ਕਿਵੇਂ ਮਹਿਸੂਸ ਕਰਦੈ ਕਤਲ ਕੀਤੀ ਜੱਸੀ ਦਾ ਪਤੀ
ਦੇਰ ਨਾਲ ਹੀ ਸਹੀ ਇਨਸਾਫ਼਼਼ ਤਾਂ ਮਿਲਿਆ -ਮਿੱਠੂ ਕਾਉਂਕੇ
ਬਲਜੀਤ ਬੱਲੀ
ਜਗਰਾਉਂ , 13 ਦਸੰਬਰ , 2108 : ਏਸ ਅਦਾਲਤ 'ਚ ਬੰਦੇ ਬਿਰਖ ਹੋ ਗਏ ..ਫੈਸਲੇ ਸੁਣਦਿਆਂ, ਸੁਣਦਿਆਂ ਸੁੱਕ ਗਏ ..ਸੁਰਜੀਤ ਪਾਤਰ ਦੀ ਨਜ਼ਮ ਦੀਆਂ ਇਹ ਸਤਰਾਂ ਜੱਸੀ ਕਤਲ ਕੇਸ 'ਚ ਇਨਸਾਫ ਦੀ ਉਡੀਕ ਕਰ ਰਹੇ ਉਸਦੇ ਪਤੀ ਮਿੱਠੂ ਅਤੇ ਉਸਦੇ ਪਰਿਵਾਰ ਤੇ ਐਨ ਢੁਕਦੀਆਂ ਹਨ .
18 ਸਾਲ ਪਹਿਲਾਂ ਸੰਗਰੂਰ ਜ਼ਿਲ੍ਹੇ 'ਚ ਕਤਲ ਕੀਤੀ ਕੈਨੇਡਾ ਦੀ ਪੰਜਾਬੀ ਮੁਟਿਆਰ ਜਸਵਿੰਦਰ ਜੱਸੀ ਦੇ ਪਤੀ ਸੁਖਵਿੰਦਰ ਸਿੰਘ ਉਰਫ਼ ਮਿੱਠੂ ਕਾਉਂਕੇ ਦਾ ਕਹਿਣਾ ਹੈ ਬੇਸ਼ੱਕ ਦੇਰ ਨਾਲ ਹੀ ਸਹੀ , ਉਸਨੂੰ ਅਤੇ ਉਸਦੀ ਸਵਰਗੀ ਪਤਨੀ ਨੂੰ ਇਨਸਾਫ ਮਿਲਣ ਦੀ ਆਸ ਬੱਝੀ ਹੈ .ਉਸਨੇ ਨੇ ਕਿਹਾ ਕਿ ਉਡੀਕ ਬਹੁਤ ਲੰਮੀ ਹੋ ਗਈ , ਉਸਨੂੰ ਅਤੇ ਉਸਦੇ ਪਰਿਵਾਰ ਨੂੰ ਅਨੇਕਾਂ ਮੁਸੀਬਤਾਂ ਅਤੇ ਉਤਰਾਅ -ਚੜ੍ਹਾ ਝੱਲਣੇ ਪਏ ਪਰ ਇਨਸਾਫ ਲਈ ਲੜਨ ਅਤੇ ਉਡੀਕ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਤਾਂ ਨਹੀਂ ਸੀ .
ਕੈਨੇਡਾ ਦੀ ਸੁਪਰੀਮ ਕੋਰਟ ਵੱਲੋਂ ਜੱਸੀ ਦੇ ਆਨਰ ਕਤਲ ਦੇ ਦੋਸ਼ੀਆਂ ( ਜੱਸੀ ਦੀ ਮਾਂ ਅਤੇ ਮਾਮੇ ) ਨੂੰ ਹਵਾਲਗੀ ਸੰਧੀ ਅਧੀਨ ਇੰਡੀਆ ਡੀਪੋਰਟ ਕਰਨ ਦੇ ਕੀਤੇ ਤਾਜ਼ਾ ਫ਼ੈਸਲੇ ਤੇ ਟਿੱਪਣੀ ਕਰਦੇ ਮਿੱਠੂ ਨੇ ਬਾਬੂਸ਼ਾਹੀ ਡਾਟ ਕਾਮ ਨੂੰ ਦੱਸਿਆ ਕਿ ਉਸ ਨੂੰ ਇਹ ਖ਼ਬਰ ਸੁਣ ਕੇ ਕੁਝ ਸੰਤੁਸ਼ਟੀ ਹੋਈ ਹੈ . ਉਸਨੇ ਉਮੀਦ ਜ਼ਾਹਿਰ ਕੀਤੀ ਕਿ ਭਾਰਤੀ ਅਦਾਲਤਾਂ ਵੱਲੋਂ ਇਸ ਕੇਸ 'ਚ ਨਿਆਂ ਕੀਤਾ ਜਾਵੇਗਾ ਅਤੇ ਜੱਸੀ ਦੇ ਕਾਤਲਾਂ ਨੂੰ ਢੁਕਵੀਂ ਸਜ਼ਾ ਮਿਲੇਗੀ .
ਮਿੱਠੂ ਨੇ ਉਸ ਵੇਲੇ ਦੇ ਪੰਜਾਬ ਪੁਲਿਸ ਦੇ ਡੀ ਐਸ ਪੀ ਸਵਰਨ ਸਿੰਘ ਦਾ ਉਚੇਚਾ ਧੰਨਵਾਦ ਕੀਤਾ ਜਿਸ ਨੇ ਕਿ ਇਸ ਕੇਸ ਦੀ ਪੜਤਾਲ ਕੀਤੀ ਅਤੇ ਇਸ ਨੂੰ ਸਿਰੇ ਲਾਇਆ . ਮਿੱਠੂ ਨੇ ਕਿਹਾ ਕਿ ਉਹ ਸਾਰੀ ਉਮਰ ਸਵਰਨ ਸਿੰਘ ਦੇ ਰਿਣੀ ਰਹਿਣਗੇ ਜਿਨ੍ਹਾਂ ਨੇ ਅਨੇਕ ਦਬਾਵਾਂ ਦੇ ਬਾਵਜੂਦ ਸੱਚ ਦਾ ਪੱਲਾ ਨਹੀਂ ਛੱਡਿਆ .
ਮਿੱਠੂ ਅਤੇ ਜੱਸੀ ਦੀ 18 ਵਰ੍ਹੇ ਪੁਰਾਣੀ ਤਸਵੀਰ
ਚੇਤੇ ਰਹੇ ਕਿ ਮੰਗਲਵਾਰ ਨੂੰ ਕੈਨੇਡਾ ਦੀ ਸੁਪਰੀਮ ਕੋਰਟ ਨੇ ਜੱਸੀ ਦੀ ਮਾਂ ਮਲਕੀਤ ਕੌਰ ਸਿੱਧੂ (65 ) ਅਤੇ ਮਾਮੇ ਸੁਰਜੀਤ ਸਿੰਘ ਬਦੇਸ਼ਾ ( 70 ) ਨੂੰ ਇੰਡੀਆ ਡੀਪੋਰਟ ਕਰਨ ਦੇ ਹੁਕਮ ਦਿੱਤੇ ਸਨ ਤਾਂ ਕਿ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਦੇ ਖ਼ਿਲਾਫ਼ ਇੱਥੇ ਦਰਜ ਕਤਲ ਕੇਸ ਦੀ ਕਾਨੂੰਨੀ ਕਾਰਵਾਈ ਹੋ ਸਕੇ .
ਕੈਨੇਡਾ ਸਰਕਾਰ ਵੱਲੋਂ ਸਰਕਾਰੀ ਤੌਰ ਤੇ ਸੂਚਨਾ ਆਉਣ ਤੋਂ ਬਾਅਦ ਪੰਜਾਬ ਪੁਲਿਸ ਦੀ ਟੀਮ ਉਨ੍ਹਾਂ ਦੋਹਾਂ ਨੂੰ ਲੈਣ ਜਾਵੇਗੀ .
Related news links :