ਮੁੜ ਝੂਠੀਆਂ ਗੱਲਾਂ ਰਾਹੀਂ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ: ਮਨੀਸ਼ ਤਿਵਾੜੀ
- ਸੈਕਟਰ-32 ਸੀ ਵਿੱਚ ਜਨ ਸਭਾ ਨੂੰ ਸੰਬੋਧਨ ਕੀਤਾ
ਚੰਡੀਗੜ੍ਹ, 23 ਅਪ੍ਰੈਲ 2024: ਚੰਡੀਗੜ੍ਹ ਲੋਕ ਸਭਾ ਸੀਟ ਤੋਂ ਇੰਡੀਆ ਗਠਜੋੜ ਦੇ ਸਾਂਝੇ ਉਮੀਦਵਾਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸਿਰਫ਼ ਦੇਸ਼ ਦੇ ਲੋਕਾਂ ਨਾਲ ਧੋਖਾ ਕੀਤਾ ਹੈ, ਜੋ ਇਕ ਵਾਰ ਫਿਰ ਝੂਠੀਆਂ ਗੱਲਾਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।
ਇੱਥੋਂ ਦੇ ਸੈਕਟਰ-32 ਸੀ ਵਿਖੇ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ, ਤਿਵਾੜੀ ਨੇ ਕਿਹਾ ਕਿ ਲੋਕਾਂ ਦੇ ਬੈਂਕ ਖਾਤਿਆਂ ਵਿੱਚ 15-15 ਲੱਖ ਰੁਪਏ ਜਮ੍ਹਾਂ ਕਰਵਾਉਣ ਅਤੇ ਹਰ ਸਾਲ 2 ਕਰੋੜ ਨੌਕਰੀਆਂ ਦੇਣ ਵਰਗੇ ਵਾਅਦੇ ਕਰਕੇ ਸੱਤਾ ਵਿੱਚ ਆਈ ਭਾਜਪਾ ਨੇ ਜੁਮਲੇਬਾਜੀ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕੀਤਾ ਹੈ। ਭਾਜਪਾ ਦੇ ਆਗੂਆਂ ਨੂੰ ਜਨਤਾ ਵਿੱਚ ਜਵਾਬ ਦੇਣਾ ਚਾਹੀਦਾ ਹੈ।
ਇਸੇ ਤਰ੍ਹਾਂ, ਸੂਬਾ ਕਾਂਗਰਸ ਪ੍ਰਧਾਨ ਐਚ.ਐਸ ਲੱਕੀ ਨੇ ਕਿਹਾ ਕਿ ਲੋਕਾਂ ਨੂੰ ਹਰ ਵਾਰ ਧੋਖਾ ਨਹੀਂ ਦਿੱਤਾ ਜਾ ਸਕਦਾ। ਹੁਣ ਲੋਕ ਭਾਜਪਾ ਦੀ ਸੱਚਾਈ ਜਾਣ ਚੁੱਕੇ ਹਨ ਅਤੇ ਇਨ੍ਹਾਂ ਦਾ ਸੱਤਾ ਤੋਂ ਬਾਹਰ ਹੋਣਾ ਤੈਅ ਹੈ।
ਜਿੱਥੇ ਹੋਰਨਾਂ ਤੋਂ ਇਲਾਵਾ, ਭਜਨ ਕੌਰ ਮੀਤ ਪ੍ਰਧਾਨ, ਵਿਕਟਰ ਸਿੱਧੂ ਜਨਰਲ ਸਕੱਤਰ, ਬਲਵਿੰਦਰ ਕੌਰ ਬਲਾਕ ਪ੍ਰਧਾਨ, ਹਰਬੰਸ ਸਿੰਘ ਸਰਬਜੀਤ ਸਿੰਘ, ਸਰਵਜੀਤ ਕੌਰ, ਕਵਿਤਾ ਸ਼ਰਮਾ, ਸੁਰਜੀਤ ਕੁਮਾਰ, ਨੀਤੂ ਆਦਿ ਹਾਜ਼ਰ ਸਨ।