ਐੱਸ.ਡੀ.ਐੱਮ. ਜੈਤੋ ਨੇ ਕੀਤਾ ਦਾਨੀ ਸੱਜਣਾਂ ਦਾ ਧੰਨਵਾਦ
ਪ੍ਰਸ਼ਾਸਨ ਵੱਲੋਂ ਹਰ ਰੋਜ 4000 ਲੋਕਾਂ ਨੂੰ ਲੰਗਰ ਮੁਹੱਈਆ ਕਰਵਾਇਆ ਜਾ ਰਿਹਾ ਹੈ-ਡਾ. ਮਨਦੀਪ ਕੌਰ
ਮਨਿੰਦਰਜੀਤ ਸਿੱਧੂ
ਜੈਤੋ, 31 ਮਾਰਚ, 2020 : ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਿੱਥੇ ਸਮੁੱਚੇ ਮੁਲਖ ਵਿੱਚ 14 ਅਪ੍ਰੈਲ ਤੱਕ ਲਾਕ-ਡਾਊਨ ਹੈ ਉੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ 14 ਅਪ੍ਰੈਲ ਤੱਕ ਹੀ ਕਰਫ਼ਿਊ ਦੀ ਮਿਆਦ ਵਧਾ ਦਿੱਤੀ ਹੈ।ਹਾਲਾਂਕਿ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਸਮਾਜਿਕ ਦੂਰੀ ਕਾਇਮ ਰੱਖਣ ਲਈ ਲਾਕ-ਡਾਉਨ ਜਾਂ ਕਰਫ਼ਿਊ ਸਮੇਂ ਦੀ ਨਜਾਕਤ ਅਨੁਸਾਰ ਲਾਜ਼ਮੀ ਹਨ, ਪਰ ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ ਕਰਫ਼ਿਊ ਕਾਰਨ ਲੋਕਾਂ ਦੀਆਂ ਦੁਸ਼ਵਾਰੀਆਂ ਵੀ ਸੱਤ ਅਸਮਾਨੀ ਚੜ੍ਹ ਰਹੀਆਂ ਹਨ। ਮਿਹਨਤਕਸ਼ ਅਤੇ ਗਰੀਬ ਲੋਕਾਂ ਨੂੰ ਪੇਟ ਦੀ ਅੱਗ ਬੁਝਾਉਣ ਲਈ ਭੋਜਨ ਦਾ ਜੁਗਾੜ ਕਰਨਾ ਔਖਾ ਹੋ ਰਿਹਾ ਹੈ। ਅਜਿਹੀ ਹਾਲਤ ਵਿੱਚ ਸੂਬੇ ਦੇ ਹੋਰਨਾਂ ਪਿੰਡਾਂ ਅਤੇ ਸ਼ਹਿਰਾਂ ਵਾਂਗ ਜੈਤੋ ਦੇ ਸਮਾਜਸੇਵੀ ਲੋਕਾਂ ਅਤੇ ਸਮਾਜਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਪ੍ਰਸ਼ਾਸਨ ਗਰੀਬ ਬਸਤੀਆਂ ਵਿੱਚ ਭੋਜਨ ਪਹੁੰਚਾਉਣ ਵਿੱਚ ਲੱਗਿਆ ਹੋਇਆ ਹੈ। ਪ੍ਰਸ਼ਾਸਨ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਲੋਕਾਂ ਦੁਆਰਾ ਦਿੱਤੇ ਜਾ ਰਹੇ ਸਹਿਯੋਗ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਬ-ਡਵੀਜ਼ਨ ਜੈਤੋ ਦੇ ਐੱਸ.ਡੀ.ਐੱਮ. ਡਾ. ਮਨਦੀਪ ਕੌਰ(ਪੀ.ਸੀ.ਐੱਸ) ਨੇ ਦੱਸਿਆ ਕਿ ਜੈਤੋ ਸ਼ਹਿਰ ਦੇ 12 ਇਲਾਕਿਆਂ ਨੂੰ ਇਕਾਂਤਜੋਨ ਘੋਸ਼ਿਤ ਕੀਤਾ ਗਿਆ ਹੈ। ਇਹਨਾਂ ਬਸਤੀਆਂ ਵਿੱਚ ਜਿਆਦਾਤਰ ਵਸੋਂ ਗਰੀਬ ਲੋਕਾਂ ਦੀ ਹੈ। ਇਹਨਾਂ ਬਸਤੀਆਂ ਵਿੱਚ ਹਰ ਰੋਜ ਪ੍ਰਸ਼ਾਸਨ ਵੱਲੋਂ ਦਾਨੀ ਸੱਜਣਾ ਦੇ ਸਹਿਯੋਗ ਨਾਲ ਦਿਨ ਵਿੱਚ ਦੋ ਵਾਰ 4000 ਤੋਂ ਜਿਆਦਾ ਲੋਕਾਂ ਲਈ ਭੋਜਨ ਤਿਆਰ ਕਰਕੇ ਭੇਜਿਆ ਜਾਂਦਾ ਹੈ। ਇਸ ਲੰਗਰ ਲਈ 10 ਕੁਇੰਟਲ ਚੌਲ ਸੁਖਵਿੰਦਰ ਗਰਗ ਬੀ.ਐੱਸ.ਐੱਨ.ਐੱਲ. ਵਾਲਿਆਂ ਵੱਲੋਂ, 5 ਕੁਇੰਟਲ ਚੌਲ ਨਵਕਾਰ ਰਾਈਸ ਮਿੱਲ ਵੱਲੋਂ, 60 ਕਿੱਲੋ ਛੋਲਿਆਂ ਦੀ ਦਾਲ ਮਿੱਠੂ ਬੈਟਰੀ ਹਾਊਸ ਵੱਲੋਂ, 2 ਕੁਇੰਟਲ ਆਟਾ ਬੀ.ਡੀ.ਐੱਚ. ਫਰਮ ਵੱਲੋਂ ਦਾਨ ਕੀਤਾ ਗਿਆ ਹੈ। ਲੰਗਰ ਵਿਵੇਕ ਮਿਸ਼ਨ ਚੈਰੀਟੇਬਲ ਟਰੱਸਟ ਜੈਤੋ ਦੇ ਲੰਗਰ ਹਾਲ ਵਿਖੇ ਤਿਆਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੋ ਵਲੰਟੀਅਰ 14 ਦਿਨ ਲਈ ਆਪਣਾ ਘਰ ਬਾਰ ਛੱਡ ਕੇ ਲੋਕਾਂ ਦੇ ਘਰ ਭੋਜਨ ਪਹੁੰਚਾਉਣ ਦੀ ਸੇਵਾ ਕਰ ਰਹੇ ਹਨ ਉਹਨਾਂ ਦਾ ਵੀ ਪ੍ਰਸ਼ਾਸਨ ਬਹੁਤ ਧੰਨਵਾਦੀ ਹੈ। ਦਾਨੀ ਸੱਜਣਾ ਦੇ ਸਹਿਯੋਗ ਤੋਂ ਇਲਾਵਾ ਸਰਕਾਰ ਪਾਸੋਂ ਮਿਲੇ ਡਿਜਾਸਟਰ ਮੈਨੇਜਮੈਂਟ ਫੰਡ ਵਿੱਚੋਂ ਖਰਚ ਕਰਕੇ ਲੰਗਰ ਦੀ ਸੇਵਾ ਨੂੰ ਚਾਲੂ ਰੱਖਿਆ ਜਾ ਰਿਹਾ ਹੈ। ਇਸ ਮੌਕੇ ਸਬ-ਡਵੀਜ਼ਨ ਜੈਤੋ ਦੇ ਏ.ਐੱਸ.ਪੀ. ਡਾ. ਮਹਿਤਾਬ ਸਿੰਘ, ਨਾਇਬ ਤਹਿਸੀਲਦਾਰ ਮੈਡਮ ਹੀਰਾ ਵੰਤੀ ਆਦਿ ਹਾਜਰ ਸਨ।