ਕੈਨੇਡਾ ਪਹੁੰਚਣ ਵਾਲੇ ਮੁਸਾਫ਼ਰਾਂ ਦਾ ਏਅਰਪੋਰਟ ਤੇ ਹੋਵੇਗਾ ਕੋਵਿਡ-19 ਆਰ ਟੀ ਪੀ.ਸੀ.ਆਰ. ਟੈਸਟ
ਆਪਣੇ ਖਰਚੇ 'ਤੇ ਹੋਟਲ ਵਿਚ ਕੁਆਰੰਟੀਨ ਕਰਨਾ ਪਵੇਗਾ
ਹਰਦਮ ਮਾਨ
ਸਰੀ, 30 ਨਵਰੀ 2021- ਕੈਨੇਡਾ ਵਿਚ ਪਹੁੰਚਣ ਵਾਲੇ ਹਰ ਇਕ ਵਿਦੇਸ਼ੀ ਯਾਤਰੀ ਦਾ ਹੁਣ ਏਅਰਪੋਰਟ 'ਤੇ ਕੋਵਿਡ-19 ਆਰ ਟੀ ਪੀ.ਸੀ.ਆਰ. ਟੈਸਟ ਕੀਤਾ ਜਾਵੇਗਾ ਅਤੇ ਇਸ ਟੈਸਟ ਦਾ ਨਤੀਜਾ ਆਉਣ ਤੱਕ (ਜੋ ਲੱਗਭੱਗ 3 ਦਿਨ ਤੱਕ ਦਾ ਸਮਾਂ ਲੱਗ ਸਕਦਾ ਹੈ) ਯਾਤਰੀਆਂ ਨੂੰ ਆਪਣੇ ਆਪ ਨੂੰ ਆਪਣੇ ਖਰਚੇ 'ਤੇ ਹੋਟਲ ਵਿਚ ਕੁਆਰੰਟੀਨ ਕਰਨਾ ਪਵੇਗਾ।
ਇਹ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਇਸ ਤੋਂ ਬਾਅਦ ਜਿਹੜੇ ਲੋਕਾਂ ਦੇ ਟੈਸਟ ਨਤੀਜੇ ਨੈਗੇਟਿਵ ਆਉਣਗੇ, ਉਹ ਕਿਸੇ ਘਰ ਜਾਂ ਆਪਣੀ ਲੋੜ ਅਨੁਸਾਰ ਜਗ੍ਹਾ 'ਤੇ 14 ਦਿਨ ਲਈ ਕੁਆਰੰਟੀਨ ਕਰ ਸਕਣਗੇ। ਜੇਕਰ ਇਹ ਨਤੀਜੇ ਪਾਜ਼ਿਟਿਵ ਆਉਂਦੇ ਹਨ ਤਾਂ ਸਰਕਾਰ ਵੱਲੋਂ ਸਿਲੈਕਟ ਕੀਤੇ ਸਥਾਨ 'ਤੇ ਕੁਆਰੰਟੀਨ ਕਰਨਾ ਲਾਜ਼ਮੀ ਹੋਵੇਗਾ।
ਇਸੇ ਦੌਰਾਨ ਜਸਟਿਨ ਟਰੂਡੋ ਨੇ ਦੱਸਿਆ ਹੈ ਕਿ ਕੈਨੇਡਾ ਦੇ ਏਅਰ ਕੈਰੀਅਰਜ਼ ਨੇ ਇਸ ਐਤਵਾਰ ਤੋਂ ਕਰੈਬੀਅਨ ਅਤੇ ਮੈਕਸੀਕੋ ਦੀਆਂ ਸੇਵਾਵਾਂ ਰੱਦ ਕਰਨ ਦੀ ਮੰਨਜ਼ੂਰੀ ਦੇ ਦਿੱਤੀ ਹੈ ਅਤੇ ਇਹ ਸੇਵਾਵਾਂ 30 ਅਪ੍ਰੈਲ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਰੱਦ ਕੀਤੀਆਂ ਏਅਰ ਸੇਵਾਵਾਂ ਵਿਚ ਏਅਰ ਕੈਨੇਡਾ, ਵੈਸਟਜੈਟ, ਸਨਵਿੰਗ ਅਤੇ ਏਅਰ ਟਰਾਂਜ਼ੈਟ ਦੀਆਂ ਫਲਾਈਟਸ ਸ਼ਾਮਿਲ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੀਆਂ ਅੰਤਰਰਾਸ਼ਟਰੀ ਫਲਾਈਟਸ ਨੂੰ 4 ਹਵਾਈ ਅੱਡਿਆਂ (ਵੈਨਕੂਵਰ, ਟੋਰਾਂਟੋ, ਕੈਲਗਰੀ ਅਤੇ ਮੌਂਟਰੀਅਲ) 'ਤੇ ਹੀ ਉਤਰਨ ਦੀ ਆਗਿਆ ਹੋਵੇਗੀ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com