਾਂ ਕੋਲ ਛੁਪਾਕੇ ਰੱਖਿਆ ਹੋਇਆ ਧਨ ਮਾਰਕੀਟ ਵਿੱਚ ਆਵੇਗਾ ਔਰ ਟੈਕਸ ਵਸੂਲੀ ਰਾਹੀਂ ਸਰਕਾਰ ਦੀ ਆਮਦਨ ਵਿੱਚ ਅਥਾਹ ਵਾਧਾ ਹੋਵੇਗਾ। ਇਸ ਸਰਕਾਰੀ ਆਮਦਨ ਨੂੰ ਸਭ ਤੋਂ ਪਹਿਲਾਂ ਕਿਰਤੀ ਲੋਕਾਂ ਦੇ ਕਰਜ਼ੇ ਮੁਆਫ਼ ਕਰਨ ਲਈ ਵਰਤਿਆ ਜਾਵੇਗਾ।ਪੀ ਐਸ ਏ ਹਰ ਇੱਕ ਨਾਗਰਿਕ ਲਈ ਮਿੰਨੀਮਮ ਇਨਕਮ ਗਰੰਟੀ ਦੀ ਯੋਜਨਾ ਲਾਗੂ ਕਰੇਗਾ ਅਤੇ ਇਹ ਆਮਦਨ ਲੋੜਵੰਦਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਜਮਾਂ ਕਰਵਾਈ ਜਾਵੇਗੀ। ਪੀ ਐਸ ਏ ਬੇਜ਼ਮੀਨੇ ਮਜ਼ਦੂਰਾਂ ਲਈ ਲੈਂਡ ਬੈਂਕ ਬਣਾਵੇਗਾ ਅਤੇ ਪਸ਼ੂ ਪਾਲਣ ਨੂੰ ਮਨਰੇਗਾ ਨਾਲ ਜੋੜੇਗਾ। ਇੰਝ ਕਰਨ ਨਾਲ ਪਸ਼ੂ ਪਾਲਣ ਦੇ ਖੇਤਰ ਵਿੱਚ ਪਿੰਡਾਂ ਦੇ ਬੇਜ਼ਮੀਨੇ ਮਜ਼ਦੂਰਾਂ ਲਈ ਰੋਜ਼ਗਾਰ ਦੇ ਅਥਾਹ ਮੌਕੇ ਪੈਦਾ ਹੋਣਗੇ। ਪੀ ਐਸ ਏ ਐਜ਼ੂਕੇਸ਼ਨ ਮਾਫੀਆ ਦੇ ਖਾਤਮੇ ਲਈ ਆਨਲਾਈਨ ਐਜ਼ੂਕੇਸ਼ਨ ਨੂੰ ਮਾਨਤਾ ਦੇਵੇਗਾ ਅਤੇ ਆਪਣੇ ਨਾਗਰਿਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਲਈ ਐਲੋਪੈਥੀ ਦੇ ਨਾਲ ਨਾਲ ਹੋਮੀਓਪੈਥੀ ਅਤੇ ਆਯੁਰਵੈਦ ਨੂੰ ਵੀ ਪ੍ਰਮੁੱਖ ਸਥਾਨ ਦੇਵੇਗਾ।