ਵੇਈਂ ਵਿਚੋਂ ਜਲ ਦਾ 'ਚੂਲਾ' ਲੈ ਕੇ ਸੁਭਾਗਾ ਸਮਝ ਰਹੇ ਨੇ ਸ਼ਰਧਾਲੂ
ਲੋਕ ਭਾਵਨਾਵਾਂ ਦੇ ਸਤਿਕਾਰ ਲਈ ਪੰਜਾਬ ਸਰਕਾਰ ਨੇ ਵੇਈਂ ਦੇ ਵਿਕਾਸ 'ਤੇ ਖਰਚੇ 4.96 ਕਰੋੜ
ਚੰਡੀਗੜ੍ਹ/ਸੁਲਤਾਨਪੁਰ ਲੋਧੀ, 7 ਨਵੰਬਰ 2019: ਮੂਲ ਮੰਤਰ ਦੀ ਉਤਪਤੀ ਦਾ ਆਧਾਰ ਪਵਿੱਤਰ ਕਾਲੀ ਵੇਈਂ ਵਿਚ ਸੰਗਤ ਵਲੋਂ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਦਿਹਾੜੇ ਮੌਕੇ ਇਸ਼ਨਾਨ ਕਰਨ ਦਾ ਸੁਪਨਾ ਦਹਾਕਿਆਂ ਬਾਅਦ ਸੰਪੂਰਨ ਹੋ ਗਿਆ ਹੈ। ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਕਾਲੀ ਵੇਂਈ ਵਿਚ ਸੰਗਤ ਦੇ ਇਸ਼ਨਾਨ ਲਈ ਪੁਖਤਾ ਪ੍ਰਬੰਧ ਕਰਨ ਦਾ ਐਲਾਨ ਕੀਤਾ ਗਿਆ, ਜੋ ਹਕੀਕਤ ਵਿਚ ਬਦਲ ਗਿਆ ਹੈ। ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਨਤਮਸਤਕ ਹੋਣ ਆਈ ਸੰਗਤ ਮੱਥਾ ਟੇਕਣ ਤੋਂ ਪਹਿਲਾਂ ਪਵਿੱਤਰ ਵੇਈਂ ਵਿਚ ਇਸ਼ਨਾਨ ਕਰਨ ਤੇ ਚੂਲਾ ਲੈਣ ਨੂੰ ਆਪਣਾ ਸੁਭਾਗ ਸਮਝਦੀ ਹੈ।
ਗੁਰਦੁਆਰਾ ਸ੍ਰੀ ਸੰਤ ਘਾਟ ਤੋਂ ਲੈ ਕੇ ਬੂਸੋਵਾਲ ਮੋੜ ਤੱਕ 4 ਕਿਲੋਮੀਟਰ ਦੇ ਖੇਤਰ ਵਿਚ ਵੇਈਂ ਦੇ ਕੰਢਿਆਂ ਉੱਪਰ ਬਣੇ ਘਾਟਾਂ ਰਾਹੀਂ ਸ਼ਰਧਾਲੂ ਇਸ਼ਨਾਨ ਕਰਕੇ ਆਪਣਾ ਤਨ, ਮਨ ਪਵਿੱਤਰ ਕਰ ਰਹੇ ਹਨ। ਪੰਜਾਬ ਸਰਕਾਰ ਵਲੋਂ ਕੁੱਲ ਲੋਕਾਈ ਦੀ ਸ਼ਰਧਾ ਦੀ ਕੇਂਦਰ ਇਸ ਵੇਈਂ ਦੇ ਕੰਢਿਆਂ ਨੂੰ 4.96 ਕਰੋੜ ਰੁਪੈ ਨਾਲ ਪੱਕਾ ਕਰਕੇ ਮੁਕੇਰੀਆਂ ਹਾਈਡਲ ਤੋਂ ਰੋਜ਼ਾਨਾ 500 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਨਾਲ ਵੇਈਂ ਦਾ ਪਾਣੀ ਨਿਰਮਲ ਹੋ ਗਿਆ ਹੈ।
ਗੁਰਪੁਰਬ ਮੌਕੇ ਮੱਥਾ ਟੇਕਣ ਆਏ ਸ਼ਰਧਾਲੂ ਬਗੀਚਾ ਸਿੰਘ , ਵਾਸੀ ਫਤਿਹਗੜ ਪੰਜਤੂਰ ਨੇ ਕਿਹਾ ਕਿ ਉਹ ਪਿਛਲੇ 21 ਸਾਲ ਤੋਂ ਲਗਾਤਾਰ ਸੁਲਤਾਨਪੁਰ ਲੋਧੀ ਆ ਰਹੇ ਹਨ, ਪਰ ਪਹਿਲੀ ਵਾਰ ਉਨਾਂ ਪਵਿੱਤਰ ਵੇਈਂ ਵਿਚ ਇਸ਼ਨਾਨ ਕੀਤਾ ਹੈ। ਜਿਲਾ ਪ੍ਰਸ਼ਾਸ਼ਨ ਵਲੋਂ ਵੇਈਂ ਕੰਢੇ ਬੀਬੀਆਂ ਦੇ ਇਸ਼ਨਾਨ ਕਰਨ ਲਈ ਵੱਖਰਾ ਪੌਣਾ ਵੀ ਤਿਆਰ ਕੀਤਾ ਗਿਆ ਹੈ।
ਸ਼ਰਧਾਲੂਆਂ ਦੀ ਸਹੂਲਤ ਲਈ ਪੰਜਾਬ ਸਰਕਾਰ ਵਲੋਂ ਵੇਂਈ ਉੱਪਰ ਬਣਾਏ ਗਏ ਦੋ ਹਾਈਲੈਵਲ ਬ੍ਰਿਜ ਵੀ ਸੰਗਤ ਲਈ ਬਹੁਤ ਉਪਯੋਗੀ ਸਾਬਿਤ ਹੋ ਰਹੇ ਹਨ। ਸੰਗਤ ਇਨਾਂ ਪੁਲਾਂ ਰਾਹੀਂ ਮੁੱਖ ਪੰਡਾਲ ਤੋਂ ਸਿੱਧਾ ਵੇਂਈ ਉੱਪਰ ਇਸ਼ਨਾਨ ਕਰਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦਰਸ਼ਨ ਕਰਨ ਜਾ ਰਹੀ ਹੈ।
ਵੇਂਈ ਵਿਚ ਇਸ਼ਨਾਨ ਕਰਨ ਤੇ ਸਮਾਗਮਾਂ ਦੌਰਾਨ ਵੇਂਈ ਦੇ ਕੰਢਿਆਂÝ ਉੱਪਰ ਚੱਲਣ ਵਾਲੀ ਸੰਗਤ ਲਈ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜਿੱਥੇ 4 ਕਿਲੋਮੀਟਰ ਤੱਕ ਦੋਹੀਂ ਪਾਸੀਂ ਰੇਲਿੰਗ ਲਗਾਈ ਗਈ ਹੈ ਉੱਥੇ ਹੀ ਐਨ.ਡੀ.ਆਰ.ਐਫ. ਤੇ ਐਸ.ਡੀ.ਆਰ.ਐਫ. ਦੇ 89 ਦੇ ਤੈਰਾਕ ਤਾਇਨਾਤ ਹਨ ਉੱਥੇ ਹੀ 12 ਵਿਸ਼ੇਸ਼ ਕਿਸ਼ਤੀਆਂ ਵੀ ਕਿਸੇ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਵੇਂਈ ਵਿਚ ਗਸ਼ਤ ਕਰ ਰਹੀਆਂ ਹਨ। ਇਸ ਤੋਂ ਇਲਾਵਾ 12 ਵਾਚ ਟਾਵਰ ਸਥਾਪਿਤ ਕੀਤੇ ਜਾ ਗਏ ਹਨ ਤਾਂ ਜੋ ਦੂਰ ਤੱਕ ਨਿਗਰਾਨੀ ਰੱਖੀ ਜਾ ਸਕੇ।