- ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਖੇਤੀ ਬਿੱਲਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੇ ਨਾਲ, ਕੇਂਦਰ ਸਰਕਾਰ ਤੇ ਦਬਾਅ ਪਾਉਣ ਲਈ ਕੁਝ ਵੀ ਕਰਨ ਨੂੰ ਤਿਆਰ - ਸੁਖਦੇਵ ਸਿੰਘ ਢੀਂਡਸਾ
- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 267 ਸਰੂਪਾਂ ਦੇ ਮਾਮਲੇ ਵਿੱਚ ਸੁਖਬੀਰ ਬਾਦਲ ਅਤੇ ਸਿੰਘ ਸਾਹਿਬ ਦੇ ਗੁਪਤ ਮੀਟਿੰਗਾਂ ਬਾਰੇ ਸਪੱਸ਼ਟਤਾ ਹੋਵੇ
ਚੰਡੀਗੜ੍ਹ, 16 ਅਕਤੂਬਰ 2020 - ਖੇਤੀ ਬਿੱਲਾਂ ਦੇ ਖਿਲਾਫ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਕਰ ਰਹੇ ਪੰਜਾਬ ਦੇ ਕਿਸਾਨਾਂ ਨਾਲ ਇਕਜੁੱਟਤਾ ਜ਼ਾਹਿਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪਾਰਟੀ ਖੇਤੀ ਬਿੱਲਾਂ ਦੇ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਕੇਂਦਰ ਸਰਕਾਰ ਉੱਤੇ ਇਨ੍ਹਾਂ ਬਿੱਲਾਂ ਨੂੰ ਵਾਪਿਸ ਲੈਣ ਲਈ ਹਰ ਤਰ੍ਹਾਂ ਦਾ ਦਬਾਅ ਬਣਾਉਣ ਲਈ ਕਿਸਾਨਾਂ ਦੀ ਮਦਦ ਕਰਨ ਲਈ ਹਮੇਸ਼ਾ ਹਾਜ਼ਰ ਹੈ।
ਸ਼ੁੱਕਰਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਮੀਡੀਆ ਕਮੇਟੀ ਦੇ ਨੁਮਾਇੰਦਿਆਂ ਦੀ ਮੀਟਿੰਗ ਤੋਂ ਬਾਅਦ ਜਾਰੀ ਪ੍ਰੈਸ ਬਿਆਨ ਰਾਹੀਂ ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਆਪਣੇ ਹਵਾ, ਪਾਣੀ ਅਤੇ ਮਿੱਟੀ ਨੂੰ ਤਬਾਹ ਕਰਕੇ ਹਰੀ ਕ੍ਰਾਂਤੀ ਲਿਆਂਦੀ ਜਿਸ ਨਾਲ ਕਿ ਪੂਰੇ ਦੇਸ਼ ਦਾ ਢਿੱਡ ਭਰਿਆ ਗਿਆ ਪਰੰਤੂ ਸਾਰੀਆਂ ਸਰਕਾਰਾਂ ਨੇ ਹੀ ਪੰਜਾਬ ਦੇ ਕਿਸਾਨਾਂ ਨਾਲ ਮਤਰੇਆ ਸਲੂਕ ਕੀਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਲਿਆਂਦੇ ਗਏ ਇਨ੍ਹਾਂ ਖੇਤੀ ਬਿੱਲਾਂ ਨਾਲ ਪੰਜਾਬ ਸਮੇਤ ਸਮੁੱਚੇ ਦੇਸ਼ ਦੀ ਕਿਸਾਨੀ ਤਬਾਹ ਹੋ ਜਾਵੇਗੀ ਇਸ ਲਈ ਕੇਂਦਰ ਸਰਕਾਰ ਨੂੰ ਤੁਰੰਤ ਇਨ੍ਹਾਂ ਬਿੱਲਾਂ ਨੂੰ ਵਾਪਸ ਲੈਣਾ ਚਾਹੀਦਾ ਹੈ।
ਇਸ ਮੌਕੇ ਬੋਲਦਿਆਂ ਢੀਂਡਸਾ ਨੇ ਕਿਹਾ ਕਿ ਸਾਰੀਆਂ ਹੀ ਰਾਜਸੀ ਪਾਰਟੀਆਂ ਨੇ ਕਿਸਾਨਾਂ ਨਾਲ ਧਰੋਹ ਕਮਾਇਆ ਹੈ ਅਤੇ ਉਹਨਾਂ ਦੀਆਂ ਜ਼ਰੂਰਤਾਂ ਵੱਲ ਕਦੇ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸਰਕਾਰ ਘੱਟੋ ਘੱਟ ਸਮਰਥਨ ਮੁੱਲ ਨੂੰ ਯਕੀਨੀ ਬਣਾ ਕੇ ਹੋਰ ਫ਼ਸਲਾਂ ਨੂੰ ਵੀ ਇਸ ਸ਼੍ਰੇਣੀ ਵਿੱਚ ਸ਼ਾਮਿਲ ਕਰੇ ਤਾਂ ਜੋ ਕਿਸਾਨ ਬਿਨਾਂ ਕਿਸੇ ਫਿਕਰ ਤੋਂ ਆਪਣੀ ਫ਼ਸਲ ਸਰਕਾਰੀ ਰੇਟ ਤੇ ਵੇਚ ਸਕਣ। ਉਨ੍ਹਾਂ ਕਿਹਾ ਕਿ ਵੱਡੇ ਪ੍ਰਾਈਵੇਟ ਅਦਾਰੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਘੱਟ ਮੁੱਲ ਤੇ ਖਰੀਦ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੇ ਹਨ ਜੋ ਫੌਰੀ ਤੌਰ ਤੇ ਰੋਕਣਾ ਚਾਹੀਦਾ ਹੈ। ਢੀਂਡਸਾ ਨੇ ਕਿਹਾ ਕਿ ਸਰਕਾਰ ਇਸ ਗੱਲ ਨੂੰ ਯਕੀਨੀ ਬਣਾਵੇ ਕਿ ਘੱਟੋ ਘੱਟ ਸਮਰਥਨ ਮੁੱਲ ਤੋਂ ਘੱਟ ਰੇਟਾਂ ਉੱਤੇ ਫ਼ਸਲ ਖ਼ਰੀਦਣ ਵਾਲੇ ਵਪਾਰੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 267 ਸਰੂਪਾਂ ਦੇ ਗੁੰਮ ਹੋਣ ਦੇ ਮਾਮਲੇ ਉੱਤੇ ਬੋਲਦਿਆਂ ਢੀਂਡਸਾ ਨੇ ਕਿਹਾ ਕਿ ਇਹ ਅਤਿ ਮੰਦਭਾਗਾ ਹੈ ਕਿ ਸਿੱਖਾਂ ਦੀ ਨੁਮਾਇੰਦਾ ਜਮਾਤ ਹੋਣ ਦਾ ਦਾਅਵਾ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸੰਭਾਲ ਵੀ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਹੁਣ ਵੇਲਾ ਆ ਚੁੱਕਿਆ ਹੈ ਕਿ ਸਿੱਖ ਸੰਗਤ ਬਾਦਲਾਂ ਕੋਲੋਂ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰਕੇ ਧਰਮ ਦੇ ਅਸਲ ਨੁਮਾਇੰਦਿਆਂ ਦੇ ਹੱਥਾਂ ਵਿੱਚ ਵਾਗਡੋਰ ਸੌਂਪੇ ਤਾਂ ਜੋ ਪੰਥ ਨੂੰ ਮੁੜ ਲੀਹਾਂ ਉੱਤੇ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸਿੰਘ ਸਾਹਿਬ ਬਾਦਲ ਟੱਬਰ ਦਾ ਹੱਥ ਠੋਕਾ ਬਣ ਕੇ ਕਾਰਜ ਕਰ ਰਹੇ ਹਨ ਜੋ ਕਿ ਅਤੇ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਗੁੰਮ ਹੋਏ ਸਰੂਪਾਂ ਦੇ ਮਾਮਲੇ ਤੋਂ ਬਾਅਦ ਸੁਖਬੀਰ ਬਾਦਲ ਤੇ ਸਿੰਘ ਸਹਿਬਾਨ ਵਿਚਾਲੇ ਹੋਏ ਗੁਪਤ ਮੀਟਿੰਗ ਦੇ ਵੇਰਵੇ ਵੀ ਜਨਤਕ ਕਰਨੇ ਚਾਹੀਦੇ ਹਨ। ਉਨ੍ਹਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬਿਨਾਂ ਰਾਜਸੀ ਪ੍ਰਭਾਵ ਤੋਂ ਕਾਰਜ ਕਰਨ ਦੀ ਗੁਜਾਰਿਸ਼ ਵੀ ਕੀਤੀ ।
ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਆਗੂ ਬੀਰਦਵਿੰਦਰ ਸਿੰਘ, ਨਿਧੜਕ ਸਿੰਘ ਬਰਾੜ, ਭਾਈ ਮੋਹਕਮ ਸਿੰਘ, ਰਣਧੀਰ ਸਿੰਘ ਰੱਖੜਾ, ਮਾਸਟਰ ਮਿੱਠੂ ਸਿੰਘ ਕਾਹਨਕੇ, ਗੁਰਚਰਨ ਸਿੰਘ ਚੰਨੀ, ਅਮਰਿੰਦਰ ਸਿੰਘ, ਜਸਵੀਰ ਸਿੰਘ ਘੁੰਮਣ ਐਡਵੋਕੇਟ, ਮਨਜੀਤ ਸਿੰਘ ਭੋਮਾ, ਗੁਰਿੰਦਰ ਸਿੰਘ ਬਾਜਵਾ ਅਤੇ ਭੋਲਾ ਸਿੰਘ ਗਿੱਲ ਪੱਤੀ ਵੀ ਮੌਜੂਦ ਸਨ।