ਅੰਮ੍ਰਿਤਸਰ, 18 ਸਤੰਬਰ, 2020 : ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਲਾਪਤਾ ਹੋਣ ਦੇ ਮਾਮਲੇ ਵਿਚ ਅੱਜ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ ਜਿਸ ਮਗਰੋਂ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਦੀ 2016 ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਨੂੰ ਧਾਰਮਿਕ ਸਜ਼ਾ ਸੁਣਾਈ।
ਗਿਆਨੀ ਹਰਪ੍ਰੀਤ ਸਿੰਘ ਕਿਹਾ ਕਿ ਸਾਰੇ ਮੈਂਬਰ ਆਪੋ ਆਪਣੇ ਘਰ ਸਹਿਜ ਪਾਠ ਕਰਨਗੇ। ਜਿਹੜਾ ਆਪ ਪਾਠ ਕਰਨ ਦੀ ਅਵਸਥਾ ਵਿਚ ਨਹੀਂ ਹੈ, ਉਹ ਪਾਠੀ ਸਿੰਘ ਨੂੰ ਸੱਦ ਕੇ ਵੱਧ ਤੋਂ ਵੱਧ ਪਾਠ ਰੋਜ਼ਾਨਾ ਸਰਵਣ ਕਰੇਗਾ। ਇਸਦੇ ਨਾਲ ਹੀ ਜਿੰਨਾ ਚਿਰ ਪਾਠ ਚਲਦਾ ਰਹੇਗਾ, ਉਨਾ ਚਿਰ ਘਰ ਨੇੜਲੇ ਗੁਰਦੁਆਰਾ ਸਾਹਿਬ ਵਿਚ ਰੋਜ਼ਾਨਾ ਵੱਧ ਤੋਂ ਵੱਧ ਸੇਵਾ ਕੀਤੀ ਜਾਵੇਗੀ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਇਹ ਸਾਰੇ ਮੈਂਬਰ ਇਕ ਸਾਲ ਲਈ ਸ਼੍ਰੋਮਣੀ ਕਮੇਟੀ ਵਿਚ ਕੋਈ ਵੀ ਅਹੁਦਾ ਨਹੀਂ ਲੈ ਸਕਣਗੇ ਭਾਵੇਂ ਉਹ ਸਬ ਕਮੇਟੀ ਦੀ ਮੈਂਬਰਸ਼ਿਪ ਹੀ ਕਿਉਂ ਨਾ ਹੋਵੇ। ਸ਼੍ਰੋਮਣੀ ਕਮੇਟੀ ਨੂੰ ਵੀ ਹਦਾਇਤ ਕੀਤੀ ਗਈ ਕਿ ਹੁਕਮ ਦੀ ਤਾਮੀਲ ਕਰਵਾਈ ਜਾਵੇ ਤੇ ਇਹਨਾਂ ਮੈਂਬਰਾਂ ਨੂੰ ਇਕ ਸਾਲ ਲਈ ਕੋਈ ਅਹੁਦਾ ਨਾ ਦਿੱਤਾ ਜਾਵੇ।