ਰਾਤ ਭਾਵੇਂ ਜਿੰਨੀ ਮਰਜ਼ੀ ਲੰਬੀ ਹੋਵੇ, ਸੱਚ ਦਾ ਸੂਰਜ ਹਮੇਸ਼ਾ ਚੜ੍ਹਦਾ ਹੈ, 2022 'ਚ ਜਨਤਾ ਨੇ ਚੜ੍ਹਾਇਆ ਸੀ ਸੱਚ ਦਾ ਸੂਰਜ - CM ਮਾਨ
....ਮੈਨੂੰ ਪੂਰਾ ਭਰੋਸਾ ਹੈ ਕਿ ਤੁਸੀਂ ਇਸ ਵਾਰ ਗੁਰਪ੍ਰੀਤ ਜੀ.ਪੀ ਨੂੰ ਭਾਰੀ ਵੋਟਾਂ ਨਾਲ ਜਿੱਤਾ ਕੇ ਪੰਜਾਬ ਦੀ ਅਵਾਜ਼ ਕਰੋਗੇ ਬੁਲੰਦ: ਮੁੱਖ ਮੰਤਰੀ ਮਾਨ
...ਮਾਨ ਦਾ ਅਕਾਲੀ ਦਲ 'ਤੇ ਹਮਲਾ - ਮੈਂ ਰੇਤ ਦੀਆਂ ਖੱਡਾਂ ਅਤੇ ਢਾਬਿਆਂ 'ਚ ਹਿੱਸੇਦਾਰੀ ਖ਼ਰੀਦਣ ਲਈ ਪੰਜਾਬ ਦੀ ਨਹੀਂ ਵੇਚੀ ਜਨਤਕ ਜਾਇਦਾਦ, ਮੈਂ ਪੰਜਾਬ ਨੂੰ ਮੁਫ਼ਤ ਬਿਜਲੀ ਦੇਣ ਲਈ ਖ਼ਰੀਦਿਆ ਥਰਮਲ ਪਾਵਰ ਪਲਾਂਟ
....ਪੰਜਾਬ ਦੇ ਨੌਜਵਾਨਾਂ ਨੂੰ ਸਿਰਫ਼ ਦੋ ਸਾਲਾਂ 'ਚ ਦਿੱਤੀਆਂ 43,000 ਸਰਕਾਰੀ ਨੌਕਰੀਆਂ, ਪੰਜਾਬ ਦੇ ਨੌਜਵਾਨਾਂ ਨੂੰ ਮਿਲ ਰਹੀਆਂ ਹਨ ਨੌਕਰੀਆਂ ਅਤੇ ਕੰਮ ਦੇ ਮੌਕੇ, ਹੁਣ ਉਨ੍ਹਾਂ ਨੂੰ ਵਿਦੇਸ਼ ਜਾਣ ਦੀ ਲੋੜ ਨਹੀਂ - ਭਗਵੰਤ ਮਾਨ
ਚੰਡੀਗੜ੍ਹ/ ਸ਼੍ਰੀ ਫ਼ਤਿਹਗੜ੍ਹ ਸਾਹਿਬ, 19 ਅਪ੍ਰੈਲ 2024 - ਪੰਜਾਬ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੋਂ ਆਮ ਆਦਮੀ ਪਾਰਟੀ (ਆਪ) ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਮਾਨ ਨੇ ਸ਼ਹਿਰ ਵਿੱਚ ਭਾਰੀ ਬਰਸਾਤ ਅਤੇ ਗੜੇਮਾਰੀ ਦੇ ਬਾਵਜੂਦ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਵਲੰਟੀਅਰਾਂ ਨੂੰ ਮਿਲਣ ਅਤੇ ਇੱਥੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕੀਤੇ ਬਿਨਾ ਨਹੀਂ ਜਾਣਗੇ।
ਮਾਨ ਨੇ ਕਿਹਾ ਕਿ ਉਹ ਥੋੜ੍ਹੀ ਜਿਹੀ ਬਰਸਾਤ ਜਾਂ ਗੜੇਮਾਰੀ ਤੋਂ ਬਿਲਕੁਲ ਵੀ ਨਹੀਂ ਡਰਦੇ ਹਨ, ਉਨ੍ਹਾਂ ਨੇ ਕਈ ਝੱਖੜਾਂ ਦਾ ਸਾਹਮਣਾ ਕੀਤਾ ਹੈ, ਪਰ ਉਹ ਜਾਣਦੇ ਹਨ ਕਿ ਇਸ ਸਮੇਂ ਪੰਜਾਬ ਵਿੱਚ ਕਣਕ ਦੀ ਵਾਢੀ ਲਈ ਮੀਂਹ ਠੀਕ ਨਹੀਂ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਕਿਸੇ ਵੀ ਗੱਲ ਦੀ ਚਿੰਤਾ ਨਾ ਕਰਨ, ਉਹ ਉਨ੍ਹਾਂ ਦੇ ਨਾਲ ਹਨ, ਉਹ (ਆਪ) ਸਰਕਾਰ ਇਨ੍ਹਾਂ ਬਰਸਾਤਾਂ ਕਾਰਨ ਕਿਸਾਨਾਂ ਨੂੰ ਹੋਣ ਵਾਲੇ ਹਰ ਨੁਕਸਾਨ ਦੀ ਭਰਪਾਈ ਕਰੇਗੀ। ਉਨ੍ਹਾਂ ਨੇ ਕਿਹਾ ਬੱਦਲ ਅਤੇ ਤੂਫ਼ਾਨ ਲੰਘ ਜਾਂਦੇ ਹਨ ਅਤੇ ਸੂਰਜ ਦੁਬਾਰਾ ਚਮਕਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਆਮ ਆਦਮੀ ਪਾਰਟੀ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੋਂ ਕਰ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਆਪ’ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ ਨੂੰ ਵੋਟਾਂ ਪਾ ਕੇ ਸਾਡੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਵਿੱਚ ਆਪਣੀ ਆਵਾਜ਼ ਵਜੋਂ ਸੰਸਦ ਵਿੱਚ ਭੇਜਣ।
ਇਸ ਮੌਕੇ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਕੁਝ ਕੰਮ ਅਜਿਹੇ ਹੁੰਦੇ ਹਨ ਜੋ ਮਨੁੱਖ ਕਰਦਾ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਉਸ ਦੇ ਜੀਵਨ ਦਾ ਟੀਚਾ ਪੂਰਾ ਹੋ ਗਿਆ ਹੈ ਅਤੇ ਉਹ ਹੋਰ ਕੁਝ ਨਹੀਂ ਮੰਗ ਸਕਦਾ। 27 ਦਸੰਬਰ 2018 ਨੂੰ ਮੇਰੇ ਨਾਲ ਵੀ ਅਜਿਹਾ ਹੀ ਹੋਇਆ, ਮੈਂ ਉਸ ਸਮੇਂ ਦੀ ਸਪੀਕਰ ਸੁਮਿੱਤਰਾ ਮਹਾਜਨ ਜੀ ਨੂੰ ਕਿਹਾ ਕਿ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਂਟ ਕਰਨੀ ਚਾਹੀਦੀ ਹੈ ਕਿਉਂਕਿ ਦਸੰਬਰ ਦਾ ਆਖ਼ਰੀ ਹਫ਼ਤਾ ਸਾਹਿਬਜ਼ਾਦਿਆਂ ਦਾ ਸ਼ਹੀਦੀ ਹਫ਼ਤਾ ਹੁੰਦਾ ਹੈ। ਉਨ੍ਹਾਂ ਨੇ ਮੇਰੇ ਤੋਂ ਲਿਖਤੀ ਪ੍ਰਸਤਾਵ ਮੰਗਿਆ ਅਤੇ ਮੈਂ ਉਨ੍ਹਾਂ ਨੂੰ ਸੌਂਪ ਦਿੱਤਾ। 27 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਂਟ ਕਰਕੇ ਸਦਨ ਦੀ ਕਾਰਵਾਈ ਸ਼ੁਰੂ ਕੀਤੀ ਗਈ। ਇਹ ਇੱਕ ਇਤਿਹਾਸਕ ਦਿਨ ਸੀ ਜੋ ਕਿ ਹੁਣ ਰਿਕਾਰਡ 'ਤੇ ਹੈ। ਹੁਣ ਹਰ ਸਾਲ 27 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਂਟ ਕਰਕੇ ਸੰਸਦ ਵਿੱਚ ਕੰਮ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਅਖੌਤੀ ਪੰਥਕ ਧਿਰਾਂ ਦੇ ਆਗੂਆਂ ਨੇ ਕਦੇ ਵੀ ਸੰਸਦ ਨੂੰ ਸਾਡੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣ ਲਈ ਨਹੀਂ ਕਿਹਾ, ਕਿਉਂਕਿ ਜਾਂ ਤਾਂ ਉਹ ਚੁਣੇ ਜਾਣ ਤੋਂ ਬਾਅਦ ਪਾਰਲੀਮੈਂਟ ਵਿੱਚ ਨਹੀਂ ਜਾਂਦੇ ਜਾਂ ਫਿਰ ਆਪਣੇ ਨਿੱਜੀ ਹਿੱਤਾਂ ਲਈ ਉੱਥੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਮੈਂ ਅੱਜ 43000 ਨੌਜਵਾਨਾਂ ਨੂੰ ਸਰਕਾਰ ਨੌਕਰੀ ਦੇਣ ਤੋਂ ਬਾਅਦ ਲੋਕਾਂ ਸਾਹਮਣੇ ਖੜ੍ਹਾ ਹਾਂ, ਉਹ ਵੀ ਬਿਨਾਂ ਕਿਸੇ ਰਿਸ਼ਵਤ ਜਾਂ ਸਿਫ਼ਾਰਿਸ਼ ਦੇ। ਅੱਜ ਪੰਜਾਬ ਦੇ 90% ਤੋਂ ਵੱਧ ਘਰਾਂ ਦਾ ਜ਼ੀਰੋ ਬਿਜਲੀ ਦਾ ਬਿਲ ਆ ਰਿਹਾ ਹੈ। ਅਸੀਂ ਵਿਸ਼ਵ ਪੱਧਰੀ ਸਰਕਾਰੀ ਸਕੂਲ ਬਣਾਏ, ਸਰਕਾਰੀ ਹਸਪਤਾਲਾਂ ਦੀ ਹਾਲਤ ਸੁਧਾਰੀ, ਉੱਥੇ ਦਵਾਈ ਉਪਲਬਧ ਕਰਵਾਈ ਅਤੇ ਆਮ ਆਦਮੀ ਕਲੀਨਿਕ ਖੋਲ੍ਹੇ। ਮੈਂ ਟਰਾਂਸਪੋਰਟ, ਰੇਤ ਦੀਆਂ ਖ਼ਾਨਾਂ ਅਤੇ ਢਾਬਿਆਂ ਵਿੱਚ ਹਿੱਸੇਦਾਰੀ ਪਾਣ ਲਈ ਪੰਜਾਬ ਦੀਆਂ ਜਨਤਕ ਜਾਇਦਾਦਾਂ ਨਹੀਂ ਵੇਚੀਆਂ, ਮੈਂ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਲਈ ਇੱਕ ਥਰਮਲ ਪਾਵਰ ਪਲਾਂਟ ਖ਼ਰੀਦਿਆ ਹੈ। ਮੈਂ ਇੱਕ ਸਫਲ ਕਲਾਕਾਰ ਸੀ, ਜੇ ਮੈਨੂੰ ਸਿਰਫ਼ ਪੈਸਾ ਚਾਹੀਦਾ ਹੁੰਦਾ, ਤਾਂ ਮੈਂ ਮਨੋਰੰਜਨ ਦੇ ਖੇਤਰ ਵਿੱਚ ਇਸ ਤੋਂ ਬਹੁਤ ਜ਼ਿਆਦਾ ਕਮਾ ਸਕਦਾ ਸੀ। ਅਸੀਂ ਹਰ ਖੇਤ ਨੂੰ ਨਹਿਰੀ ਪਾਣੀ ਦੇਣ ਲਈ ਨਵੀਆਂ ਨਹਿਰਾਂ ਬਣਾ ਰਹੇ ਹਾਂ ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ। ਪੰਜਾਬ ਦੇ ਕੋਨੇ-ਕੋਨੇ ਵਿੱਚ ਨਹਿਰੀ ਪਾਣੀ ਪਹੁੰਚ ਰਿਹਾ ਹੈ, ਕਈ ਥਾਵਾਂ 'ਤੇ 30 ਸਾਲਾਂ ਬਾਅਦ ਸਿੰਚਾਈ ਦਾ ਪਾਣੀ ਉਪਲਬਧ ਕਰਵਾਇਆ ਗਿਆ। ਪੰਜਾਬ ਵਿੱਚ ਸਾਡੀ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਹੈ, ਲੋਕਾਂ ਨੂੰ ਘਰ-ਘਰ ਰਾਸ਼ਨ ਅਤੇ ਸਰਕਾਰੀ ਸੇਵਾਵਾਂ ਮਿਲ ਰਹੀਆਂ ਹਨ। ਅਸੀਂ ਆਪਣੇ ਬਜ਼ੁਰਗਾਂ ਲਈ ਮੁਫ਼ਤ ਤੀਰਥ ਯਾਤਰਾ ਸਕੀਮ ਸ਼ੁਰੂ ਕੀਤੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਉਹ ਸਿਰਫ਼ ਉਨ੍ਹਾਂ ਫਾਈਲਾਂ 'ਤੇ ਦਸਤਖ਼ਤ ਕਰਦੇ ਹਨ ਜਿਸ ਵਿੱਚ ਲੋਕ-ਪੱਖੀ ਅਤੇ ਪੰਜਾਬ ਪੱਖੀ ਫ਼ੈਸਲੇ ਹੁੰਦੇ ਹਨ। ਮੈਂ ਕਿਸੇ ਵੀ ਫਾਈਲ 'ਤੇ ਦਸਤਖ਼ਤ ਕਰਨ ਤੋਂ ਪਹਿਲਾਂ ਆਪਣੇ ਵਲੰਟੀਅਰਾਂ ਬਾਰੇ ਸੋਚਦਾ ਹਾਂ ਕਿਉਂਕਿ ਇਹ ਉਹ ਹਨ ਜੋ ਰੋਜ਼ਾਨਾ ਲੋਕਾਂ ਦਾ ਸਾਹਮਣਾ ਕਰਦੇ ਹਨ। ਹੁਣ ਉਹ ਸਾਡੀ ਸਰਕਾਰ ਦੇ ਹਰ ਫ਼ੈਸਲੇ ਅਤੇ ਕੰਮ ਦੀ ਗੱਲ ਬੜੇ ਮਾਣ ਨਾਲ ਕਰਦੇ ਹਨ। ਉਨ੍ਹਾਂ ਕਿਹਾ ਕਿ ਹੁਣ ਸਾਡੇ ਨੌਜਵਾਨਾਂ ਨੂੰ ਪੰਜਾਬ ਵਿੱਚ ਨੌਕਰੀਆਂ ਮਿਲ ਰਹੀਆਂ ਹਨ ਅਤੇ ਉਨ੍ਹਾਂ ਨੂੰ ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਜਾਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਮਨੋਰੰਜਨ ਦੇ ਖੇਤਰ ਵਿੱਚ ਸਨ ਤਾਂ ਉਨ੍ਹਾਂ ਨੇ ਦੁਨੀਆ ਦੀ ਯਾਤਰਾ ਕੀਤੀ ਹੈ ਪਰ ਪੰਜਾਬ ਦੀ ਧਰਤੀ ਅਤੇ ਮੌਸਮ ਸਭ ਤੋਂ ਵਧੀਆ ਹੈ, ਸਾਡੇ ਲੋਕ ਦੁਨੀਆ ਦੇ ਸਭ ਤੋਂ ਵੱਧ ਮਿਹਨਤੀ ਲੋਕ ਹਨ, ਉਹ ਕਿਤੇ ਵੀ ਅਤੇ ਕਿਸੇ ਵੀ ਸਥਿਤੀ ਵਿੱਚ ਕਾਮਯਾਬ ਹੋ ਸਕਦੇ ਹਨ। ਪੰਜਾਬ ਵਿੱਚ ਚਾਵਲ ਅਤੇ ਕਣਕ ਸਬ ਤੋਂ ਵਧ ਪੈਦਾਵਾਰ ਹੁੰਦੀ ਹਾਂ। ਹੁਣ ਸਾਡੇ ਨੌਜਵਾਨਾਂ ਨੂੰ ਪੰਜਾਬ ਵਿੱਚ ਮੌਕੇ ਮਿਲ ਰਹੇ ਹਨ ਅਤੇ ਉਨ੍ਹਾਂ ਨੂੰ ਹੋਰ ਦੇਸ਼ਾਂ ਵਿੱਚ ਜਾਣ ਦੀ ਲੋੜ ਨਹੀਂ ਹੈ। ਅਸੀਂ ਪੰਜਾਬ ਵਿੱਚ ਸਨਾਤਨ ਟੈਕਸਟਾਈਲ, ਹਿੰਦੁਸਤਾਨ ਯੂਨੀਲੀਵਰ ਅਤੇ ਟਾਟਾ ਸਟੀਲ ਵਰਗੇ ਉਦਯੋਗ ਲਿਆ ਰਹੇ ਹਾਂ। ਅਸੀਂ ਆਪਣੀ ਜ਼ਮੀਨ ਅਤੇ ਪਾਣੀ ਨੂੰ ਬਚਾਉਣ ਲਈ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਲਈ ਵੀ ਉਤਸ਼ਾਹਿਤ ਕਰ ਰਹੇ ਹਾਂ। ਅਸੀਂ ਪੰਜਾਬ ਵਿੱਚ ਕਿਸਾਨ ਕੈਚੱਪ ਲਈ ਟਮਾਟਰਾਂ ਦੀ ਕਾਸ਼ਤ ਕਰਾਂਗੇ।
ਉਨ੍ਹਾਂ ਕਿਹਾ ਕਿ ਭਾਜਪਾ ਨੇ ਅਰਵਿੰਦ ਕੇਜਰੀਵਾਲ ਨੂੰ ਇਸ ਲਈ ਗ੍ਰਿਫ਼ਤਾਰ ਕੀਤਾ ਹੈ ਕਿਉਂਕਿ ਉਹ ਇਹ ਭੁਲੇਖੇ ਵਿੱਚ ਹਨ ਕਿ ਉਹ ਆਮ ਆਦਮੀ ਪਾਰਟੀ ਨੂੰ ਰੋਕ ਸਕਦੇ ਹਨ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਦਰਿਆ ਆਪਣਾ ਰਸਤਾ ਖ਼ੁਦ ਬਣਾਉਂਦੇ ਹਨ। ਮੈਂ ਦੋ ਦਿਨ ਪਹਿਲਾਂ ਗੁਜਰਾਤ ਵਿੱਚ ਸੀ, ਉੱਥੇ ‘ਆਪ’ ਦੇ ਹੱਕ ਵਿੱਚ ਲੋਕਾਂ ਦੀ ਸੁਨਾਮੀ ਆਈ ਸੀ। ਅਸਾਮ ਅਤੇ ਕੁਰੂਕਸ਼ੇਤਰ ਵਿੱਚ ਸਾਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਸਿਰਫ਼ ਆਪਣੇ ਨੁਮਾਇੰਦੇ ਚੁਣਨ ਲਈ ਹੀ ਨਹੀਂ ਸਗੋਂ ਸਾਡੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਵੀ ਵੋਟ ਪਾਉਣੀ ਪਵੇਗੀ। 2014 ਵਿੱਚ, ਸ੍ਰੀ ਫ਼ਤਿਹਗੜ੍ਹ ਸਾਹਿਬ ਉਨ੍ਹਾਂ ਚਾਰ ਸੀਟਾਂ ਵਿੱਚੋਂ ਇੱਕ ਸੀ ਜੋ 'ਆਪ' ਨੇ ਜਿੱਤੀ ਸੀ। ਇਸ ਵਾਰ ਫਿਰ 'ਆਪ' ਨੂੰ ਵੋਟ ਪਾਓ। ਪੱਤਰਕਾਰ ਮੈਨੂੰ ਪੁੱਛਦੇ ਹਨ ਕਿ ਅਸੀਂ ਮੋਦੀ ਨੂੰ ਦਿੱਲੀ ਅਤੇ ਪੰਜਾਬ ਵਿੱਚ ਕਿਵੇਂ ਰੋਕਿਆ। ਮੈਂ ਕਿਹਾ ਕਮਲ ਚਿੱਕੜ ਵਿੱਚ ਖਿੜਦਾ ਹੈ, ਅਸੀਂ 'ਝਾੜੂ' ਨਾਲ ਚਿੱਕੜ ਨੂੰ ਸਾਫ਼ ਕਰਦੇ ਹਾਂ, ਇਸ ਲਈ ਦਿੱਲੀ ਅਤੇ ਪੰਜਾਬ ਵਿੱਚ ਕਮਲ ਨਹੀਂ ਖਿੜਿਆ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਉਨ੍ਹਾਂ ਦੇ ਦੋ ਸੰਸਦ ਮੈਂਬਰ ਜਿੱਤੇ ਸਨ ਪਰ ਇਸ ਵਾਰ ਉਨ੍ਹਾਂ ਨੂੰ ਪੰਜਾਬ ਵਿੱਚ ਇਕ ਵੀ ਸੀਟ ਨਹੀਂ ਮਿਲੇਗੀ।
ਉਨ੍ਹਾਂ ਕਿਹਾ ਕਿ ਸਮੱਸਿਆ ਸਿਰਫ਼ ਇਹ ਹੈ ਕਿ ਇਸ ਸਮੇਂ ਉਹ ਇਕੱਲੇ ਹੀ ਕੇਂਦਰ ਸਰਕਾਰ, ਪੰਜਾਬ ਵਿਰੋਧੀ, ਰਾਜਪਾਲ ਵਿਰੁੱਧ ਲੜ ਰਹੇ ਹਨ। 'ਆਪ' ਉਮੀਦਵਾਰਾਂ ਨੂੰ ਸੰਸਦ 'ਚ ਆਪਣਾ ਨੁਮਾਇੰਦਾ ਚੁਣੋ। ਉਹ ਪਾਰਲੀਮੈਂਟ ਵਿੱਚ ਤੁਹਾਡੀ ਆਵਾਜ਼ ਬਣਨਗੇ, ਉੱਥੇ ਪੰਜਾਬ ਦੇ ਹੱਕਾਂ ਦੀ ਰਾਖੀ ਕਰਨਗੇ। ਸਾਨੂੰ ਪੰਜਾਬ ਤੋਂ 13 ਸੰਸਦ ਮੈਂਬਰ ਦਿਓ, ਅਸੀਂ ਦਿੱਲੀ, ਗੁਜਰਾਤ, ਅਸਾਮ ਅਤੇ ਕੁਰੂਕਸ਼ੇਤਰ ਵਿੱਚ ਜਿੱਤਾਂਗੇ। ਸਾਡੇ ਕੋਲ ਪਹਿਲਾਂ ਹੀ 10 ਰਾਜ ਸਭਾ ਮੈਂਬਰ ਹਨ। ਜਦੋਂ ਸੰਸਦ ਵਿੱਚ ਸਾਡੇ ਕੋਲ 30-40 ਸੰਸਦ ਮੈਂਬਰਾਂ ਦੀ ਗਿਣਤੀ ਹੋਵੇਗੀ, ਤਾਂ ਕੋਈ ਵੀ ਸਾਡੀਆਂ ਲੋਕ-ਪੱਖੀ ਨੀਤੀਆਂ ਨੂੰ ਨਹੀਂ ਰੋਕ ਸਕੇਗਾ, ਉਹ ਸਾਡੇ ਫ਼ੰਡਾਂ ਨੂੰ ਰੋਕ ਨਹੀਂ ਸਕਣਗੇ।
ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਸਾਰੇ ਵਿਰੋਧੀਆਂ ਦਾ ਮੁਕਾਬਲਾ ਕਰਨ ਲਈ ਕਾਫ਼ੀ ਹਨ। ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦਾ ਸਮਰਥਨ ਹਾਸਲ ਹੈ। ਲੋਕਾਂ ਨੇ ਉਨ੍ਹਾਂ ਨੂੰ 2022 ਵਿੱਚ ਇਤਿਹਾਸਕ ਫ਼ਤਵਾ ਦਿੱਤਾ ਅਤੇ ‘ਆਪ’ ਦੇ 92 ਵਿਧਾਇਕਾਂ ਨੂੰ ਪੰਜਾਬ ਵਿਧਾਨ ਸਭਾ ਵਿੱਚ ਭੇਜਿਆ। ਹੁਣ ਇਕ ਵਾਰ ਫਿਰ ਮੈਂ ਤੁਹਾਡੇ ਵਿਚਕਾਰ ਹਾਂ, 'ਝਾੜੂ' ਨੂੰ ਵੋਟ ਪਾਉਣ ਲਈ ਕਹਿ ਰਿਹਾ ਹਾਂ, ਇਹ 'ਝਾੜੂ' ਸਿਆਸੀ ਗੰਦਗੀ ਨੂੰ ਸਾਫ਼ ਕਰੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਖ਼ਤਮ ਹੋ ਚੁੱਕਾ ਹੈ, ਕਾਂਗਰਸ ਅਤੇ ਭਾਜਪਾ ਦੇ ਆਗੂ ਅਹੁਦਿਆਂ ਅਤੇ ਟਿਕਟਾਂ ਲਈ ਆਪਸ ਵਿੱਚ ਲੜ ਰਹੇ ਹਨ, ਉਹ ਸਾਰੇ ਪੰਜਾਬ ਵਿੱਚ ‘ਆਪ’ ਸਰਕਾਰ ਦੇ ਦੋ ਸਾਲਾਂ ਦੇ ਕੰਮਾਂ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਹਾਰ ਤੋਂ ਨਾ ਸਿਰਫ਼ ਦੁਖੀ ਹਨ, ਸਗੋਂ ਇਸ ਗੱਲੋਂ ਵੀ ਨਰਾਜ਼ ਹਨ ਕਿ ਆਮ ਪਰਿਵਾਰਾਂ ਦੀਆਂ ਧੀ-ਪੁੱਤਰ ਵਿਧਾਨ ਸਭਾ ਵਿੱਚ ਪਹੁੰਚ ਰਹੇ ਹਨ, ਆਮ ਲੋਕ ਮੁੱਖ ਮੰਤਰੀ, ਮੰਤਰੀ ਅਤੇ ਚੇਅਰਮੈਨ ਬਣ ਗਏ ਹਨ। ਵਿਰੋਧੀ ਧਿਰ ਦੇ ਆਗੂਆਂ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਨਵੀਂ ਕਿਸਮ ਦੀ ਬੇਰੁਜ਼ਗਾਰੀ ਹੋ ਰਹੀ ਹੈ, ਉਨ੍ਹਾਂ ਨੂੰ ਸਿਆਸਤ ਤੋਂ ਸਿਵਾਏ ਕੁਝ ਨਹੀਂ ਪਤਾ ਪਰ ਹੁਣ ਲੋਕਾਂ ਨੇ ਉਨ੍ਹਾਂ ਨੂੰ ਨੇਤਾਵਾਂ ਵਜੋਂ ਨਕਾਰ ਦਿੱਤਾ ਹੈ, ਇਸ ਲਈ ਉਨ੍ਹਾਂ ਨੂੰ ਪਤਾ ਨਹੀਂ ਕੀ ਕਰਨਾ ਚਾਹੀਦਾ ਹੈ।
ਇਸ ਮੌਕੇ 'ਆਪ' ਵਿਧਾਇਕਾਂ ਰੁਪਿੰਦਰ ਸਿੰਘ ਹੈਪੀ (ਬੱਸੀ ਪਠਾਣਾ), ਲਖਬੀਰ ਸਿੰਘ ਰਾਏ (ਫ਼ਤਿਹਗੜ੍ਹ ਸਾਹਿਬ), ਗੁਰਿੰਦਰ ਸਿੰਘ ਗੈਰੀ ਵੜਿੰਗ (ਅਮਲੋਹ), ਤਰੁਨਪ੍ਰੀਤ ਸਿੰਘ ਸੌਂਧ (ਖੰਨਾ), ਜਗਤਾਰ ਸਿੰਘ (ਸਮਰਾਲਾ), ਹਰਦੀਪ ਸਿੰਘ ਮੁੰਡੀਆਂ (ਸਾਹਨੇਵਾਲ) ਅਤੇ ਹਾਕਮ ਸਿੰਘ ਠੇਕੇਦਾਰ (ਰਾਏਕੋਟ) ਵੀ ਹਾਜ਼ਰ ਸਨ।
ਭਗਵੰਤ ਮਾਨ ਨੇ ਕਿਹਾ ਕਿ ਉਹ ਹਰ ਹਲਕੇ ਵਿੱਚ ਚੋਣ ਪ੍ਰਚਾਰ ਕਰਨਗੇ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਪਾਰਟੀ ਸ਼ਹੀਦਾਂ ਦੀ ਧਰਤੀ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਆਪਣੀ ਮੁਹਿੰਮ ਦੀ ਸ਼ੁਰੂਆਤ ਕਰ ਰਹੀ ਹੈ। ਅੰਤ ਵਿੱਚ ਉਨ੍ਹਾਂ ਨੇ ਇੱਕ ਵਾਰ ਫਿਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਆਪ’ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੂੰ ਵੋਟਾਂ ਪਾ ਕੇ ਸ੍ਰੀ ਫ਼ਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਵੱਡੇ ਫ਼ਰਕ ਨਾਲ ਜਿਤਾਉਣ।