ਨਹੀਂ ਦੇਣਗੇ ਸੁਖਬੀਰ ਬਾਦਲ ਅਸਤੀਫ਼ਾ - ਨਾਰਾਜ਼ ਆਗੂਆਂ ਨੂੰ ਨਜ਼ਰ-ਅੰਦਾਜ਼ ਕਰਨ ਦੀ ਰਾਏ ਬਣੀ ਕੋਰ ਕਮੇਟੀ ਚ
ਬਲਜੀਤ ਬੱਲੀ
ਚੰਡੀਗੜ੍ਹ ,29 ਅਕਤੂਬਰ , 2018 : ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਭਾਵੇਂ ਕੱਲ੍ਹ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਸੀ ਅਤੇ ਕਿਹਾ ਸੀ ਕਿ ਜੇਕਰ ਪਾਰਟੀ ਕਹੇਗੀ ਤਾਂ ਉਹ ਪ੍ਰਧਾਨਗੀ ਤੋਂ ਲਾਂਭੇ ਹੋ ਜਾਣਗੇ ਪਰ ਅੱਜ ਪਾਰਟੀ ਦੀ ਇੱਥੇ ਹੋਈ ਕੋਰ ਕਮੇਟੀ ਦੀ ਮੀਟਿੰਗ ਤੋਂ ਇਹ ਸਪੱਸ਼ਟ ਸੰਕੇਤ ਮਿਲ ਗਿਆ ਹੈ ਕਿ ਸੁਖਬੀਰ ਬਾਦਲ ਅਜਿਹਾ ਕੋਈ ਕਦਮ ਨਹੀਂ ਚੁੱਕਣਗੇ .ਨਾ ਹੀ ਇਸ ਮੀਟਿੰਗ ਵਿਚ ਅਜਿਹਾ ਕੋਈ ਸੰਕੇਤ ਦਿੱਤਾ , ਨਾ ਹੀ ਕਿਸੇ ਨੇ ਸੁਖਬੀਰ ਨੂੰ ਅਸਤੀਫ਼ਾ ਦੇਣ ਲਈ ਕਿਹਾ ਅਤੇ ਇਸ ਬਾਰੇ ਕੋਈ ਰਸਮੀ ਚਰਚਾ ਹੋਈ . ਉਲਟਾ ਕੁੱਝ ਕੋਰ ਕਮੇਟੀ ਮੈਂਬਰਾਂ ਨੇ ਨਾਰਾਜ਼ ਹੋਏ ਨੇਤਾਵਾਂ ਦੀ ਖ਼ਿਲਾਫ਼ਤ ਦੀ ਗੱਲਬਾਤ ਸ਼ੁਰੂ ਕੀਤੀ ਅਤੇ ਇਸ ਬਾਰੇ ਬਿਆਨ ਅਧਿਕ ਦੇਣ ਦੀ ਗੱਲ ਕੀਤੀ ਤਾਂ ਸੁਖਬੀਰ ਅਤੇ ਕੁਝ ਹੋਰ ਨੇਤਾਵਾਂ ਵੱਲੋਂ ਇਹ ਕਹਿ ਕੇ ਇਹ ਮਾਮਲਾ ਠੱਪ ਕਰ ਦਿੱਤਾ ਗਿਆ ਕਿ ਜਿਹੜੇ ਖ਼ੁਦ ਹੀ ਛੱਡ ਗਏ ਉਨ੍ਹਾਂ ਬਾਰੇ ਗੱਲ ਚਰਚਾ ਕਰਨ ਦੀ ਲੋੜ ਨਹੀਂ . ਇਸ ਕਿਹਾ ਗਿਆ ਕਿ ਅੱਜ ਇਤਿਹਾਸ ਦੀ ਪੁਸਤਕ ਦੇ ਏਜੰਡੇ ਤੇ ਗੱਲ ਕੀਤੀ ਜਾਵੇ .
ਅਜਿਹੇ ਮਾਝੇ ਦੇ ਤਿੰਨ ਨੇਤਾਵਾਂ ਅਤੇ ਅਸਤੀਫ਼ਾ ਦੇ ਚੁੱਕੇ ਸੁਖਦੇਵ ਸਿੰਘ ਢੀਂਡਸਾ ਨੂੰ ਛੱਡ ਕੇ ਬਾਕੀ ਸਾਰੀ ਕੋਰ ਕਮੇਟੀ ਅਤੇ ਲੀਡਰਸ਼ਿਪ ਦਾ ਵੱਡਾ ਹਿੱਸਾ ਸੁਖਬੀਰ ਬਾਦਲ ਨਾਲ ਖੜ੍ਹਾ ਦਿਖਾਈ ਦਿੰਦਾ ਹੈ . ਕਮੇਟੀ ਦੇ ਬਾਕੀ ਸਾਰੇ ਮੈਂਬਰ ਅੱਜ ਹਜ਼ਾਰ ਵੀ ਸਨ . ਇੰਝ ਲੱਗਦਾ ਸੀ ਜਿਵੇਂ ਕੋਰ ਕਮੇਟੀ ਦੀ ਮੀਟਿੰਗ ਰਾਹੀਂ ਸੁਖਬੀਰ ਇਹ ਦਰਸਾਉਣਾ ਵੀ ਚਾਹੁੰਦੇ ਸਨ ਕਿ ਲੀਡਰਸ਼ਿਪ ਦਾ ਵੱਡਾ ਹਿੱਸਾ ਉਨ੍ਹਾਂ ਦੇ ਨਾਲ ਡਟ ਕੇ ਖੜ੍ਹਾ ਹੈ ਅਤੇ ਜੇਕਰ ਉਹ ਸੁਖਬੀਰ ਦੀ ਲੀਡਰਸ਼ਿਪ ਤੇ ਕਿੰਤੂ -ਪ੍ਰੰਤੂ ਨਹੀਂ ਕਰਦੇ ਤਾਂ ਉਹ ਅਸਤੀਫ਼ਾ ਕਿਉਂ ਦੇਣ .ਕੋਰ ਕਮੇਟੀ ਵਿਚਲੇ ਜਿਹੜੇ ਕੁਝ ਮੈਂਬਰਾਂ ਨਾਲ ਮੈਂ ਗੱਲਬਾਤ ਕੀਤੀ ਉਨ੍ਹਾਂ ਸਭ ਦਾ ਇਹੀ ਪ੍ਰਭਾਵ ਸੀ ਨਾਰਾਜ਼/ਬਾਗ਼ੀ ਨੇਤਾਵਾਂ ਦੀ ਕਾਰਵਾਈ ਦਾ ਬਾਦਲਾਂ ਦੀ ਲੀਡਰਸ਼ਿਪ ਤੇ ਫ਼ਿਲਹਾਲ ਕੋਈ ਅਸਰ ਨਹੀਂ . ਨਾਲੇ ਜਿੰਨਾ ਚਿਰ ਵੱਡੇ ਬਾਦਲ ਦਾ ਹੱਥ ਸੁਖਬੀਰ ਦੇ ਸਿਰ ਤੇ ਉਨ੍ਹਾਂ ਚਿਰ , ਕਿਵੇਂ ਅਜਿਹਾ ਕੋਈ ਕੌਤਿਕ ਵਾਪਰ ਸਕਦਾ ਹੈ .
ਪਾਰਟੀ ਦੇ ਕਹੇ ਤੋਂ ਪ੍ਰਧਾਨਗੀ ਤੋਂ ਪਾਸੇ ਹੋਣ ਦੀ ਪੇਸ਼ਕਸ਼ ਕਰਕੇ ਅਤੇ ਨਾਰਾਜ਼ ਹੋਏ ਸੀਨੀਅਰ ਟਕਸਾਲੀ ਨੇਤਾਵਾਂ ਪ੍ਰਤੀ ਨਰਮ ਅਤੇ ਆਦਰ ਸਤਿਕਾਰ ਵਾਲੀ ਸਿਆਸੀ ਸ਼ਬਦਾਵਲੀ ਦੀ ਵਰਤੋਂ ਕਰ ਕੇ ਸੁਖਬੀਰ ਬਾਦਲ ਨੇ ਪਹਿਲੀ ਵਾਰ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਜਿਹੇ ਮੌਕਿਆਂ ਤੇ ਵਰਤੀ ਜਾਣ ਵਾਲੀ ਸਿਆਸੀ ਚਤੁਰਾਈ ਦਾ ਪੈਂਤੜਾ ਵਰਤਣਾ ਸ਼ੁਰੂ ਕੀਤਾ ਸੀ .ਇਸ ਰਾਜਨੀਤਕ ਸਕਿੱਲ ਅਤੇ ਠਰ੍ਹੰਮਾ ਬਹੁਤ ਚੋਣਵੇਂ ਸਿਆਸਤਦਾਨਾਂ ਕੋਲ ਹੁੰਦਾ ਹੈ ਕਿ ਪਾਰਟੀ ਦੇ ਅੰਦਰਲੇ ਅਤੇ ਬਾਹਰਲੇ ਦੁਸ਼ਮਣਾਂ ਪ੍ਰਤੀ ਅੰਦਰੋਂ ਜਿੰਨੇ ਮਰਜ਼ੀ ਬੇਕਿਰਕ ਹੋ ਜਾਵੋ ਪਰ ਫੇਰ ਵੀ ਮੂੰਹ ਵਿਗਾੜ ਨਾ ਕਰੋ ਅਤੇ ਆਪਣੇ ਅੰਦਰਲੀ ਸਿਆਸੀ ਜ਼ਹਿਰ ਬਾਹਰ ਨਾ ਉਗਲੋ . ਇਸ ਨੂੰ ਕਿਸੇ ਢੁਕਵੇਂ ਸਮੇਂ ਵਰਤਣ ਲਈ ਸੰਭਾਲ ਕੇ ਰੱਖੋ . ਉੱਤੋਂ ਪਲੋਸਣ ਦਾ ਪੈਂਤੜਾ ਅਪਣਾਓ ਪਰ ਕਰੋ ਆਪਣੀ ਮਰਜ਼ੀ .
ਉਂਜ ਮਾਝੇ ਦੇ ਨਾਰਾਜ਼ ਨੇਤਾ ਰਣਜੀਤ ਸਿੰਘ ਬ੍ਰਹਮਪੁਰਾ ਨੇ ਕੱਲ੍ਹ ਹੀ ਕਹਿ ਦਿੱਤਾ ਸੀ ਕਿ ਸੁਖਬੀਰ ਵੱਲੋਂ ਅਸਤੀਫ਼ੇ ਦੀ ਕੀਤੀ ਪੇਸ਼ਕਸ਼ ਦਿਖਾਵਾ ਹੈ .ਕੱਲ੍ਹ ਸੁਖਬੀਰ ਦੇ ਪ੍ਰਧਾਨਗੀ ਛੱਡਣ ਦੀ ਪੇਸ਼ਕਸ਼ ਦਾ ਸਵਾਗਤ ਕਰਕੇ ਸਿਆਸੀ ਅਨਾੜੀ ਪੁਣਾ ਦਿਖਾਉਣ ਵਾਲੇ ਸੇਵਾ ਸਿੰਘ ਸੇਖਵਾਂ ਨੇ ਅੱਜ ਉਹੀ ਨਤੀਜਾ ਕੱਢਿਆ ਹੈ ਕਿ ਸੁਖਬੀਰ ਦੀ ਅਸਤੀਫ਼ੇ ਦੀ ਪੇਸ਼ਕਸ਼ ਡਰਾਮਾ ਹੀ ਸੀ .
29 ਅਕਤੂਬਰ , 2018