ਕੈਲੀਫੋਰਨੀਆਂ ਵਿੱਚ ਕੋਰੋਨਾ ਮੌਤਾਂ ਕਾਰਨ ਏਅਰ ਪਲੂਸ਼ਣ ਏਜੰਸੀ ਨੇ ਹਟਾਈਆਂ ਸਸਕਾਰ ਸੰਬੰਧੀ ਪਾਬੰਦੀਆਂ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆਂ), 20 ਜਨਵਰੀ 2021
ਕੈਲੀਫੋਰਨੀਆਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਵੱਡੀ ਪੱਧਰ ’ਤੇ ਵਾਧਾ ਹੋਇਆ ਹੈ, ਜਿਸ ਨਾਲ ਹਸਪਤਾਲਾਂ,ਮੁਰਦਾ ਘਰਾਂ ਆਦਿ ਵਿੱਚ ਲਾਸ਼ਾਂ ਨੂੰ ਰੱਖਣ ਲਈ ਜਗ੍ਹਾ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਸਾਊਥਲੈਂਡ ਵਿੱਚ ਹਵਾ ਦੀ ਗੁਣਵੱਤਾ ਨੂੰ ਨਿਰਧਾਰਤ ਕਰਨ ਵਾਲੀ ਏਜੰਸੀ ਨੇ ਐਤਵਾਰ ਰਾਤ ਨੂੰ ਇੱਕ ਐਮਰਜੈਂਸੀ ਆਦੇਸ਼ ਜਾਰੀ ਕਰਦਿਆਂ ਰਾਜ ਵਿੱਚ ਸਸਕਾਰ ਸੰਬੰਧੀ ਸੀਮਾ ਨੂੰ ਹਟਾ ਦਿੱਤਾ ਹੈ। ਇਸ ਸੰਬੰਧੀ ਸਾਊਥ ਕੋਸਟ ਏਅਰ ਕੁਆਲਿਟੀ ਮੈਨੇਜਮੈਂਟ ਡਿਸਟ੍ਰਿਕਟ ਨੇ ਇੱਕ ਐਮਰਜੈਂਸੀ ਆਰਡਰ ਨਾਲ ਸ਼ਮਸ਼ਾਨਘਾਟ ਲਈ ਪਰਮਿਟ ਜ਼ਰੂਰਤਾਂ ਨੂੰ ਅਸਥਾਈ ਰੂਪ ਵਿੱਚ ਮੁਅੱਤਲ ਕਰ ਦਿੱਤਾ ਹੈ। ਏਜੰਸੀ ਵੱਲੋਂ ਇਹ ਹੁਕਮ ਲਾਸ ਏਂਜਲਸ ਕਾਉਂਟੀ ਦੇ ਕੋਰੋਨਰ ਦਫਤਰ ਅਤੇ ਐਲ.ਏ. ਕਾਉਂਟੀ ਦੇ ਪਬਲਿਕ ਹੈਲਥ ਵਿਭਾਗ ਦੀ ਬੇਨਤੀ 'ਤੇ ਜਾਰੀ ਕੀਤੇ ਗਏ ਹਨ।ਹਵਾ ਦੀ ਕੁਆਲਟੀ ਦਾ ਪ੍ਰਬੰਧਨ ਕਰਨ ਵਾਲੀ ਇਹ ਏਜੰਸੀ ਹਵਾ ਦੀ ਗੁਣਵੱਤਾ ਦੇ ਨਿਯਮਾਂ ਕਾਰਨ ਹਰ ਮਹੀਨੇ ਸਸਕਾਰਾਂ ਦੀ ਗਿਣਤੀ ਨੂੰ ਨਿਯਮਿਤ ਕਰਦੀ ਹੈ। ਜਦਕਿ ਇਸ ਸਮੇਂ ਮਹਾਂਮਾਰੀ ਨਾਲ ਸਾਰੇ ਖੇਤਰ ਵਿੱਚ ਮੌਤ ਦਰ ਦੁੱਗਣੀ ਹੋ ਗਈ ਹੈ, ਜਿਸ ਕਾਰਨ ਹਸਪਤਾਲਾਂ, ਅੰਤਿਮ ਸਸਕਾਰ ਘਰਾਂ ਉੱਤੇ ਲਾਸ਼ਾਂ ਨੂੰ ਸੰਭਾਲਣ ਲਈ ਦਬਾਅ ਪੈ ਰਿਹਾ ਹੈ। ਅੰਕੜਿਆਂ ਅਨੁਸਾਰ 15 ਜਨਵਰੀ ਤੱਕ, ਹਸਪਤਾਲਾਂ ਅਤੇ ਹੋਰ ਸਹੂਲਤਾਂ ਵਿੱਚ 2,700 ਤੋਂ ਵੱਧ ਲਾਸ਼ਾਂ ਸਟੋਰ ਕੀਤੀਆਂ ਗਈਆਂ ਹਨ ਅਤੇ ਲਾਸ ਏਂਜਲਸ ਕਾਉਂਟੀ ਦੇ ਹਸਪਤਾਲਾਂ ਦੇ ਬਾਹਰ ਪਹਿਲਾਂ ਹੀ ਅਸਥਾਈ ਮੁਰਦਾ ਘਰ ਸਥਾਪਤ ਕੀਤੇ ਗਏ ਹਨ। ਇਸ ਲਈ ਇਕੱਠੀਆਂ ਹੋ ਰਹੀਆਂ ਲਾਸ਼ਾਂ ਦੇ ਨਿਪਟਾਰੇ ਅਤੇ ਜਨਤਕ ਸਿਹਤ ਦੀ ਰੱਖਿਆ ਦੇ ਮੰਤਵ ਨਾਲ ਏ ਕਿਯੂ ਐਮ ਡੀ ਨੇ ਸਸਕਾਰ ਕਰਨ ਦੀ ਸੀਮਾ ਸੰਬੰਧੀ ਪਾਬੰਦੀ ਨੂੰ ਖਤਮ ਕੀਤਾ ਹੈ, ਜਿਸਦੇ ਨਤੀਜੇ ਵਜੋਂ ਹੁਣ ਜ਼ਿਆਦਾ ਲਾਸ਼ਾਂ ਦਾ ਸਸਕਾਰ ਕੀਤਾ ਜਾ ਸਕਦਾ ਹੈ। ਏਜੰਸੀ ਵੱਲੋਂ ਜਾਰੀ ਕੀਤੇ ਗਏ ਇਹ ਆਰਡਰ ਘੱਟੋ ਘੱਟ 10 ਦਿਨਾਂ ਲਈ ਲਾਗੂ ਰਹਿਣਗੇ।